Dailyhunt Logo
  • Light mode
    Follow system
    Dark mode
    • Play Story
    • App Story
ਕੁਲਜੀਤ ਸਿੰਘ ਰੰਧਾਵਾ ਵੱਲੋਂ 66 ਕੇ.ਵੀ. ਹਰੀਪੁਰ ਕੂੜਾ ਗਰਿੱਡ ਵਿਖੇ ਨਵੇਂ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਦਾ ਲੋਕ ਅਰਪਣ

ਕੁਲਜੀਤ ਸਿੰਘ ਰੰਧਾਵਾ ਵੱਲੋਂ 66 ਕੇ.ਵੀ. ਹਰੀਪੁਰ ਕੂੜਾ ਗਰਿੱਡ ਵਿਖੇ ਨਵੇਂ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਦਾ ਲੋਕ ਅਰਪਣ

5 Dariya News 6 days ago

ਡੇਰਾਬੱਸੀ ਹਲਕੇ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ 66 ਕੇ.ਵੀ. ਹਰੀਪੁਰ ਕੂੜਾ ਗਰਿੱਡ ਵਿਖੇ 3.35 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਨਵੇਂ 20 ਐਮ.ਵੀ.ਏ., 66/11 ਕੇ.ਵੀ. ਪਾਵਰ ਟਰਾਂਸਫਾਰਮਰ ਦਾ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਲਈ ਨਿਰੰਤਰ ਕਾਰਜ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਵਿਧਾਇਕ ਰੰਧਾਵਾ ਨੇ ਕਿਹਾ ਕਿ ਗਰਿੱਡ ਵਿਖੇ ਪਹਿਲਾਂ ਤੋਂ ਮੌਜੂਦ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਦੇ ਨਾਲ ਇੱਕ ਹੋਰ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਸਥਾਪਤ ਹੋਣ ਨਾਲ ਗਰਿੱਡ ਦੀ ਕੁੱਲ ਟਰਾਂਸਫਾਰਮੇਸ਼ਨ ਸਮਰੱਥਾ 20 ਐਮ.ਵੀ.ਏ. ਤੋਂ ਵੱਧ ਕੇ 40 ਐਮ.ਵੀ.ਏ. ਹੋ ਗਈ ਹੈ। ਇਸ ਨਾਲ ਖੇਤਰ ਵਿੱਚ ਮੌਜੂਦਾ ਅਤੇ ਭਵਿੱਖ ਵਿੱਚ ਵਧ ਰਹੀ ਬਿਜਲੀ ਦੀ ਮੰਗ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਨਵੇਂ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਮੌਜੂਦਾ ਟਰਾਂਸਫਾਰਮਰ ਉੱਤੇ ਪੈਣ ਵਾਲਾ ਲੋਡ ਘਟੇਗਾ, ਜਿਸ ਨਾਲ ਇਸ ਦੀ ਕਾਰਗੁਜ਼ਾਰੀ ਹੋਰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਬਣੇਗੀ। ਇਸ ਦੇ ਨਾਲ ਹੀ 11 ਕੇ.ਵੀ. ਫੀਡਰਾਂ 'ਤੇ ਲੱਗਣ ਵਾਲੇ ਰੋਟੇਸ਼ਨਲ ਪਾਵਰ ਕੱਟਾਂ ਵਿੱਚ ਮਹੱਤਵਪੂਰਨ ਕਮੀ ਆਵੇਗੀ ਅਤੇ ਖਪਤਕਾਰਾਂ ਨੂੰ ਵਧੇਰੇ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਵੋਲਟੇਜ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਜਿਸ ਦਾ ਸਿੱਧਾ ਲਾਭ ਘਰੇਲੂ, ਵਪਾਰਕ, ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਵਧੀ ਹੋਈ ਸਮਰੱਥਾ ਭਵਿੱਖ ਵਿੱਚ ਨਵੇਂ ਬਿਜਲੀ ਕੁਨੈਕਸ਼ਨਾਂ, ਉਦਯੋਗਿਕ ਵਿਕਾਸ ਅਤੇ ਵਧਦੇ ਲੋਡ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਵੀ ਸਹਾਇਕ ਸਾਬਤ ਹੋਵੇਗੀ।

ਵਿਧਾਇਕ ਨੇ ਕਿਹਾ ਕਿ ਜੇਕਰ ਕਿਸੇ ਇੱਕ ਟਰਾਂਸਫਾਰਮਰ ਵਿੱਚ ਮੁਰੰਮਤ ਜਾਂ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਦੂਜਾ ਟਰਾਂਸਫਾਰਮਰ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖੇਗਾ, ਜਿਸ ਨਾਲ ਪੂਰੇ ਬਿਜਲੀ ਵੰਡ ਪ੍ਰਣਾਲੀ ਦੀ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਟਰਾਂਸਫਾਰਮਰਾਂ ਉੱਤੇ ਲੋਡ ਘੱਟ ਹੋਣ ਕਾਰਨ ਤਕਨੀਕੀ ਘਾਟਾਂ ਵਿੱਚ ਕਮੀ ਆਵੇਗੀ ਅਤੇ ਉਪਕਰਣਾਂ ਦੀ ਕਾਰਜਕੁਸ਼ਲਤਾ ਅਤੇ ਉਮਰ ਵਿੱਚ ਵੀ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਬਿਜਲੀ ਖੇਤਰ ਵਿੱਚ ਕੀਤੇ ਜਾ ਰਹੇ ਅਜਿਹੇ ਵਿਕਾਸ ਕਾਰਜ ਖੇਤਰ ਦੇ ਸਮੁੱਚੇ ਆਰਥਿਕ ਅਤੇ ਉਦਯੋਗਿਕ ਵਿਕਾਸ ਨੂੰ ਹੋਰ ਗਤੀ ਪ੍ਰਦਾਨ ਕਰਨਗੇ। ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੇ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ, ਸੰਬੰਧਿਤ 66 ਕੇ.ਵੀ. ਅਤੇ 11 ਕੇ.ਵੀ. ਬੇਅ, ਪ੍ਰੋਟੈਕਸ਼ਨ ਸਿਸਟਮ, ਸਿਵਲ ਵਰਕ, ਇੰਸਟਾਲੇਸ਼ਨ, ਟੈਸਟਿੰਗ ਅਤੇ ਕਮਿਸ਼ਨਿੰਗ ਦੇ ਸਾਰੇ ਕੰਮ ਸ਼ਾਮਲ ਹਨ।

ਇਸ ਮੌਕੇ ਕੌਂਸਲਰ ਕਿਰਨ ਪਤਨੀ ਮਾਸਟਰ ਕਰਮ ਸਿੰਘ, ਨਰੇਸ਼ ਉਪਨੇਜਾ ਸਮੇਤ ਪਿੰਡ ਵਾਸੀ ਤੇ ਅਧਿਕਾਰੀ ਮੌਜੂਦ ਰਹੇ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi