ਪੰਜਾਬ ਸਰਕਾਰ ਦੀ ਨੌਜਵਾਨ-ਕੇਂਦਰਿਤ ਅਤੇ ਨਸ਼ਾ ਵਿਰੋਧੀ ਦ੍ਰਿੜ੍ਹ ਨੀਤੀ ਅਧੀਨ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ, ਹਲਕਾ ਫ਼ਰੀਦਕੋਟ ਦੇ ਪਿੰਡ ਸੁੱਖਣਵਾਲਾ ਅਤੇ ਅਰਾਈਆਂਵਾਲਾ ਕਲਾਂ ਵਿਖੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੇਂ ਖੇਡ ਮੈਦਾਨ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੇ ਗਏ। ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਇਹ ਦੋਨੇ ਸਟੇਡੀਅਮ 53.86 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ।
ਵਿਧਾਇਕ ਸ.ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਦੇ ਪਿੰਡਾਂ ਵਿੱਚ ਆਧੁਨਿਕ ਖੇਡ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਇੱਕ ਵਿਸ਼ੇਸ਼ ਅਤੇ ਇਤਿਹਾਸਕ ਪਹਿਲਕਦਮੀ ਤਹਿਤ ਪਹਿਲੇ ਪੜਾਅ ਵਿੱਚ 3,100 ਪਿੰਡਾਂ ਵਿੱਚ ਉੱਚ-ਗੁਣਵੱਤਾ ਵਾਲੇ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅੰਦਰ ਰਹਿੰਦੇ ਨੌਜਵਾਨਾਂ ਨੂੰ ਖੇਡਾਂ ਅੰਦਰ ਆਪਣੀ ਕਲਾ ਵਿਖਾਉਣ ਦਾ ਮੌਕਾ ਦੇ ਰਹੀ ਹੈ ਅਤੇ ਹੁਣ ਉਨ੍ਹਾਂ ਨੂੰ ਤਿਆਰੀ ਕਰਨ ਲਈ ਜ਼ਿਆਦਾ ਦੂਰ ਨਹੀਂ ਜਾਣਾ ਪਵੇਗਾ ਕਿਉਂਕਿ ਸਰਕਾਰ ਵੱਲੋਂ ਹੁਣ ਪਿੰਡਾਂ ਵਿੱਚ ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਦਾ ਪੰਜਾਬ ਸਰਕਾਰ ਵੱਲੋਂ ਫੰਡ ਵੀ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਕਿੱਟਾਂ ਵੀ ਵੰਡੀਆਂ। ਵਿਧਾਇਕ ਸ.ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਪਿੰਡ ਪੱਧਰ 'ਤੇ ਉੱਚ-ਮਿਆਰੀ ਖੇਡ ਢਾਂਚਾ ਖੜ੍ਹਾ ਕਰਨਾ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਮਜ਼ਬੂਤੀ ਦੇਣ ਵੱਲ ਇੱਕ ਕ੍ਰਾਂਤੀਕਾਰੀ ਉਪਰਾਲਾ ਹੈ।
ਉਨ੍ਹਾਂ ਹੋਰ ਕਿਹਾ ਕਿ ਖੇਡ ਮੈਦਾਨ ਸਿਰਫ ਖੇਡਾਂ ਲਈ ਨਹੀਂ, ਸਗੋਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਸਪਿਰਿਟ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦਾ ਮਜ਼ਬੂਤ ਸਾਧਨ ਬਣਨਗੇ। ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਵਿਧਾਇਕ ਸ.ਸੇਖੋਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਇਹ ਖੇਡ ਮੈਦਾਨ ਨੌਜਵਾਨ ਪੀੜ੍ਹੀ ਲਈ ਇੱਕ ਨਵੀਂ ਦਿਸ਼ਾ ਸਾਬਤ ਹੋਣਗੇ।
ਇਸ ਮੌਕੇ ਚੇਅਰਮੈਨ ਸ. ਅਮਨਦੀਪ ਸਿੰਘ ਬਾਬਾ (ਮਾਰਕਿਟ ਕਮੇਟੀ ਫ਼ਰੀਦਕੋਟ), ਚੇਅਰਮੈਨ ਸ. ਸਰਬਜੀਤ ਸਿੰਘ ਬਰਾੜ (ਬਲਾਕ ਸੰਮਤੀ ਫ਼ਰੀਦਕੋਟ), ਚੇਅਰਮੈਨ ਜਗਮੋਹਨ ਸਿੰਘ ਲੱਕੀ ਜੀ, ਗੁਰਪ੍ਰੀਤ ਸਿੰਘ ਧਾਲੀਵਾਲ, ਹਲਕਾ ਸੰਗਠਨ ਇੰਚਾਰਜ, ਪੰਚਾਇਤ ਯੂਨੀਅਨ ਪ੍ਰਧਾਨ ਹਲਕਾ ਫ਼ਰੀਦਕੋਟ, ਸਰਪੰਚ ਸ. ਹਰਜੀਤ ਸਿੰਘ ਬਰਾੜ, ਸ. ਗੁਰਸ਼ਰਨ ਸਿੰਘ ਬਰਾੜ (ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਅਨਮੋਲ ਸਿੰਘ ਸੇਖੋਂ, ਸਿਮਰਤ ਸਿੰਘ, ਸੁਖਮੰਦਰ ਸਿੰਘ ਬੱਬੂ, ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਬਲਰਾਜ ਸਿੰਘ ਬਲਾਕ ਪ੍ਰਧਾਨ ਕਿਸਾਨ ਵਿੰਗ, ਜਤਿੰਦਰ ਸਿੰਘ ਮੈਬਰ ਸਮੇਤ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਬੱਚਿਆਂ ਨੇ ਭਾਗ ਲਿਆ।

