Sunday, 24 Jan, 10.14 pm 5 Dariya News

ਕਾਂਗਰਸ
ਮਾਨਸਾ ਵਿਖੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦਾ ਆਗਾਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਦੇ 1.74 ਲੱਖ ਸਿਹਤ ਕਾਮਿਆਂ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤੇ ਜਾਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸ਼ੁਰੂਆਤੀ ਸਮਾਗਮ 'ਚ ਸ਼ਮੂਲੀਅਤ ਕੀਤੀ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਵਿਖੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਜ਼ਿਲ੍ਹੇ ਵਿੱਚ ਪਹਿਲਾਂ ਤੋਂ ਜਾਰੀ ਕੋਵਿਡ ਸੈਂਪਲਿੰਗ ਪ੍ਰਕਿਰਿਆ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਸਵੈ ਇੱਛਾ ਨਾਲ ਸਭ ਤੋਂ ਪਹਿਲਾ ਟੀਕਾ ਲਗਵਾਇਆ। ਇਸ ਮੌਕੇ ਵਿਧਾਇਕ ਸ. ਮਾਨਸ਼ਾਹੀਆ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸੂਬੇ ਭਰ ਵਿੱਚ ਸਿਹਤ ਕਾਮਿਆਂ ਦੁਆਰਾ ਨਿਭਾਈਆਂ ਗਈਆਂ ਸਿਹਤ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਸੂਬਾ ਵਾਸੀ ਕੋਵਿਡ ਤੋਂ ਬਚਾਅ ਲਈ ਸਿਹਤ ਸਲਾਹਾਂ ਦੀ ਪਾਲਣਾ ਕਰਕੇ ਮਾਰੂ ਸਿੱਟਿਆਂ ਤੋਂ ਸੁਰੱਖਿਅਤ ਹੋ ਸਕੇ ਹਨ। ਸ. ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਪਹਿਲੇ ਪੜਾਅ ਤਹਿਤ 3160 ਵੈਕਸੀਨ ਪ੍ਰਾਪਤ ਹੋਏ ਹਨ ਜਿਸ ਵਿੱਚੋਂ ਅੱਜ ਇਹ ਵੈਕਸੀਨ 100 ਹੈਲਥ ਕੇਅਰ ਵਰਕਰਾਂ ਜਿਨ੍ਹਾਂ ਵਿੱਚ ਡਾਕਟਰ, ਫਾਰਮੇਸੀ ਅਫ਼ਸਰ, ਸਟਾਫ਼ ਨਰਸਾਂ, ਏ.ਐਨ.ਐਮਜ਼, ਵਾਰਡ ਸਹਾਇਕ ਅਤੇ ਸਫ਼ਾਈ ਸੇਵਕਾਂ ਨੂੰ ਲਗਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਸਬੰਧੀ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪਹਿਲਾਂ ਹੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਟੀਕਾਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ, ਬਜ਼ੁਰਗ (50 ਸਾਲ ਤੋਂ ਵੱਧ ਉਮਰ ਵਾਲੇ) ਵਾਲੀ ਆਬਾਦੀ ਤਰਜੀਹੀ ਸਮੂਹ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਸਬੰਧੀ ਮੁਹਿੰਮ ਦਾ ਵੀ ਆਗਾਜ਼ ਕੀਤਾ ਗਿਆ ਅਤੇ ਮਾਨਸਾ ਵਿਖੇ ਵਿਧਾਇਕ ਸ਼੍ਰੀ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਅਤੇ ਸ਼੍ਰੀ ਮੋਫ਼ਰ ਸਮੇਤ ਹੋਰ ਸ਼ਖਸੀਅਤਾਂ ਵੱਲੋਂ ਜ਼ਿਲ੍ਹੇ ਦੇ ਕੁਝ ਲਾਭਪਾਤਰੀਆਂ ਨੂੰ ਰਸਮੀ ਤੌਰ 'ਤੇ ਇਨ੍ਹਾਂ ਡਿਪੂਆਂ ਦੀਆਂ ਅਲਾਟਮੈਂਟ ਸਬੰਧੀ ਸਰਟੀਫਿਕੇਟ ਜਾਰੀ ਕੀਤੇ। ਸਰਕਾਰ ਵੱਲੋਂ ਡਿੱਪੂ ਲਾਇਸੰਸ ਧਾਰਕਾਂ ਰਾਹੀਂ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਅਨਾਜ ਦੀ ਵੰਡ ਈ ਪੋਸ ਮਸ਼ੀਨਾਂ ਰਾਹੀਂ ਕਰਵਾਈ ਜਾਂਦੀ ਹੈ। ਇਸ ਮੌਕੇ ਯੂਥ ਆਗੂ ਸ਼੍ਰੀ ਚੁਸ਼ਪਿੰਦਰਵੀਰ ਸਿੰਘ, ਪ੍ਰਧਾਨ ਨਗਰ ਪੰਚਾਇਤ ਭੀਖੀ ਸ਼੍ਰੀ ਵਿਨੋਦ ਸਿੰਗਲਾ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਡੀ.ਐਫ.ਐਸ.ਸੀ ਸ਼੍ਰੀਮਤੀ ਮਧੂ, ਸ਼੍ਰੀ ਤਰੁਨ ਸਿੰਘ ਪੰਨੂ , ਐਸ.ਐਮ.ਓ ਡਾ. ਹਰਚੰਦ ਸਿੰਘ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੰਜੀਵ ਓਬਰਾਏ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: 5 Dariya News Punjabi
Top