ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਵੱਲੋਂ ਦੋ ਰੋਜ਼ਗਾਰ ਯੋਗਤਾ ਹੁਨਰ ਸਿਖਲਾਈ ਵਰਕਸ਼ਾਪ ਦਾ ਆਯੋਜਨ ਸਫ਼ਲਤਾਪੂਰਵਕ ਕੀਤਾ ਗਿਆ। ਇਸ ਦੇ ਨਾਲ ਹੀ ਇਸ ਸਿਖਲਾਈ ਪ੍ਰੋਗਰਾਮ ਦੇ ਤੀਜੇ ਬੈਚ ਦੀ ਵੀ ਸ਼ੁਰੂਆਤ ਕੀਤੀ ਗਈ।
ਛੇ ਦਿਨਾਂ ਤੱਕ ਚੱਲੀਆਂ 40 ਘੰਟਿਆਂ ਦੀਆਂ ਇਨ੍ਹਾਂ ਵਰਕਸ਼ਾਪ ਦਾ ਸੰਚਾਲਨ ਮਹਿੰਦਰਾ ਪ੍ਰਾਈਡ ਕਲਾਸਰੂਮ ਵੱਲੋਂ ਕੀਤਾ ਗਿਆ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਸਿਖਲਾਈ ਦੌਰਾਨ ਇੰਟਰਵਿਊ ਦੀ ਤਿਆਰੀ, ਤਕਨੀਕਾਂ, ਪ੍ਰਭਾਵਸ਼ਾਲੀ ਬਾਇਓਡਾਟਾ ਤਿਆਰ ਕਰਨਾ, ਸੰਚਾਰ ਅਤੇ ਵਿਅਕਤੀਗਤ ਹੁਨਰਾਂ ਦੇ ਵਿਕਾਸ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਹ ਪੂਰਾ ਸਿਖਲਾਈ ਪ੍ਰੋਗਰਾਮ ਨਾਂਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਗਿਆ। ਇਸ ਮੰਤਵ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਂਦੀ ਫਾਊਂਡੇਸ਼ਨ ਵਿਚਕਾਰ ਸਮਝੌਤਾ (ਐੱਮ.ਓ.ਯੂ.) ਵੀ ਕੀਤਾ ਗਿਆ ਹੈ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਅਜਿਹੇ ਹੁਨਰ ਵਿਕਾਸ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਅਕਤੀਤਵ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਲਗਾਤਾਰ ਸਿੱਖਣ ਅਤੇ ਮਿਹਨਤ ਨੂੰ ਆਪਣੀ ਸਫਲਤਾ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਕਿਹਾ ਕਿ ਇਹ ਰੋਜ਼ਗਾਰ ਯੋਗਤਾ ਸਿਖਲਾਈ ਪ੍ਰੋਗਰਾਮ ਉੱਚ ਸਿੱਖਿਆ ਅਤੇ ਕਾਰਪੋਰੇਟ ਖੇਤਰ ਵਿਚਕਾਰਲੇ ਪਾੜੇ ਨੂੰ ਘਟਾਉਂਦਿਆਂ ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਗੁਣਵੱਤਾ ਵਾਲੇ ਰੋਜ਼ਗਾਰ ਲਈ ਲੋੜੀਂਦੇ ਵਿਹਾਰਕ ਹੁਨਰ ਪ੍ਰਦਾਨ ਕਰਨਾ ਇਸ ਪਹਿਲ ਦਾ ਮੁੱਖ ਉਦੇਸ਼ ਹੈ।
ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਦੇ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਪੂਰੀ ਤਰ੍ਹਾਂ ਸਮਰੱਥ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ ਵਿਦਿਆਰਥਣਾਂ ਨੂੰ ਪੇਸ਼ੇਵਰ ਜੀਵਨ ਵਿੱਚ ਸਫਲਤਾਪੂਰਵਕ ਦਾਖ਼ਲ ਹੋਣ ਲਈ ਲੋੜੀਂਦੇ ਵਿਹਾਰਕ ਹੁਨਰਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਉਲੀਕੀਆਂ ਗਈਆਂ ਹਨ।

