ਆਈਡੀਬੀਆਈ ਬੈਂਕ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੇ ਤਹਿਤ ਪਾਣੀਪਤ ਦੇ ਜ਼ਿਲ੍ਹਾ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਹਰਿਆਣਾ ਸਿਹਤ ਵਿਭਾਗ ਨੂੰ 2.49 ਕਰੋੜ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਹੈ। ਇਹ ਗ੍ਰਾਂਟ ਅੱਜ ਚੰਡੀਗੜ੍ਹ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੂੰ ਰਸਮੀ ਤੌਰ 'ਤੇ ਸੌਂਪੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਰਾਸ਼ੀ ਦੀ ਵਰਤੋਂ ਹਸਪਤਾਲ ਲਈ ਉੱਨਤ ਮੈਡੀਕਲ ਉਪਕਰਨਾਂ ਦੀ ਖਰੀਦ ਲਈ ਕੀਤੀ ਜਾਵੇਗੀ। ਇਨ੍ਹਾਂ ਵਿੱਚ ਵੈਂਟੀਲੇਟਰ, ਡਿਜੀਟਲ ਐਕਸ-ਰੇ ਮਸ਼ੀਨ, ਅਲਟਰਾਸਾਊਂਡ ਯੂਨਿਟ, ਆਪ੍ਰੇਸ਼ਨ ਥੀਏਟਰ ਟੇਬਲ ਅਤੇ ਮਲਟੀਪੈਰਾ ਮਾਨੀਟਰ ਸ਼ਾਮਲ ਹਨ।
ਇਨ੍ਹਾਂ ਸਹੂਲਤਾਂ ਦੇ ਜੁੜਨ ਨਾਲ ਜ਼ਿਲ੍ਹਾ ਹਸਪਤਾਲ ਪੱਧਰ 'ਤੇ ਡਾਇਗਨੌਸਟਿਕ ਅਤੇ ਕ੍ਰਿਟੀਕਲ ਕੇਅਰ ਸੇਵਾਵਾਂ ਵਿੱਚ ਜ਼ਿਕਰਯੋਗ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਰੋਹਤਕ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵੱਡੇ ਮੈਡੀਕਲ ਸੰਸਥਾਨਾਂ 'ਤੇ ਨਿਰਭਰਤਾ ਘਟੇਗੀ। ਡਾ. ਸੁਮਿਤਾ ਮਿਸ਼ਰਾ ਨੇ ਇਸ ਸਹਿਯੋਗ ਨੂੰ ਜਨਤਕ-ਨਿੱਜੀ ਸਾਝੇਦਾਰੀ (ਪੀਪੀਪੀ) ਦੀ ਇੱਕ ਸ਼ਾਨਦਾਰ ਮਿਸਾਲ ਦੱਸਿਆ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਿਸ਼ਾਨਾ ਸੀਐਸਆਰ ਯਤਨ ਨਾ ਸਿਰਫ਼ ਸਰਕਾਰੀ ਸਿਹਤ ਸੰਸਥਾਵਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਦੇ ਹਨ, ਸਗੋਂ ਸਿੱਧੇ ਤੌਰ 'ਤੇ ਉਨ੍ਹਾਂ ਮਰੀਜ਼ਾਂ ਨੂੰ ਲਾਭ ਪਹੁੰਚਾਉਂਦੇ ਹਨ ਜੋ ਸਰਕਾਰੀ ਸਿਹਤ ਸੇਵਾਵਾਂ 'ਤੇ ਨਿਰਭਰ ਹਨ। ਨਾਲ ਹੀ ਇਹ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮਨਜ਼ੂਰ ਕੀਤੀ ਗਈ ਰਾਸ਼ੀ ਨਾਲ ਵੱਖ-ਵੱਖ ਵਿਭਾਗਾਂ ਵਿੱਚ ਉਪਕਰਨਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ। ਆਰਥੋਪੀਡਿਕ ਵਿਭਾਗ ਨੂੰ ਆਧੁਨਿਕ ਆਪ੍ਰੇਸ਼ਨ ਥੀਏਟਰ ਟੇਬਲ ਮਿਲਣਗੇ, ਜਦੋਂ ਕਿ ਨਵਜੰਮੇ ਬੱਚਿਆਂ ਦੀ ਸੰਭਾਲ ਯੂਨਿਟ ਨੂੰ ਇਨਫੈਂਟ ਵਾਰਮਰ ਨਾਲ ਮਜ਼ਬੂਤ ਕੀਤਾ ਜਾਵੇਗਾ।
ਰੇਡੀਓਲੋਜੀ ਵਿਭਾਗ ਨੂੰ ਹਾਈ-ਐਂਡ ਡਿਜੀਟਲ ਐਕਸ-ਰੇ ਮਸ਼ੀਨ ਮਿਲੇਗੀ ਅਤੇ ਗੰਭੀਰ ਦੇਖਭਾਲ ਸੇਵਾਵਾਂ ਨੂੰ ਵੈਂਟੀਲੇਟਰ ਅਤੇ ਇਨਫਿਊਜ਼ਨ ਪੰਪ ਨਾਲ ਸ਼ਕਤੀਸ਼ਾਲੀ ਬਣਾਇਆ ਜਾਵੇਗਾ। ਸਾਰੇ ਉਪਕਰਨਾਂ 'ਤੇ ਘੱਟੋ-ਘੱਟ ਪੰਜ ਸਾਲ ਦੀ ਵਾਰੰਟੀ ਅਤੇ ਨਿਰਧਾਰਤ ਰੱਖ-ਰਖਾਅ ਦੀ ਸਹੂਲਤ ਉਪਲਬਧ ਹੋਵੇਗੀ, ਜਿਸ ਨਾਲ ਉਨ੍ਹਾਂ ਦੀ ਲੰਬੇ ਸਮੇਂ ਤੱਕ ਵਰਤੋਂ ਯਕੀਨੀ ਹੋਵੇਗੀ।
ਇਹ ਪਹਿਲ ਆਈਡੀਬੀਆਈ ਬੈਂਕ ਦੇ ਪ੍ਰਮੁੱਖ ਸੀਐਸਆਰ ਪ੍ਰੋਗਰਾਮ 'HOPE - Healthcare Outreach and Public Empowerment' ਦੇ ਤਹਿਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਅੰਤਰਗਤ ਵਿੱਤੀ ਸਾਲ 2025-26 ਵਿੱਚ ਹਰਿਆਣਾ ਦੇ 23 ਸਿਹਤ ਸੰਸਥਾਵਾਂ ਨੂੰ ਲਗਭਗ 1 ਕਰੋੜ ਰੁਪਏ ਦੀ ਸੀਐਸਆਰ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਸ ਦਾ ਉਦੇਸ਼ ਘੱਟ ਸਰੋਤਾਂ ਵਾਲੇ ਖੇਤਰਾਂ ਵਿੱਚ ਮੈਡੀਕਲ ਢਾਂਚਾ, ਸਵੱਛਤਾ ਅਤੇ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਵਲ ਹਸਪਤਾਲ, ਪਾਣੀਪਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੀ ਵੱਡੀ ਆਬਾਦੀ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ।
ਆਧੁਨਿਕ ਉਪਕਰਨਾਂ ਦੀ ਉਪਲਬਧਤਾ ਨਾਲ ਮਰੀਜ਼ਾਂ ਨੂੰ ਸਥਾਨਕ ਪੱਧਰ 'ਤੇ ਹੀ ਬਿਹਤਰ ਇਲਾਜ ਮਿਲ ਸਕੇਗਾ, ਜਿਸ ਨਾਲ ਬੇਲੋੜੀ ਯਾਤਰਾ, ਖਰਚੇ ਅਤੇ ਇਲਾਜ ਵਿੱਚ ਦੇਰੀ ਨੂੰ ਘੱਟ ਕੀਤਾ ਜਾ ਸਕੇਗਾ। ਇਹ ਪਹਿਲ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਕਾਰਪੋਰੇਟ ਸਹਝੇਦਾਰੀ ਦਾ ਇੱਕ ਪ੍ਰਭਾਵੀ ਮਾਡਲ ਪੇਸ਼ ਕਰਦੀ ਹੈ।

