ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਬੁੱਧਵਾਰ ਨੂੰ ਪਾਣੀਪਤ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਭਾਰਤੀ ਸੰਤ ਪਰੰਪਰਾ ਦੇ ਮਹਾਨ ਸੰਤ, ਸਮਾਜ ਸੁਧਾਰਕ, ਕਵੀ ਅਤੇ ਨਿਰਗੁਣ ਭਗਤੀ ਅੰਦੋਲਨ ਦੇ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਅਜਿਹੇ ਸਮੇਂ ਵਿੱਚ ਸਮਾਜ ਨੂੰ ਪ੍ਰੇਮ, ਸਮਾਨਤਾ, ਭਾਈਚਾਰੇ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ, ਜਦੋਂ ਜਾਤੀ-ਪਾਤੀ, ਛੂਤ-ਛਾਤ ਅਤੇ ਸਮਾਜਿਕ ਭੇਦਭਾਵ ਆਪਣੇ ਸਿਖਰ 'ਤੇ ਸੀ।
ਸੰਤ ਰਵਿਦਾਸ ਨੇ ਆਪਣੇ ਜੀਵਨ ਅਤੇ ਬਾਣੀ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਉਨ੍ਹਾਂ ਦੇ ਵਿਚਾਰ ਅੱਜ ਵੀ ਉੱਨੇ ਹੀ ਪ੍ਰਸੰਗਿਕ ਹਨ, ਜਿੰਨੇ ਉਨ੍ਹਾਂ ਦੇ ਸਮੇਂ ਵਿੱਚ ਸਨ। ਉਨ੍ਹਾਂ ਦੱਸਿਆ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਦੀ ਪਵਿੱਤਰ ਕਲਸ਼ ਯਾਤਰਾ ਵਾਰਾਣਸੀ ਤੋਂ ਸ਼ੁਰੂ ਹੋਈ ਹੈ ਅਤੇ ਦੇਸ਼ ਦੇ ਸੰਗਠਨ ਵਜੋ 27 ਜ਼ਿਲ੍ਹਿਆਂ ਵਿੱਚੋਂ ਲੰਘ ਰਹੀ ਹੈ।
ਇਹ ਯਾਤਰਾ ਸਿਰਫ਼ ਧਾਰਮਿਕ ਆਯੋਜਨ ਨਹੀਂ ਹੈ, ਸਗੋਂ ਸੰਤ ਰਵਿਦਾਸ ਜੀ ਦੇ ਵਿਚਾਰਾਂ, ਸਮਾਜਿਕ ਸਦਭਾਵਨਾ, ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਇੱਕ ਰਾਸ਼ਟਰੀ ਮੁਹਿੰਮ ਹੈ। ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਯਾਤਰਾ ਜਿੱਥੇ-ਜਿੱਥੇ ਪਹੁੰਚ ਰਹੀ ਹੈ, ਉੱਥੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਇਹ ਪਵਿੱਤਰ ਕਲਸ਼ ਯਾਤਰਾ ਗੁਰੂਗ੍ਰਾਮ ਦੇ ਸਰਹੌਲ ਬਾਰਡਰ 'ਤੇ ਪਹੁੰਚੇਗੀ, ਜਿੱਥੇ ਸੂਬੇ ਦੇ ਸੀਨੀਅਰ ਨੇਤਾਵਾਂ, ਸੰਤ ਸਮਾਜ ਅਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਕਲਸ਼ ਨੂੰ ਗੁਰੂਗ੍ਰਾਮ ਸਥਿਤ ਸ੍ਰੀ ਸ਼ੀਤਲਾ ਮਾਤਾ ਮੰਦਰ ਵਿੱਚ ਸਥਾਪਿਤ ਕੀਤਾ ਜਾਵੇਗਾ, ਜਿੱਥੇ ਸ਼ਰਧਾਲੂ ਦਰਸ਼ਨ ਅਤੇ ਪੂਜਾ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਇਹ ਯਾਤਰਾ ਸ਼ਰਧਾਲੂਆਂ ਦੀ ਸਾਲਾਂ ਪੁਰਾਣੀ ਆਸਥਾ ਨੂੰ ਸਨਮਾਨ ਦੇਣ ਦੇ ਨਾਲ-ਨਾਲ ਸਮਾਜ ਵਿੱਚ ਆਪਸੀ ਭਾਈਚਾਰੇ ਅਤੇ ਸਮਾਜਿਕ ਏਕਤਾ ਨੂੰ ਵੀ ਮਜ਼ਬੂਤ ਕਰੇਗੀ। ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੰਤਾਂ ਅਤੇ ਮਹਾਂਪੁਰਖਾਂ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਨਿਰੰਤਰ ਕੰਮ ਕਰ ਰਹੀ ਹੈ।
ਇਸੇ ਲੜੀ ਵਿੱਚ ਕੁਰੂਕਸ਼ੇਤਰ ਦੇ ਉਮਰੀ ਵਿੱਚ ਲਗਭਗ 5 ਏਕੜ ਜ਼ਮੀਨ 'ਤੇ 124 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਧਾਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਹ ਧਾਮ ਆਉਣ ਵਾਲੀਆਂ ਪੀੜ੍ਹੀਆਂ ਲਈ ਆਤਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੇਰਣਾ ਦਾ ਮਹੱਤਵਪੂਰਨ ਕੇਂਦਰ ਬਣੇਗਾ।
ਇੱਥੇ ਸੰਤ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੇ ਦਰਸ਼ਨ ਅਤੇ ਸਮਾਜਿਕ ਸੰਦੇਸ਼ ਨੂੰ ਵਿਆਪਕ ਤੌਰ 'ਤੇ ਸੁਰੱਖਿਅਤ ਅਤੇ ਪ੍ਰਸਾਰਿਤ ਕੀਤਾ ਜਾਵੇਗਾ। ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਸੂਬਾਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੇ ਪ੍ਰੇਮ, ਸਮਾਨਤਾ, ਭਾਈਚਾਰੇ, ਸੇਵਾ, ਸਮਾਜਿਕ ਨਿਆਂ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ।
ਉਨ੍ਹਾਂ ਦੱਸਿਆ ਕਿ ਸੰਤ ਰਵਿਦਾਸ ਦਾ ਜਨਮ ਲਗਭਗ 15ਵੀਂ ਸਦੀ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਨੇੜੇ ਸੀਰ ਗੋਵਰਧਨਪੁਰ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸੰਤੋਕ ਦਾਸ (ਰਘੂ) ਅਤੇ ਮਾਤਾ ਦਾ ਨਾਮ ਕਰਮਾ ਦੇਵੀ ਸੀ। ਉਨ੍ਹਾਂ ਨੇ ਆਪਣੇ ਜੀਵਨ ਤੋਂ ਇਹ ਸਿੱਧ ਕੀਤਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋਂ ਮਨੁੱਖ ਦੀ ਮਹਾਨਤਾ ਉਸ ਦੇ ਵਿਚਾਰਾਂ, ਕਰਮਾਂ ਅਤੇ ਸੇਵਾ ਭਾਵਨਾ ਨਾਲ ਤੈਅ ਹੁੰਦੀ ਹੈ।
ਮੰਤਰੀ ਨੇ ਕਿਹਾ ਕਿ ਸੰਤ ਰਵਿਦਾਸ ਜੀ ਦੀ ਬਾਣੀ ਵਿੱਚ ਪ੍ਰੇਮ, ਕਰੁਣਾ, ਬਰਾਬਰਤਾ ਅਤੇ ਮਨੁੱਖੀ ਕਲਿਆਣ ਦੀ ਭਾਵਨਾ ਸਾਫ਼ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ ਪ੍ਰਮਾਤਮਾ ਤੱਕ ਪਹੁੰਚਣ ਦਾ ਮਾਰਗ ਸਿਰਫ਼ ਸੱਚੇ ਕਰਮ, ਨਿਮਰਤਾ ਅਤੇ ਨਿਸ਼ਕਾਮ ਭਗਤੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਬਾਹਰੀ ਦਿਖਾਵੇ ਛੱਡ ਕੇ ਸੱਚ, ਸੇਵਾ ਅਤੇ ਸਦਾਚਾਰ ਦਾ ਮਾਰਗ ਅਪਣਾਉਣ ਦੀ ਪ੍ਰੇਰਣਾ ਦਿੱਤੀ। ਸ਼੍ਰੀ ਪੰਵਾਰ ਨੇ ਕਿਹਾ ਕਿ 20 ਫਰਵਰੀ ਨੂੰ ਸੰਤ ਰਵਿਦਾਸ ਜੀ ਦੀ ਜਯੰਤੀ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜੋ ਅੱਗੇ ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਨੇ ਬੇਗਮਪੁਰਾ ਨਾਮ ਦੇ ਇੱਕ ਆਦਰਸ਼ ਸਮਾਜ ਦੀ ਪਰਿਕਲਪਨਾ ਕੀਤੀ ਸੀ।
ਬੇਗਮਪੁਰਾ ਦਾ ਅਰਥ ਹੈ ਅਜਿਹਾ ਨਗਰ, ਜਿੱਥੇ ਕੋਈ ਦੁੱਖ, ਡਰ, ਅਨਿਆਂ, ਭੇਦਭਾਵ, ਟੈਕਸ ਜਾਂ ਸ਼ੋਸ਼ਣ ਨਾ ਹੋਵੇ। ਉੱਥੇ ਸਾਰੇ ਲੋਕ ਬਰਾਬਰ ਅਧਿਕਾਰਾਂ ਨਾਲ ਸਨਮਾਨਪੂਰਵਕ ਅਤੇ ਸੁੱਖਪੂਰਵਕ ਜੀਵਨ ਬਤੀਤ ਕਰਨ। ਉਨ੍ਹਾਂ ਕਿਹਾ ਕਿ ਅੱਜ ਵੀ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਚਰਚਾ ਹੁੰਦੀ ਹੈ ਤਾਂ ਸੰਤ ਰਵਿਦਾਸ ਜੀ ਦੀ ਬੇਗਮਪੁਰਾ ਦੀ ਪਰਿਕਲਪਨਾ ਸਭ ਤੋਂ ਵੱਡੀ ਪ੍ਰੇਰਣਾ ਵਜੋਂ ਸਾਹਮਣੇ ਆਉਂਦੀ ਹੈ। ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਸੰਤ ਰਵਿਦਾਸ ਦੇ ਪ੍ਰਸਿੱਧ ਬਚਨਾਂ ਦਾ ਵੀ ਵਰਨਣ ਕੀਤਾ।

