ਅਮੋਲਕ ਸਿੰਘ ਵਿਧਾਇਕ ਜੈਤੋ ਨੇ ਲੋਕਾਂ ਨੂੰ ਜਨਗਣਨਾ-2027 ਤਹਿਤ ਚੱਲ ਰਹੀ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜੇ ਦੇਸ਼ ਦੀ ਤਰੱਕੀ ਅਤੇ ਭਵਿੱਖ ਦੀ ਯੋਜਨਾਬੰਦੀ ਲਈ ਬਹੁਤ ਅਹਿਮ ਹੁੰਦੇ ਹਨ ਅਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਯਕੀਨੀ ਬਣਾਏ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਵੈ-ਗਣਨਾ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਨਾਗਰਿਕ 14 ਮਈ ਤੱਕ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ https://se.census.gov.in/ ਤੇ ਦਰਜ ਕਰ ਸਕਦੇ ਹਨ। ਇਸ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ-ਨਾਲ ਜਨਗਣਨਾ ਦੀ ਪ੍ਰਕਿਰਿਆ ਹੋਰ ਵੀ ਸੁਚੱਜੀ ਬਣੇਗੀ।
ਵਿਧਾਇਕ ਸ. ਅਮੋਲਕ ਸਿੰਘ ਨੇ ਕਿਹਾ ਕਿ ਜਨਗਣਨਾ ਦੇ ਅੰਕੜਿਆਂ ਦੇ ਆਧਾਰ 'ਤੇ ਹੀ ਸਰਕਾਰ ਵੱਲੋਂ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ। ਸਿੱਖਿਆ, ਸਿਹਤ, ਰੁਜ਼ਗਾਰ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਫ਼ੈਸਲਿਆਂ ਵਿੱਚ ਜਨਗਣਨਾ ਦੀ ਅਹਿਮ ਭੂਮਿਕਾ ਹੁੰਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰਨ ਅਤੇ ਮਾਂ-ਬੋਲੀ ਵਾਲੇ ਕਾਲਮ ਵਿੱਚ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਵਜੋਂ ਜ਼ਰੂਰ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ ਅਤੇ ਇਸਦੀ ਸਹੀ ਦਰਜਾਬੰਦੀ ਸਾਡੇ ਵਿਰਸੇ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਜੈਤੋ ਦੇ ਲੋਕ ਹਮੇਸ਼ਾਂ ਸਮਾਜਿਕ ਅਤੇ ਰਾਸ਼ਟਰੀ ਮੁਹਿੰਮਾਂ ਵਿੱਚ ਅੱਗੇ ਰਹੇ ਹਨ ਅਤੇ ਉਮੀਦ ਹੈ ਕਿ ਇਸ ਵਾਰ ਵੀ ਜਨਗਣਨਾ-2027 ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਉਣਗੇ।
ਇਸ ਮੌਕੇ ਰਣਜੀਤ ਸਿੰਘ ਖਹਿਰਾ ਤਹਿਸੀਲਦਾਰਜੈਤੋ ,ਡਾ. ਹਰੀਸ਼ ਚੰਦਰ ਪ੍ਰਧਾਨ ਨਗਰ ਕੌਂਸਲ ਜੈਤੋ, ਗੁਵਿੰਦਰ ਸਿੰਘ ਵਾਲੀਆ ਮੀਤ ਪ੍ਰਧਾਨ ਬਲਾਕ ਸੰਮਤੀ, ਐਡਵੋਕੇਟ ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ,ਨਾਇਬ ਸਿੰਘ ਇੰਸਪੈਕਟਰ ਨਗਰ ਕੌਂਸਲ ਜੈਤੋ, ਸ੍ਰੀ ਪੰਕਜ ਜਿਲ੍ਹਾ ਕੋਆਰਡੀਨੇਟਰ ਜਨਗਣਨਾ ਵਿਭਾਗ, ਜਸਬੀਰ ਜੱਸੀ ਮੀਡੀਆ ਕੋਆਰਡੀਨੇਟਰ ਜਨਗਣਨਾ, ਰੰਗ ਹਰਜਿੰਦਰ ਜਿਲ੍ਹਾ ਮਾਸਟਰ ਟ੍ਰੇਨਰ, ਮੈਡਮ ਮਨਪ੍ਰੀਤ ਕੌਰ, ਗੁਰਦੀਪ ਸਿੰਘ ਤਕਨੀਕੀ ਸਹਾਇਕ ਵੀ ਹਾਜ਼ਰ ਸਨ।

