Dailyhunt Logo
  • Light mode
    Follow system
    Dark mode
    • Play Story
    • App Story
ਬਾਬਾ ਮੱਖਣ ਸ਼ਾਹ ਲਬਾਣਾ ਅਤੇ ਬਾਬਾ ਲੱਖੀ ਸ਼ਾਹ ਬਣਜਾਰਾ ਦਾ ਜੀਵਨ ਤਿਆਗ, ਸੇਵਾ ਅਤੇ ਸਮਰਪਣ ਦੀ ਅਮਰ ਗਾਥਾ - ਨਾਇਬ ਸਿੰਘ ਸੈਣੀ

ਬਾਬਾ ਮੱਖਣ ਸ਼ਾਹ ਲਬਾਣਾ ਅਤੇ ਬਾਬਾ ਲੱਖੀ ਸ਼ਾਹ ਬਣਜਾਰਾ ਦਾ ਜੀਵਨ ਤਿਆਗ, ਸੇਵਾ ਅਤੇ ਸਮਰਪਣ ਦੀ ਅਮਰ ਗਾਥਾ - ਨਾਇਬ ਸਿੰਘ ਸੈਣੀ

5 Dariya News 1 week ago

ਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਾਬਾ ਮੱਖਣ ਸ਼ਾਹ ਲਬਾਣਾ ਅਤੇ ਬਾਬਾ ਲੱਖੀ ਸ਼ਾਹ ਬਣਜਾਰਾ ਸਿਰਫ਼ ਦੋ ਨਾਮ ਨਹੀਂ, ਸਗੋਂ ਸਿੱਖ ਇਤਿਹਾਸ ਅਤੇ ਭਾਰਤੀ ਇਤਿਹਾਸ ਦੇ ਦੋ ਅਮਰ ਅਧਿਆਏ ਹਨ। ਉਨ੍ਹਾਂ ਨੇ ਤਿਆਗ ਨੂੰ ਧਰਮ, ਸੇਵਾ ਨੂੰ ਸੰਸਕਾਰ ਅਤੇ ਬਲੀਦਾਨ ਨੂੰ ਆਪਣੀ ਪਛਾਣ ਬਣਾਇਆ। ਅਜਿਹੀਆਂ ਦੋਵੇਂ ਮਹਾਨ ਸ਼ਖਸੀਅਤਾਂ ਦੇ ਚਰਨਾਂ ਵਿੱਚ ਉਹ ਸ਼ਰਧਾਪੂਰਵਕ ਨਮਨ ਕਰਦੇ ਹਨ।

ਮੁੱਖ ਮੰਤਰੀ ਮੰਗਲਵਾਰ ਨੂੰ ਸੰਤ ਕਬੀਰ ਕੁਟੀਰ ਵਿੱਚ ਆਯੋਜਿਤ 'ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ' ਤਹਿਤ ਬਾਬਾ ਮੱਖਣ ਸ਼ਾਹ ਲਬਾਣਾ ਜੀ ਅਤੇ ਬਾਬਾ ਲੱਖੀ ਸ਼ਾਹ ਬਣਜਾਰਾ ਜੀ ਦੇ ਰਾਜ ਪੱਧਰੀ ਜੈਅੰਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਮ੍ਰਿਤੀ ਚਿੰਨ੍ਹ ਅਤੇ ਸਰੋਪਾ ਭੇਟ ਕਰਕੇ ਸਮਾਜ ਦੇ ਬੁੱਧੀਜੀਵੀਆਂ ਨੇ ਸਵਾਗਤ ਵੀ ਕੀਤਾ।

ਪ੍ਰੋਗਰਾਮ ਦੌਰਾਨ ਬਣਜਾਰਾ ਸਮਾਜ ਦੇ ਨੁਮਾਇੰਦਿਆਂ ਨੇ 6 ਮੰਗਾਂ ਨਾਲ ਸਬੰਧਤ ਮੰਗ ਪੱਤਰ ਵੀ ਸੌਂਪਿਆ, ਜਿਸ 'ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਨਾਲ ਹੀ, ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਪਿਹੋਵਾ ਵਿੱਚ ਮੱਖਣ ਸ਼ਾਹ ਲਬਾਣਾ ਧਰਮਸ਼ਾਲਾ ਲਈ ਦਿੱਤੀ ਗਈ ਜ਼ਮੀਨ ਨਾਲ ਸਬੰਧਤ ਕਾਰਵਾਈ ਤੇਜ਼ੀ ਨਾਲ ਪੂਰੀ ਕੀਤੀ ਜਾਵੇਗੀ, ਉੱਥੇ ਨਿਰਮਾਣ ਆਦਿ ਲਈ ਵੀ ਮੁੱਖ ਮੰਤਰੀ ਨੇ 31 ਲੱਖ ਰੁਪਏ ਦੀ ਰਕਮ ਦਿੱਤੀ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦਤੌਲੀ ਪਿੰਡ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ, ਜਿਸ ਲਈ 31 ਲੱਖ ਰੁਪਏ ਦਿੱਤੇ ਗਏ। ਉਨ੍ਹਾਂ ਨੇ ਬਾਬਾ ਮੱਖਣ ਸ਼ਾਹ ਲਬਾਣਾ ਦੇ ਨਾਮ 'ਤੇ ਕਿਸੇ ਸੰਸਥਾ ਦਾ ਨਾਮ ਰੱਖਣ ਬਾਰੇ ਵੀ ਗੱਲ ਕੀਤੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਂਪੁਰਸ਼ ਕਿਸੇ ਇੱਕ ਜਾਤੀ, ਪੰਥ ਜਾਂ ਸਮਾਜ ਦੇ ਨਹੀਂ ਹੁੰਦੇ, ਸਗੋਂ ਪੂਰੇ ਰਾਸ਼ਟਰ ਦੀ ਸਾਂਝੀ ਵਿਰਾਸਤ ਹੁੰਦੇ ਹਨ।

ਉਨ੍ਹਾਂ ਦੇ ਵਿਚਾਰ, ਸੰਸਕਾਰ ਅਤੇ ਇਤਿਹਾਸ ਸਿਰਫ਼ ਅਤੀਤ ਦੀ ਵਿਰਾਸਤ ਨਹੀਂ, ਸਗੋਂ ਨਵੇਂ ਭਾਰਤ ਅਤੇ ਨਵੇਂ ਯੁੱਗ ਦੀ ਪ੍ਰੇਰਣਾ ਹਨ। ਇਸ ਸੋਚ ਨਾਲ ਸੂਬਾ ਸਰਕਾਰ ਨੇ 'ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ' ਸ਼ੁਰੂ ਕੀਤੀ ਹੈ, ਤਾਂ ਜੋ ਉਨ੍ਹਾਂ ਦੇ ਆਦਰਸ਼ ਅਤੇ ਸੰਦੇਸ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਸਕਣ।

ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਹਰਿਆਣਾ ਵਿੱਚ ਅਜਿਹੀ ਸਰਕਾਰ ਬਣੀ ਹੈ, ਜਿਸ ਨੇ ਮਹਾਂਪੁਰਸ਼ਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ, ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਤਿਆਗ, ਤਪੱਸਿਆ ਅਤੇ ਕੁਰਬਾਨੀਆਂ ਦੇ ਇਤਿਹਾਸ ਨੂੰ ਜਾਣ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਮੱਖਣ ਸ਼ਾਹ ਲਬਾਣਾ ਜੀ ਦਾ ਜਨਮ ਸਾਲ 1619 ਵਿੱਚ ਭਾਈ ਦਾਸਾ ਜੀ ਲਬਾਣਾ ਦੇ ਘਰ ਹੋਇਆ ਸੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਮੁਗਲ ਸ਼ਾਸਨ ਦੇ ਅੱਤਿਆਚਾਰ ਚਰਮ ਸੀਮਾ 'ਤੇ ਸਨ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਚਾਂਦਨੀ ਚੌਕ ਵਿੱਚ ਆਪਣਾ ਬਲੀਦਾਨ ਦਿੱਤਾ, ਤਦ ਡਰ ਦੇ ਮਾਹੌਲ ਵਿੱਚ ਕੋਈ ਵੀ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਛੂਹਣ ਦਾ ਸਾਹਸ ਨਹੀਂ ਕਰ ਰਿਹਾ ਸੀ। ਅਜਿਹੇ ਸਮੇਂ ਵਿੱਚ ਭਾਈ ਲੱਖੀ ਸ਼ਾਹ ਬਣਜਾਰਾ ਅਤੇ ਉਨ੍ਹਾਂ ਦੇ ਪੁੱਤਰ ਨਿਗਾਹੀਆ ਅੱਗੇ ਆਏ।

ਉਹ ਗੁਰੂ ਸਾਹਿਬ ਦੇ ਪਾਰਥਿਵ ਸਰੀਰ ਨੂੰ ਆਪਣੇ ਘਰ ਲੈ ਕੇ ਗਏ ਅਤੇ ਸਨਮਾਨਪੂਰਵਕ ਅੰਤਿਮ ਸੰਸਕਾਰ ਕਰਨ ਲਈ ਆਪਣਾ ਘਰ ਹੀ ਅਗਨੀ ਨੂੰ ਸਮਰਪਿਤ ਕਰ ਦਿੱਤਾ। ਅੱਜ ਦਿੱਲੀ ਸਥਿਤ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਉਨ੍ਹਾਂ ਦੇ ਇਸੇ ਮਹਾਨ ਬਲੀਦਾਨ ਦਾ ਗਵਾਹ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਣਜਾਰਾ-ਲਬਾਣਾ ਸਮਾਜ ਨੇ ਸਦੀਆਂ ਤੱਕ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੰਗਰੇਜ਼ਾਂ ਨੇ ਸਾਲ 1871 ਵਿੱਚ 'ਕ੍ਰਿਮੀਨਲ ਟਰਾਈਬਸ ਐਕਟ' ਬਣਾ ਕੇ ਇਸ ਸਮਾਜ ਨੂੰ ਜਨਮਜਾਤ ਅਪਰਾਧੀ ਐਲਾਨ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਆਇੰਗਰ ਕਮੇਟੀ ਦੀ ਸਿਫਾਰਸ਼ 'ਤੇ 31 ਅਗਸਤ, 1952 ਨੂੰ ਇਸ ਕਲੰਕ ਨੂੰ ਖਤਮ ਕੀਤਾ ਗਿਆ। ਇਸੇ ਕਾਰਨ 31 ਅਗਸਤ ਨੂੰ 'ਵਿਮੁਕਤੀ ਦਿਵਸ' ਵਜੋਂ ਮਨਾਇਆ ਜਾਂਦਾ ਹੈ।

ਸਰਕਾਰ ਵੱਲੋਂ ਅੰਤਯੋਦਯ ਦੇ ਸਿਧਾਂਤ 'ਤੇ ਕੀਤਾ ਜਾ ਰਿਹਾ ਹੈ ਕੰਮ

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਮੱਖਣ ਸ਼ਾਹ ਅਤੇ ਬਾਬਾ ਲੱਖੀ ਸ਼ਾਹ ਦਾ ਜੀਵਨ ਸੇਵਾ, ਸਮਾਨਤਾ ਅਤੇ ਸਮਰਪਣ ਦਾ ਸੰਦੇਸ਼ ਦਿੰਦਾ ਹੈ। ਇਸੇ ਭਾਵਨਾ ਨਾਲ ਸੂਬਾ ਸਰਕਾਰ ਅੰਤਯੋਦਯ ਦੇ ਸਿਧਾਂਤ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਰਾਹੀਂ ਹਰੇਕ ਪਰਿਵਾਰ ਨੂੰ ਪਛਾਣ ਦਿੱਤੀ ਗਈ ਹੈ।

ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 14 ਸ਼ਹਿਰਾਂ ਵਿੱਚ 15,250 ਪਰਿਵਾਰਾਂ ਨੂੰ ਆਵਾਸ ਉਪਲਬਧ ਕਰਵਾਏ ਗਏ ਹਨ। ਮੁੱਖ ਮੰਤਰੀ ਦਿਹਾਤੀ ਆਵਾਸ ਯੋਜਨਾ ਦੇ ਅਧੀਨ 6,300 ਪਰਿਵਾਰਾਂ ਨੂੰ 100-100 ਗਜ਼ ਦੇ ਪਲਾਟ ਅਤੇ ਘਰ ਨਿਰਮਾਣ ਲਈ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 56 ਹਜ਼ਾਰ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਉਪਲਬਧ ਕਰਵਾਏ ਗਏ ਹਨ। ਡਾ. ਭੀਮਰਾਓ ਅੰਬੇਦਕਰ ਆਵਾਸ ਨਵੀਨੀਕਰਨ ਯੋਜਨਾ ਦੇ ਅਧੀਨ ਸਹਾਇਤਾ ਰਕਮ 30 ਹਜ਼ਾਰ ਰੁਪਏ ਤੋਂ ਵਧਾ ਕੇ 80 ਹਜ਼ਾਰ ਰੁਪਏ ਕੀਤੀ ਗਈ ਹੈ ਅਤੇ ਹੁਣ ਤੱਕ 85,815 ਪਰਿਵਾਰਾਂ ਨੂੰ 416 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਉਥਾਨ ਯੋਜਨਾ ਤਹਿਤ 55 ਹਜ਼ਾਰ ਤੋਂ ਵੱਧ ਲੋੜਵੰਦਾਂ ਨੂੰ ਸਵੈ-ਰੁਜ਼ਗਾਰ ਲਈ ਬੈਂਕ ਕਰਜ਼ਾ ਉਪਲਬਧ ਕਰਵਾਇਆ ਗਿਆ ਹੈ। ਦੀਨਦਿਆਲ ਉਪਾਧਿਆਏ ਅੰਤਯੋਦਯ ਪਰਿਵਾਰ ਸੁਰੱਖਿਆ ਯੋਜਨਾ ਰਾਹੀਂ ਪਰਿਵਾਰ ਦੇ ਕਮਾਉਣ ਵਾਲੇ ਮੈਂਬਰ ਦੀ ਮੌਤ ਹੋਣ 'ਤੇ 74,245 ਪਰਿਵਾਰਾਂ ਨੂੰ 2,800 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ 13 ਲੱਖ 43 ਹਜ਼ਾਰ ਪਰਿਵਾਰਾਂ ਨੂੰ ਪ੍ਰਤੀ ਮਹੀਨਾ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ 12ਵੀਂ ਤੱਕ ਮੁਫਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ ਉਪਲਬਧ ਕਰਵਾਈ ਜਾ ਰਹੀ ਹੈ। ਪ੍ਰਤੀਯੋਗੀ ਪ੍ਰੀਖਿਆਵਾਂ ਦੀ ਨਿਸ਼ੁਲਕ ਕੋਚਿੰਗ ਦੇ ਨਾਲ-ਨਾਲ ਡਾ. ਅੰਬੇਦਕਰ ਮੇਧਾਵੀ ਛਾਤਰਵਿਰਤੀ ਯੋਜਨਾ ਤਹਿਤ 8 ਹਜ਼ਾਰ ਤੋਂ 12 ਹਜ਼ਾਰ ਰੁਪਏ ਤੱਕ ਦੀ ਸਾਲਾਨਾ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਅਤੇ ਕੋਸ਼ਿਸ਼ਾਂ ਦਾ ਉਦੇਸ਼ ਹਰੇਕ ਨਾਗਰਿਕ ਨੂੰ ਸਮਾਨ ਮੌਕੇ ਉਪਲਬਧ ਕਰਵਾਉਣਾ ਹੈ। ਉਨ੍ਹਾਂ ਨੇ ਸੱਦਾ ਦਿੱਤਾ ਕਿ ਬਾਬਾ ਮੱਖਣ ਸ਼ਾਹ ਲਬਾਣਾ ਅਤੇ ਬਾਬਾ ਲੱਖੀ ਸ਼ਾਹ ਬਣਜਾਰਾ ਦੀ ਸੇਵਾ, ਸਤਿਨਿਸ਼ਠਾ, ਸਮਰਪਣ ਅਤੇ ਬਲੀਦਾਨ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ "ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ" ਦੇ ਮੰਤਰ ਨਾਲ ਹਰਿਆਣਾ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿੱਚ ਸਹਿਭਾਗੀ ਬਣਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦਾ ਮਾਣ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਸ਼ਰਧਾ ਨਾਲ ਲਿਆ ਜਾਂਦਾ ਹੈ। ਅਮਰੀਕਾ ਅਤੇ ਰੂਸ ਵਰਗੇ ਸ਼ਕਤੀਸ਼ਾਲੀ ਦੇਸ਼ ਵੀ ਭਾਰਤ ਨੂੰ ਸਨਮਾਨ ਨਾਲ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿਕਸਿਤ ਭਾਰਤ ਵੱਲ ਅਗਰਸਰ ਹੈ, ਇਹ ਸਭ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਇੱਛਾ ਸ਼ਕਤੀ ਨਾਲ ਹੋਇਆ ਹੈ, ਕਿਉਂਕਿ ਇਹ ਦੇਸ਼ ਵੀ ਉਹੀ ਹੈ, ਇਹ ਅਧਿਕਾਰੀ ਵੀ ਉਹੀ ਹਨ। ਬਸ, ਮੋਦੀ ਨੇ ਕੰਮ ਕਰਨ ਦੀ ਸੋਚ ਨਾਲ ਦੇਸ਼ ਨੂੰ ਅੱਗੇ ਵਧਾਉਂਦੇ ਹੋਏ ਵਿਵਸਥਾ ਪਰਿਵਰਤਨ ਕਰਨ ਦਾ ਕੰਮ ਕੀਤਾ ਹੈ।

ਇਸ ਦੌਰਾਨ ਬਣਜਾਰਾ ਸਮਾਜ ਦੇ ਪੁਰੋਹਿਤ ਸ੍ਰੀ ਹੁਕਮ ਸਿੰਘ, ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ.ਐਮ. ਪਾਂਡੁਰੰਗ, ਸੂਬਾ ਪ੍ਰਧਾਨ ਸੂਬੇਦਾਰ ਮੇਜਰ ਸ੍ਰੀ ਕਿਸ਼ੋਰੀ ਲਾਲ, ਡੀ.ਐਨ.ਟੀ. ਬੋਰਡ ਚੇਅਰਮੈਨ ਸਰਦਾਰ ਜਸਮੇਰ ਸਿੰਘ ਬਣਜਾਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਭਾਰਤ ਭੂਸ਼ਣ ਭਾਰਤੀ, ਸ੍ਰੀ ਵਿਵੇਕ ਕਾਲੀਆ, ਜਨਰਲ ਸਕੱਤਰ ਸ੍ਰੀ ਪਵਨ ਕੁਮਾਰ, ਉਪ ਪ੍ਰਧਾਨ ਸੂਬੇਦਾਰ ਜਗਦੀਸ਼ ਸਿੰਘ, ਸੋਨੀਪਤ ਜ਼ਿਲ੍ਹਾ ਪ੍ਰਧਾਨ ਸ੍ਰੀ ਦਵਿੰਦਰ ਸਿੰਘ, ਬਾਬਾ ਮੱਖਣ ਸ਼ਾਹ ਲਬਾਣਾ ਭਵਨ ਸੋਸਾਇਟੀ ਪਿਹੋਵਾ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ, ਵਾਈਸ ਚੇਅਰਮੈਨ ਸਰਦਾਰ ਅਵਤਾਰ ਸਿੰਘ, ਸ੍ਰੀ ਰਘੁਬੀਰ ਸਿੰਘ ਮੋਰਥਲੀ, ਕਲਸਾ ਕੁਰੂਕਸ਼ੇਤਰ ਦੇ ਸਰਪੰਚ ਸਰਦਾਰ ਅਮਰੀਕ ਸਿੰਘ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਰਦਾਰ ਮੱਖਣ ਸਿੰਘ ਸਮੇਤ ਸੂਬੇ ਦੇ ਕੋਨੇ-ਕੋਨੇ ਤੋਂ ਆਏ ਲਬਾਣਾ ਅਤੇ ਬਣਜਾਰਾ ਸਮਾਜ ਦੇ ਮੋਜ਼ਿਜ ਲੋਕ ਮੌਜੂਦ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi