ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਤੇਲੰਗਾਨਾ ਰਾਜ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਪ੍ਰਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੰਦੇ ਹੋਏ ਕਹਾ ਕਿ 'ਵਿਕਸਿਤ ਭਾਰਤ 2047' ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਲੰਗਾਨਾ ਅਤੇ ਹਰਿਆਣਾ ਦੋਵੇਂ ਰਾਜ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਰਾਜਪਾਲ ਅੱਜ ਇੱਥੇ ਹਰਿਆਣਾ ਲੋਕ ਭਵਨ ਵਿੱਚ ਤੇਲੰਗਾਨਾ ਸਥਾਪਨਾ ਦਿਵਸ ਦੇ ਉਪਲਕਸ਼ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਅਧਿਕਾਰੀਆਂ ਅਤੇ ਤੇਲੰਗਾਨਾ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ 'ਤੇ ਸੀਨੀਅਰ ਅਧਿਕਾਰੀਆਂ ਸਮੇਤ ਹਰਿਆਣਾ ਵਿੱਚ ਰਹਿ ਰਹੇ ਤੇਲੰਗਾਨਾ ਭਾਈਚਾਰੇ ਦੇ ਮੈਂਬਰ ਮੌਜ਼ੂਦ ਸਨ। ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ 2 ਜੂਨ, 2014 ਨੂੰ ਤੇਲੰਗਾਨਾ ਰਾਜ ਦਾ ਗਠਨ ਲੱਖਾਂ ਲੋਕਾਂ ਦੀਆਂ ਲੋਕਤੰਤਰੀ ਇੱਛਾਵਾਂ ਦੀ ਪੂਰਤੀ ਦਾ ਇੱਕ ਇਤਿਹਾਸਕ ਪਲ ਸੀ।
ਸਥਾਪਨਾ ਤੋਂ ਬਾਅਦ, ਤੇਲੰਗਾਨਾ ਦੇਸ਼ ਦੇ ਸਭ ਤੋਂ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਰਾਜਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ ਅਤੇ ਖੇਤੀਬਾੜੀ, ਸੂਚਨਾ ਤਕਨਾਲੋਜੀ, ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੇਵਾਵਾਂ ਅਤੇ ਉਦਯੋਗਿਕ ਵਿਕਾਸ ਦੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੇ ਲੋਕਾਂ ਦੀ ਮਿਹਨਤ, ਨਵੀਨਤਾ ਅਤੇ ਮਜਬੂਤ ਇਰਾਦੇ ਨੇ ਰਾਜ ਨੂੰ ਦੇਸ਼ ਦੀ ਆਰਥਿਕ ਪ੍ਰਗਤੀ ਅਤੇ ਤਕਨੀਕੀ ਵਿਕਾਸ ਵਿੱਚ ਮੋਹਰੀ ਯੋਗਦਾਨ ਪਾਉਣ ਵਾਲਿਆਂ ਵਿੱਚ ਸ਼ਾਮਲ ਕਰ ਦਿੱਤਾ ਹੈ।
ਤੇਲੰਗਾਨਾ ਦੀ ਵਿਕਾਸ ਯਾਤਰਾ ਨਾ ਸਿਰਫ਼ ਪ੍ਰੇਰਨਾਦਾਇਕ ਹੈ, ਸਗੋਂ ਇਹ ਭਾਰਤ ਦੀ ਲੋਕਤੰਤਰੀ ਅਤੇ ਸੰਘੀ ਪ੍ਰਣਾਲੀ ਦੀ ਮਜ਼ਬੂਤੀ ਨੂੰ ਵੀ ਦਰਸਾਉਂਦੀ ਹੈ। ਹਰਿਆਣਾ ਅਤੇ ਤੇਲੰਗਾਨਾ ਦਰਮਿਆਨ ਮਜ਼ਬੂਤ ਸਬੰਧਾਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਭੂਗੋਲਿਕ ਦੂਰੀ ਦੇ ਬਾਵਜੂਦ ਦੋਵੇਂ ਰਾਜ ਸੰਮਿਲਿਤ ਵਿਕਾਸ, ਕਿਸਾਨਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਹਰ ਨਾਗਰਿਕ ਦੀ ਉੱਨਤੀ ਅਤੇ ਪ੍ਰਗਤੀ ਦੇ ਸਾਂਝੇ ਉਦੇਸ਼ ਨਾਲ ਜੁੜੇ ਹੋਏ ਹਨ। ਪ੍ਰੋ. ਅਸੀਮ ਕੁਮਾਰ ਘੋਸ਼ ਨੇ ਭਰੋਸਾ ਪ੍ਰਗਟਾਇਆ ਕਿ ਤੇਲੰਗਾਨਾ ਦੇ ਲੋਕ ਭਵਿੱਖ ਵਿੱਚ ਵੀ ਨਵੀਆਂ ਪ੍ਰਾਪਤੀਆਂ ਹਾਸਲ ਕਰਦੇ ਰਹਿਣਗੇ ਅਤੇ ਰਾਸ਼ਟਰ ਦੀ ਪ੍ਰਗਤੀ, ਖੁਸ਼ਹਾਲੀ ਅਤੇ ਗੌਰਵ ਵਿੱਚ ਆਪਣਾ ਅਮੁੱਲ ਯੋਗਦਾਨ ਪਾਉਂਦੇ ਰਹਿਣਗੇ।
ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਸੂਚਨਾ ਕਮਿਸ਼ਨਰ ਸ੍ਰੀ ਟੀ.ਵੀ.ਐਸ.ਐਨ. ਪ੍ਰਸਾਦ, ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਦਰੂ, ਵਧੀਕ ਪੁਲਿਸ ਮਹਾਨਿਰਦੇਸ਼ਕ (ਮਨੁੱਖੀ ਅਧਿਕਾਰ ਅਤੇ ਮੁਕੱਦਮੇਬਾਜ਼ੀ) ਡਾ. ਸੀ.ਐਸ. ਰਾਓ, ਵਧੀਕ ਪੁਲਿਸ ਮਹਾਨਿਰਦੇਸ਼ਕ, ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ, ਡਾ. ਐਮ. ਰਵੀ ਕਿਰਨ, ਰਾਜਪਾਲ ਦੇ ਸਕੱਤਰ ਸ੍ਰੀ ਵਿਜੇਕੁਮਾਰ ਭਾਵਿਕੱਟੀ, ਰਾਜਪਾਲ ਦੇ ਏ.ਡੀ.ਸੀ. ਸ੍ਰੀ ਧੀਰਜ ਸੇਤੀਆ ਅਤੇ ਸ੍ਰੀ ਪੀ. ਭਰਤ, ਹੋਰ ਸੀਨੀਅਰ ਅਧਿਕਾਰੀ ਅਤੇ ਹਰਿਆਣਾ ਵਿੱਚ ਰਹਿ ਰਹੇ ਤੇਲੰਗਾਨਾ ਭਾਈਚਾਰੇ ਦੇ ਹੋਰ ਮੈਂਬਰ ਮੌਜ਼ੂਦ ਸਨ।

