Dailyhunt Logo
  • Light mode
    Follow system
    Dark mode
    • Play Story
    • App Story
"ਜਿੱਥੇ ਸਫਾਈ, ਓਥੇ ਖੁਦਾਈ" ਦੇ ਸੰਦੇਸ਼ ਨਾਲ ਕੋਟਕਪੂਰਾ ਤੋਂ 'ਸਵੱਛ ਸਫਾਈ ਅਭਿਆਨ' ਦੀ ਸ਼ੁਰੂਆਤ

"ਜਿੱਥੇ ਸਫਾਈ, ਓਥੇ ਖੁਦਾਈ" ਦੇ ਸੰਦੇਸ਼ ਨਾਲ ਕੋਟਕਪੂਰਾ ਤੋਂ 'ਸਵੱਛ ਸਫਾਈ ਅਭਿਆਨ' ਦੀ ਸ਼ੁਰੂਆਤ

5 Dariya News 2 weeks ago

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਕੋਟਕਪੂਰਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਅੱਜ 'ਸਵੱਛ ਸਫਾਈ ਅਭਿਆਨ' ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਨਗਰ ਕੌਂਸਲ ਦੇ ਨੁਮਾਇੰਦਿਆਂ, ਕੌਂਸਲਰਾਂ ਅਤੇ ਸਫਾਈ ਸੇਵਕਾਂ ਨਾਲ ਖੁਦ ਸਫਾਈ ਕਰਦਿਆਂ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਹੋਣ ਅਤੇ ਇਸ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਣ ਦਾ ਸੱਦਾ ਦਿੱਤਾ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ "ਜਿੱਥੇ ਸਫਾਈ, ਓਥੇ ਖੁਦਾਈ" ਦਾ ਸੰਦੇਸ਼ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰੱਬ ਦੀ ਹਰ ਥਾਂ ਮੌਜੂਦਗੀ ਨੂੰ ਮਹਿਸੂਸ ਕਰ ਸਕਦੇ ਹਾਂ ਤਾਂ ਉਸ ਦੀ ਬਣਾਈ ਇਸ ਧਰਤੀ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਵੀ ਸਾਡੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਸਵੱਛ ਸਫਾਈ ਅਭਿਆਨ' ਦਾ ਮਕਸਦ ਕੇਵਲ ਕੂੜਾ ਚੁੱਕਣਾ ਨਹੀਂ, ਸਗੋਂ ਲੋਕਾਂ ਦੀ ਸੋਚ ਅਤੇ ਆਦਤਾਂ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ।

ਸਫਾਈ ਸਿਰਫ਼ ਸਰਕਾਰ, ਨਗਰ ਕੌਂਸਲ ਜਾਂ ਸਫਾਈ ਸੇਵਕਾਂ ਦੀ ਜ਼ਿੰਮੇਵਾਰੀ ਨਹੀਂ, ਬਲਕਿ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਕੂੜਾ ਇੱਧਰ-ਉੱਧਰ ਸੁੱਟਣ ਦੀ ਆਦਤ ਨੂੰ ਨਹੀਂ ਬਦਲਦੇ, ਉਦੋਂ ਤੱਕ ਸਫਾਈ ਅਭਿਆਨਾਂ ਦੇ ਸਥਾਈ ਨਤੀਜੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਸਪੀਕਰ ਸ ਸੰਧਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨਾਲ-ਨਾਲ ਗਲੀਆਂ, ਮੁਹੱਲਿਆਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਨੂੰ ਵੀ ਸਾਫ਼ ਰੱਖਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸਫਾਈ ਲਈ ਪ੍ਰੇਰਿਤ ਕਰਨ।

ਉਨ੍ਹਾਂ ਕਿਹਾ ਕਿ ਸਫਾਈ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਹੋਵੇਗੀ ਅਤੇ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ 'ਸਵੱਛ ਸਫਾਈ ਅਭਿਆਨ' ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਨਗਰ ਕੌਂਸਲ ਦੇ ਨੁਮਾਇੰਦਿਆਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੇ ਸਫਾਈ ਸੇਵਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਫਾਈ ਕੀਤੀ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਸਾਡੇ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਲਈ ਅਹਿਮ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਤੇ ਸੇਵਾ ਦਾ ਸਤਿਕਾਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਜਦੋਂ ਜਨਤਕ ਨੁਮਾਇੰਦੇ ਅਤੇ ਸਮਾਜ ਦੇ ਹੋਰ ਜ਼ਿੰਮੇਵਾਰ ਵਿਅਕਤੀ ਖੁਦ ਸਫਾਈ ਸੇਵਕਾਂ ਦੇ ਨਾਲ ਸਫਾਈ ਵਿੱਚ ਹਿੱਸਾ ਲੈਂਦੇ ਹਨ ਤਾਂ ਇਸ ਨਾਲ ਸਮਾਜ ਵਿੱਚ ਇੱਕ ਮਜ਼ਬੂਤ ਅਤੇ ਸਕਾਰਾਤਮਕ ਸੰਦੇਸ਼ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਲੋਕਾਂ ਨੂੰ ਸਿਰਫ਼ ਸਫਾਈ ਲਈ ਪ੍ਰੇਰਿਤ ਹੀ ਨਹੀਂ ਕਰਦੀਆਂ, ਸਗੋਂ ਉਨ੍ਹਾਂ ਵਿੱਚ ਆਪਣੇ ਸ਼ਹਿਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਕੋਟਕਪੂਰਾ ਤੋਂ ਸ਼ੁਰੂ ਕੀਤੀ ਗਈ ਇਹ 'ਸਵੱਛ ਸਫਾਈ ਅਭਿਆਨ' ਸਿਰਫ਼ ਇੱਕ ਸ਼ਹਿਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਨੂੰ ਪੂਰੇ ਪੰਜਾਬ ਵਿੱਚ ਇੱਕ ਲੋਕ ਲਹਿਰ ਦਾ ਰੂਪ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫਾਈ ਦੀ ਜ਼ਿੰਮੇਵਾਰੀ ਖੁਦ ਸੰਭਾਲ ਲਵੇ ਤਾਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦਾ ਟੀਚਾ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ।

ਸਪੀਕਰ ਸ ਸੰਧਵਾਂ ਨੇ ਕਿਹਾ ਕਿ ਸਫਾਈ ਦਾ ਸਿੱਧਾ ਸਬੰਧ ਸਾਡੇ ਸਿਹਤਮੰਦ ਜੀਵਨ ਅਤੇ ਵਾਤਾਵਰਣ ਨਾਲ ਹੈ। ਸਾਫ਼-ਸੁਥਰਾ ਵਾਤਾਵਰਣ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ, ਸਗੋਂ ਲੋਕਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ ਨੂੰ ਵੀ ਬਿਹਤਰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼-ਸੁਥਰਾ ਅਤੇ ਸਿਹਤਮੰਦ ਪੰਜਾਬ ਛੱਡ ਕੇ ਜਾਈਏ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 'ਸਵੱਛ ਸਫਾਈ ਅਭਿਆਨ' ਨੂੰ ਸਿਰਫ਼ ਇੱਕ ਦਿਨ ਦੀ ਗਤੀਵਿਧੀ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਦੀ ਸ਼ੁਰੂਆਤ ਆਪਣੇ ਘਰ ਤੋਂ, ਆਪਣੇ ਮੁਹੱਲੇ ਤੋਂ ਅਤੇ ਆਪਣੇ ਸ਼ਹਿਰ ਤੋਂ ਕਰਨੀ ਹੋਵੇਗੀ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਫਾਈ ਅਭਿਆਨ ਵਿੱਚ ਸ਼ਾਮਲ ਸਫਾਈ ਸੇਵਕਾਂ, ਨਗਰ ਕੌਂਸਲ ਦੇ ਨੁਮਾਇੰਦਿਆਂ, ਅਧਿਕਾਰੀਆਂ, ਕੌਂਸਲਰਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਉਨ੍ਹਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ, ਕੋਟਕਪੂਰਾ ਤੋਂ ਸ਼ੁਰੂ ਹੋਏ ਇਸ 'ਸਵੱਛ ਸਫਾਈ ਅਭਿਆਨ' ਨੂੰ ਪੰਜਾਬ ਭਰ ਵਿੱਚ ਲੋਕ ਲਹਿਰ ਬਣਾਈਏ ਅਤੇ "ਜਿੱਥੇ ਸਫਾਈ, ਓਥੇ ਖੁਦਾਈ" ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਂਦਿਆਂ ਸਾਫ਼-ਸੁਥਰੇ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi