Dailyhunt Logo
  • Light mode
    Follow system
    Dark mode
    • Play Story
    • App Story
ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਤੰਬਾਕੂ- ਰਹਿਤ ਦਿਵਸ

ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਤੰਬਾਕੂ- ਰਹਿਤ ਦਿਵਸ

5 Dariya News 4 days ago

ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਸਬੰਧ 'ਚ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਰਗਰਮੀਆਂ ਕੀਤੀਆਂ ਗਈਆਂ। ਸਿਹਤ ਕਾਮਿਆਂ ਨੇ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ। ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੇ ਤੰਬਾਕੂ ਦਾ ਸੇਵਨ ਨਾ ਕਰਨ ਸਬੰਧੀ ਅਹਿਦ ਲਿਆ।

ਆਪਣੇ ਸੰਬੋਧਨ 'ਚ ਡਾ. ਸੰਗੀਤਾ ਜੈਨ ਨੇ ਆਖਿਆ ਕਿ ਸਿਗਰਟ, ਬੀੜੀ, ਜ਼ਰਦਾ, ਪਾਨ ਮਸਾਲਾ, ਈ ਸਿਗਰਟ, ਚਿਲਮ ਆਦਿ ਤੰਬਾਕੂ ਪਦਾਰਥ ਸਰੀਰ ਲਈ ਬੇਹੱਦ ਖ਼ਤਰਨਾਕ ਹਨ। ਪਹਿਲਾਂ ਨੌਜਵਾਨ ਦੋਸਤਾਂ ਦੀ ਰੀਸੋ-ਰੀਸ ਤੰਬਾਕੂ ਖਾਣਾ ਸ਼ੁਰੂ ਕਰਦਾ ਹੈ, ਫਿਰ ਇਸ ਦੇ ਪੱਕੇ ਤੌਰ 'ਤੇ ਲਪੇਟੇ ਵਿਚ ਆ ਜਾਂਦਾ ਹੈ।

ਇਹ ਮਿੱਠਾ ਜ਼ਹਿਰ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਲੈਂਦਾ ਹੈ, ਇਸ ਲਈ ਤੰਬਾਕੂ ਦਾ ਖਹਿੜਾ ਛੱਡ ਕੇ ਚੰਗੀ ਜ਼ਿੰਦਗੀ ਦਾ ਪੱਲਾ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਈ ਬੀਮਾਰੀਆਂ ਦਾ ਕਾਰਨ ਹੈ ਜਿਵੇਂ ਕੈਂਸਰ, ਸਾਹ ਦੀ ਸਮੱਸਿਆ, ਦਿਲ ਦੀਆਂ ਬੀਮਾਰੀਆਂ, ਸ਼ੱਕਰ ਰੋਗ, ਦੰਦ ਦੀਆਂ ਬੀਮਾਰੀਆਂ, ਸੁਣਨ ਦੀ ਸਮੱਸਿਆ, ਨਿਗ੍ਹਾ ਦੀ ਕਮੀ ਆਦਿ।

ਤੰਬਾਕੂ ਨੋਡਲ ਅਫ਼ਸਰ ਡਾ. ਨਵਦੀਪ ਸਿੰਘ ਨੇ ਆਖਿਆ ਕਿ ਤੰਬਾਕੂ ਦੀ ਆਦਤ ਛਡਣਾ ਕੋਈ ਔਖੀ ਗੱਲ ਨਹੀਂ। ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਡਾਕਟਰੀ ਸਲਾਹ ਲਈ ਮੋਹਾਲੀ ਦੇ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਤੈਨਾਤ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਸ਼ੁਰੂ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਤੰਬਾਕੂ ਨੋਡਲ ਅਫ਼ਸਰ ਡਾ. ਨਵਦੀਪ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਘਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਨਵੀਨ ਕੌਸ਼ਿਕ, ਡਾ. ਰਜਨੀਤ ਰੰਧਾਵਾ, ਡਾ. ਹਰਮਨਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਹਰਚਰਨ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi