Sunday, 24 Jan, 10.14 pm 5 Dariya News

ਕਾਂਗਰਸ
ਤ੍ਰਿਪਤ ਬਾਜਵਾ ਨੇ ਸਿਵਲ ਹਸਪਤਾਲ ਬਟਾਲਾ ਤੋਂ ਕੀਤੀ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ

ਅੱਜ ਦਾ ਦਿਨ ਬਟਾਲਾ ਸਮੇਤ ਪੂਰੇ ਸੂਬੇ ਅਤੇ ਦੇਸ਼ ਲਈ ਇਤਿਹਾਸਕ ਹੋ ਨਿਬੜਿਆ ਹੈ। ਕੋਰੋਨਾ ਵਾਇਰਸ ਉੱਪਰ ਫ਼ਤਹਿ ਹਾਸਲ ਕਰਨ ਲਈ ਅੱਜ ਪੰਜਾਬ ਸਰਕਾਰ ਵੱਲੋਂ ਵੈਕਸੀਨੇਸ਼ਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸੂਬੇ ਵਿੱਚ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੁਹਾਲੀ ਤੋਂ ਕੀਤੀ ਗਈ ਅਤੇ ਇਸਦੇ ਨਾਲ ਹੀ ਸੂਬੇ ਦੇ ਕੁੱਲ 59 ਹਸਪਤਾਲਾਂ ਵਿੱਚ ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ।ਅੱਜ ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕੀਤੀ। ਸਿਵਲ ਹਸਪਤਾਲ ਬਟਾਲਾ ਵਿੱਚ ਕੋਵਿਡ-19 ਤੋਂ ਬਚਾਅ ਦਾ ਸਭ ਤੋਂ ਪਹਿਲਾ ਟੀਕਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਪ੍ਰਸਿੱਧ ਸਰਜਨ ਡਾ. ਸਤਨਾਮ ਸਿੰਘ ਨਿੱਜਰ ਨੇ ਲਗਵਾਇਆ।ਸੂਬਾ ਵਾਸੀਆਂ ਨੂੰ ਕੋਵਿਡ-19 ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਣ 'ਤੇ ਵਧਾਈ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਮਾਰ ਹੇਠ ਲੈ ਲਿਆ ਸੀ ਅਤੇ ਜਿਥੇ ਇਸ ਬਿਮਾਰੀ ਨਾਲ ਦੁਨੀਆਂ ਭਰ ਵਿੱਚ ਮਨੁੱਖੀ ਜਾਨਾਂ ਗਈਆਂ ਹਨ ਓਥੇ ਆਰਥਿਕ ਪੱਖੋਂ ਵੀ ਬਹੁਤ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਬੜੇ ਯੋਜਨਾਬੱਧ ਢੰਗ ਨਾਲ ਮਿਸ਼ਨ ਫ਼ਤਹਿ ਤਹਿਤ ਕੋਰੋਨਾ ਦੀ ਜੰਗ ਲੜੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਦੂਸਰੇ ਵਿਭਾਗਾਂ ਦੇ ਮੋਹਰੀ ਕਤਾਰ ਦੇ ਵਰਕਰ ਜਿਨ੍ਹਾਂ ਨੇ ਕੋਰੋਨਾ ਨੂੰ ਹਰਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਉਨ੍ਹਾਂ ਦੀ ਹਿੰਮਤ ਤੇ ਸਿਰੜ ਨੂੰ ਅਸੀਂ ਸਲਾਮ ਕਰਦੇ ਹਾਂ।

ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਹਰਾਉਣ ਲਈ ਮਿਸਾਲੀ ਜੰਗ ਲੜੀ ਹੈ ਜਿਸਦੀ ਸਰਾਹਨਾ ਦੇਸ਼ ਸਮੇਤ ਪੂਰੀ ਦੁਨੀਆਂ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਦਾ ਖਾਤਮਾ ਬਹੁਤ ਨੇੜੇ ਆ ਗਿਆ ਹੈ ਅਤੇ ਇਸ ਮਹਾਂਮਾਰੀ ਨੂੰ ਖਤਮ ਕਰਨ ਜੋ ਟੀਕਾਕਰਨ ਕੀਤਾ ਜਾਣਾ ਹੈ ਪੰਜਾਬ ਸਰਕਾਰ ਉਸਨੂੰ ਵੀ ਪੂਰੀ ਸਫਲਤਾ ਨਾਲ ਨੇਪਰੇ ਚਾੜ੍ਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ 1.74 ਲੱਖ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਜਿਸ ਤਹਿਤ ਅਗਲੇ ਪੰਜ ਦਿਨਾਂ ਤੱਕ ਰੋਜਾਨਾ 40,000 ਸਿਹਤ ਕਾਮਿਆਂ ਨੂੰ ਕੋਵਿਡ-19 ਤੋਂ ਬਚਾਉਣ ਦੇ ਟੀਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਵੀਸ਼ੀਲਡ ਵੈਕਸੀਨ ਦੀਆਂ 2,04,500 ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਹੋਰ ਵੀ ਵੈਕਸੀਨ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਤੋਂ ਬਾਅਦ ਅਗਲੇ ਪੜਾਅ ਵਿੱਚ ਫਰੰਟ ਲਾਈਨ ਵਰਕਰਾਂ (ਐੱਫ.ਐੱਲ.ਡਬਲਯੂਜ਼) ਦਾ ਟੀਕਾਕਰਨ ਕੀਤਾ ਜਾਵੇਗਾ।ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਬਟਾਲਾ, ਗੁਰਦਾਸਪੁਰ ਅਤੇ ਕਲਾਨੌਰ ਵਿਖੇ ਕੋਵਿਡ-19 ਦੇ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੌਰਾਨ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਵੱਲੋਂ ਵੈਕਸੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਇਸ ਟੀਕਾਕਰਨ ਮੁਹਿੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ ਅਤੇ ਸਾਡਾ ਪੰਜਾਬ ਕੋਵਿਡ-19 ਬਿਮਾਰੀ ਉੱਪਰ ਪੂਰੀ ਤਰ੍ਹਾਂ ਫ਼ਤਹਿ ਪਾ ਲਵੇਗਾ।ਇਸ ਮੌਕੇ ਸ. ਬਾਜਵਾ ਨੇ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰਾਸ਼ਨ ਡੀਪੂਜ਼ ਦੀ ਵੰਡ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸਿਵਲ ਹਸਪਤਾਲ ਬਟਾਲਾ ਵਿਖੇ ਮੁੱਖ ਮੰਤਰੀ ਦਾ ਮੋਹਾਲੀ ਤੋਂ ਲਾਈਵ ਪ੍ਰੋਗਰਾਮ ਵੀ ਟੈਲੀਕਾਸਟ ਕੀਤਾ ਗਿਆ ਜਿਸ ਨੂੰ ਪੰਚਾਇਤ ਮੰਤਰੀ ਅਤੇ ਸਮੂਹ ਹਾਜ਼ਰੀਨ ਨੇ ਦੇਖਿਆ।ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਸ. ਬਲਵਿੰਦਰ ਸਿੰਘ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਡੀ.ਐੱਫ.ਐੱਸ.ਓ. ਮੈਡਮ ਸੰਯੋਗਤਾ, ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸਵਰਨ ਮੁੱਢ, ਸੁਖਦੀਪ ਸਿੰਘ ਤੇਜਾ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: 5 Dariya News Punjabi
Top