Dailyhunt Logo
  • Light mode
    Follow system
    Dark mode
    • Play Story
    • App Story
ਅੰਮ੍ਰਿਤਸਰ ਵਿੱਚ 25 ਕਿੱਲੋ ਹੈਰੋਇਨ ਸਮੇਤ 3 ਕਾਬੂ

ਅੰਮ੍ਰਿਤਸਰ ਵਿੱਚ 25 ਕਿੱਲੋ ਹੈਰੋਇਨ ਸਮੇਤ 3 ਕਾਬੂ

5 Dariya News 3 days ago

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੋਰ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਨਸ਼ਾ ਤਸਕਰੀ ਨੈਟਵਰਕ ਦੇ ਤਿੰਨ ਵਿਅਕਤੀਆਂ ਨੂੰ 25 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਪਿੰਡ ਜੰਡੌਰ (ਹਸ਼ਿਆਰਪੁਰ), ਰਵੀ ਕੁਮਾਰ ਵਾਸੀ ਕਿਰਪਾਲ ਕਲੋਨੀ,ਦਸੂਹਾ (ਹਸ਼ਿਆਰਪੁਰ) ਅਤੇ ਵਿਸ਼ਾਲ ਸਿੰਘ ਵਾਸੀ ਫਤਿਹਪੁਰ, ਅੰਮ੍ਰਿਤਸਰ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਦੋਸ਼ੀਆਂ ਦੀ ਹੁੰਡਈ ਵਰਨਾ ਕਾਰ (ਪੀਬੀ10-ਜੀਐਸ-7779) , ਜੋ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਸੀ, ਨੂੰ ਵੀ ਜ਼ਬਤ ਕੀਤਾ ਹੈ।

ਇਹ ਕਾਰਵਾਈ ਸੀ.ਆਈ. ਅੰਮ੍ਰਿਤਸਰ ਵੱਲੋਂ ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ 13 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਰਹੱਦ ਪਾਰਲੇ ਤਸਕਰ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਸਨ ਅਤੇ ਵੱਖ-ਵੱਖ ਟਿਕਾਣਿਆਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਅੱਗੇ ਪੰਜਾਬ ਭਰ ਵਿੱਚ ਡਿਲੀਵਰ ਕਰ ਰਹੇ ਸਨ।

ਅਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੀ.ਆਈ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਭੁਪਿੰਦਰ ਸਿੰਘ ਅਤੇ ਰਵੀ ਕੁਮਾਰ ਨੇ ਹੈਰੋਇਨ ਦੇ ਵੱਡੇ ਸੌਦੇ ਲਈ ਅੰਮ੍ਰਿਤਸਰ ਦੇ ਪਿੰਡ ਗਿੱਲ ਵਿਖੇ ਮਹਿਤਾ ਰੋਡ 'ਤੇ ਆਪਣੇ ਸਾਥੀ ਵਿਸ਼ਾਲ ਸਿੰਘ ਨੂੰ ਮਿਲਣਾ ਹੈ।ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਨਾਕੇ ਲਗਾਏ ਅਤੇ ਅੰਮ੍ਰਿਤਸਰ ਦੇ ਪਿੰਡ ਗਿੱਲ ਦੀ ਦਾਣਾ ਮੰਡੀ ਨੇੜਿਓਂ ਭੁਪਿੰਦਰ ਸਿੰਘ, ਰਵੀ ਕੁਮਾਰ ਅਤੇ ਵਿਸ਼ਾਲ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।

ਤਲਾਸ਼ੀ ਦੌਰਾਨ ਪੁਲਿਸ ਟੀਮਾਂ ਨੇ ਵਿਸ਼ਾਲ ਸਿੰਘ ਦੇ ਕਬਜ਼ੇ ਵਿੱਚੋਂ 8 ਕਿਲੋ ਹੈਰੋਇਨ, ਜਦ ਕਿ ਭੁਪਿੰਦਰ ਸਿੰਘ ਅਤੇ ਰਵੀ ਕੁਮਾਰ ਦੇ ਕੋਲੋਂ 17 ਕਿਲੋ ਹੈਰੋਇਨ ਬਰਾਮਦ ਕੀਤੀ।ਡੀਜੀਪੀ ਨੇ ਕਿਹਾ ਕਿ ਅਗਲੇ -ਪਿਛਲੇ ਸਬੰਧ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਮਾਮਲੇ ਵਿੱਚ ਸ਼ਾਮਲ ਸਾਰੇ ਕਾਰਕੁੰਨਾਂ ਦੀ ਪਛਾਣ ਕਰਨ ਅਤੇ ਪੂਰੀ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।ਇਸ ਸਬੰਧ ਵਿੱਚ ਐਫਆਈਆਰ ਨੰਬਰ 44 ਮਿਤੀ 07-07-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi