Dailyhunt Logo
  • Light mode
    Follow system
    Dark mode
    • Play Story
    • App Story
ਮਾਨ ਆਪ ਦਾ ਪੱਕਾ ਅਤੇ ਆਦਤਨ ਝੂਠਾ ਵਿਅਕਤੀ: ਅਮਰਿੰਦਰ ਸਿੰਘ ਰਾਜਾ ਵੜਿੰਗ

ਮਾਨ ਆਪ ਦਾ ਪੱਕਾ ਅਤੇ ਆਦਤਨ ਝੂਠਾ ਵਿਅਕਤੀ: ਅਮਰਿੰਦਰ ਸਿੰਘ ਰਾਜਾ ਵੜਿੰਗ

5 Dariya News 1 week ago

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਦਿਆਂ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਇੱਕ ਪੱਕਾ ਅਤੇ ਆਦਤਨ ਝੂਠਾ ਵਿਅਕਤੀ ਕਰਾਰ ਦਿੱਤਾ ਹੈ, ਜਿਹੜੇ ਇਨਕਾਰ, ਧੋਖੇ ਅਤੇ ਝੂਠ 'ਤੇ ਟਿੱਕੇ ਹੋਏ ਹਨ। ਵੜਿੰਗ ਮੁੱਖ ਮੰਤਰੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਪੇਪਰ ਲੀਕ ਨਾ ਹੋਣ ਦੇ ਦਾਅਵੇ 'ਤੇ ਪ੍ਰਤੀਕਿਰਿਆ ਦੇ ਰਹੇ ਸਨ।

ਇਸ ਲੜੀ ਹੇਠ, ਅੱਜ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਸੰਸਦ ਵਿੱਚ ਪ੍ਰੀਖਿਆਵਾਂ ਨਾਲ ਸੰਬੰਧਤ ਨਵੇਂ ਕਾਨੂੰਨ ਦੇ ਪਾਸ ਹੋਣ ਦੇ ਮੌਕੇ ਪੇਪਰ ਲੀਕ ਦੇ ਵਿਰੋਧ ਵਿੱਚ ਮੁੜ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਅਤੇ ਡਾ. ਧਰਮਵੀਰ ਗਾਂਧੀ ਸ਼ਾਮਲ ਸਨ।

ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਬੇਸ਼ਰਮੀ ਨਾਲ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਫਾਰਮਾਸਿਸਟ ਭਰਤੀ ਪ੍ਰੀਖਿਆ ਅਤੇ 12ਵੀਂ ਦੇ ਅੰਗਰੇਜ਼ੀ ਪੇਪਰ ਲੀਕ ਵਰਗੀਆਂ ਘਟਨਾਵਾਂ ਅਜੇ ਵੀ ਲੋਕਾਂ ਦੀ ਯਾਦ ਵਿੱਚ ਤਾਜ਼ਾ ਹਨ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਜੇਕਰ ਮਾਨ ਇਹ ਸਮਝਦੇ ਹਨ ਕਿ ਇੱਕੋ ਝੂਠ ਨੂੰ 100 ਵਾਰ ਬੋਲ ਕੇ ਉਹ ਉਸਨੂੰ ਸੱਚ ਸਾਬਤ ਕਰ ਦੇਣਗੇ, ਤਾਂ ਉਹ ਵੱਡੀ ਭੁੱਲ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੱਚ ਤੋਂ ਇਨਕਾਰ ਕਰਨਾ ਤੁਹਾਨੂੰ ਜ਼ਿੰਮੇਵਾਰੀ ਤੋਂ ਨਹੀਂ ਬਚਾ ਸਕਦਾ।

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗੱਲ ਬਿਲਕੁਲ ਸਪੱਸ਼ਟ ਹੈ। ਜਿਵੇਂ ਕੇਂਦਰ ਵਿੱਚ ਪੇਪਰ ਲੀਕ ਦੇ ਮਾਮਲੇ 'ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ ਹੈ, ਉਸੇ ਤਰ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਝੂਠ ਬੋਲ ਕੇ ਸੰਬੰਧਿਤ ਮੰਤਰੀ ਨੂੰ ਬਚਾਅ ਨਹੀਂ ਸਕਦੀ।

ਵੜਿੰਗ ਨੇ ਕਿਹਾ ਕਿ ਆਪਣੀਆਂ ਤਨਖਾਹਾਂ ਦੀ ਮੰਗ ਕਰ ਰਹੇ ਮਨਰੇਗਾ ਵਰਕਰਾਂ ਨਾਲ ਸਰਕਾਰ ਨੇ ਬਹੁਤ ਹੀ ਬੇਰਹਿਮੀ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਮਨਰੇਗਾ ਕਰਮਚਾਰੀਆਂ ਨੂੰ ਵੀ ਗੁੰਮਰਾਹ ਕਰ ਰਹੀ ਹੈ ਅਤੇ ਉਨ੍ਹਾਂ ਦੇ ਰੈਗੂਲਰਾਈਜ਼ੇਸ਼ਨ ਦੇ ਮੁੱਦੇ ਨੂੰ ਕੇਂਦਰ ਸਰਕਾਰ ਵੱਲ ਧੱਕ ਕੇ ਅਸਲ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਆਪ ਸਰਕਾਰ ਮਨਰੇਗਾ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸੱਚਮੁੱਚ ਗੰਭੀਰ ਹੈ, ਤਾਂ ਉਹ ਕੇਂਦਰ ਸਰਕਾਰ ਨੂੰ ਪੱਤਰ ਕਿਉਂ ਲਿਖ ਰਹੀ ਹੈ, ਜਦਕਿ ਕੇਂਦਰ ਕੋਲ ਇਸ ਸਬੰਧੀ ਕੋਈ ਰੈਗੂਲਰਾਈਜ਼ੇਸ਼ਨ ਨੀਤੀ ਹੀ ਨਹੀਂ ਹੈ।

ਵੜਿੰਗ ਨੇ ਕਿਹਾ ਕਿ ਪੇਪਰ ਲੀਕ ਅਤੇ ਮਨਰੇਗਾ ਵਰਕਰਾਂ ਦੇ ਰੈਗੂਲਰਾਈਜ਼ੇਸ਼ਨ, ਦੋਵੇਂ ਹੀ ਮੁੱਦਿਆਂ ਉੱਪਰ ਆਪ ਸਰਕਾਰ ਇਨਕਾਰ ਅਤੇ ਧੋਖੇ ਦੀ ਨੀਤੀ ਅਪਣਾ ਰਹੀ ਹੈ, ਜਿਹੜੀ ਉਸਦੀ ਸਰਕਾਰ ਚਲਾਉਣ ਦੀ ਮੁੱਖ ਨੀਤੀ ਬਣ ਚੁੱਕੀ ਹੈ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi