Dailyhunt Logo
  • Light mode
    Follow system
    Dark mode
    • Play Story
    • App Story
Amritsar News : ਵਿਦਿਆਰਥਣ ਖੁਦਕੁਸ਼ੀ ਮਾਮਲੇ 'ਚ ਸਿੱਖਿਆ ਮੰਤਰੀ ਸਖ਼ਤ, ਸਕੂਲ ਪ੍ਰਬੰਧਨ ਖ਼ਿਲਾਫ਼ ਕੇਸ ਦਰਜ

Amritsar News : ਵਿਦਿਆਰਥਣ ਖੁਦਕੁਸ਼ੀ ਮਾਮਲੇ 'ਚ ਸਿੱਖਿਆ ਮੰਤਰੀ ਸਖ਼ਤ, ਸਕੂਲ ਪ੍ਰਬੰਧਨ ਖ਼ਿਲਾਫ਼ ਕੇਸ ਦਰਜ

Amritsar Girl Student Suicide Case : 17 ਸਾਲਾਂ ਵਿਦਿਆਰਥਣ ਦੀ ਖੁਦਕੁਸ਼ੀ ਦੇ ਮਾਮਲੇ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡਾ ਐਕਸ਼ਨ ਲਿਆ ਹੈ। ਇਸ ਮਾਮਲੇ 'ਚ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲ ਪ੍ਰਸ਼ਾਸਨ ਅਤੇ ਮਾਮਲੇ ਨਾਲ ਸਬੰਧਤ ਹਰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਆਰੋਪੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨਾਲ ਹੀ ਸਕੂਲ ਪ੍ਰਬੰਧਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਲਈ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਕੀ ਹੈ ਪੂਰਾ ਮਾਮਲਾ?

ਅੰਮ੍ਰਿਤਸਰ ਦੀ 17 ਸਾਲਾ ਅਮਜੋਤ ਕੌਰ 12ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਨੇ 22 ਮਈ ਨੂੰ ਜ਼ਹਿਰੀਲੀ ਵਸਤੂ ਨਿਗਲ ਲਈ ਸੀ। ਉਸ ਦੀ ਹਾਲਤ ਵਿਗੜਣ 'ਤੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਕਈ ਦਿਨਾਂ ਤੱਕ ਉਸ ਦਾ ਇਲਾਜ ਚੱਲਦਾ ਰਿਹਾ। ਇਲਾਜ ਦੌਰਾਨ ਅਮਜੋਤ ਨੇ ਇੱਕ ਵੀਡੀਓ ਵੀ ਰਿਕਾਰਡ ਕੀਤੀ, ਜਿਸ ਵਿੱਚ ਉਸ ਨੇ ਸਕੂਲ ਪ੍ਰਬੰਧਨ 'ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦੇ ਆਰੋਪ ਲਗਾਏ। 30 ਮਈ ਨੂੰ ਉਸ ਦੀ ਮੌਤ ਹੋ ਗਈ।

ਫੀਸ ਨੂੰ ਲੈ ਕੇ ਦਬਾਅ ਪਾਉਣ ਦੇ ਆਰੋਪ

ਅਮਜੋਤ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ ਅਤੇ ਆਪਣੀ ਮਾਸੀ ਸਰਬਜੀਤ ਕੌਰ ਕੋਲ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸਕੂਲ ਦੀ ਕਰੀਬ 20 ਹਜ਼ਾਰ ਰੁਪਏ ਫੀਸ ਬਕਾਇਆ ਸੀ ਅਤੇ ਇਸੇ ਫੀਸ ਨੂੰ ਲੈ ਕੇ ਸਕੂਲ ਪ੍ਰਬੰਧਨ ਲਗਾਤਾਰ ਉਸ 'ਤੇ ਦਬਾਅ ਬਣਾ ਰਹੇ ਸੀ।

ਮੌਤ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿੱਚ ਅਮਜੋਤ ਨੇ ਦੱਸਿਆ ਸੀ ਕਿ 11 ਮਈ ਨੂੰ ਉਸ ਨੂੰ ਸਕੂਲ ਬੁਲਾਇਆ ਗਿਆ, ਜਿੱਥੇ ਉਸ ਨੂੰ ਮਾਨਸਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਕੀਤਾ ਗਿਆ। ਉਸ ਨੇ ਆਰੋਪ ਲਗਾਇਆ ਕਿ ਉਸ ਨੂੰ ਕਲਾਸ ਦੇ ਗਰੁੱਪ ਵਿੱਚੋਂ ਕੱਢ ਦਿੱਤਾ ਗਿਆ ਅਤੇ ਇੱਕ ਵੱਖਰੇ ਕਮਰੇ ਵਿੱਚ ਲੈ ਜਾ ਕੇ ਗੱਲਬਾਤ ਕੀਤੀ ਗਈ।

ਕਿਸ਼ਤਾਂ ਵਿੱਚ ਫੀਸ ਜਮ੍ਹਾਂ ਕਰਵਾਉਣ ਦੀ ਕੀਤੀ ਸੀ ਬੇਨਤੀ

ਮਾਸੀ ਸਰਬਜੀਤ ਕੌਰ ਨੇ ਆਰੋਪ ਲਗਾਇਆ ਕਿ ਸਕੂਲ ਦੀ ਪ੍ਰਿੰਸੀਪਲ ਸ਼ਬਨਮ ਸ਼ਰਮਾ ਅਤੇ ਕਲਾਸ ਟੀਚਰ ਆਕਾਂਕਸ਼ਾ ਸ਼ਰਮਾ ਫੀਸ ਨੂੰ ਲੈ ਕੇ ਲਗਾਤਾਰ ਦਬਾਅ ਬਣਾ ਰਹੀਆਂ ਸਨ। ਉਨ੍ਹਾਂ ਨੇ ਸਕੂਲ ਕੋਲ ਫੀਸ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਪਰ ਇਸ ਦੇ ਬਾਵਜੂਦ ਬੱਚੀ 'ਤੇ ਦਬਾਅ ਬਣਾਇਆ ਜਾਂਦਾ ਰਿਹਾ।

ਪਰਿਵਾਰ ਦਾ ਇਹ ਵੀ ਆਰੋਪ ਹੈ ਕਿ ਅਮਜੋਤ ਨੂੰ ਮੈਡੀਕਲ ਸਟ੍ਰੀਮ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਉਸ ਤੋਂ ਘੱਟ ਅੰਕ ਲੈਣ ਵਾਲੀਆਂ ਹੋਰ ਵਿਦਿਆਰਥਣਾਂ ਨੂੰ ਮੈਡੀਕਲ ਸਟ੍ਰੀਮ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਉਸ ਤੋਂ ਕਲਾਸ ਦੇ ਵਾਧੂ ਕੰਮ ਵੀ ਕਰਵਾਏ ਜਾਂਦੇ ਸਨ ਅਤੇ ਕਈ ਵਾਰ ਬਾਥਰੂਮ ਜਾਣ ਤੋਂ ਬਾਅਦ ਉਸ ਨੂੰ ਕਲਾਸ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਸੀ।

ਪੜ੍ਹਾਈ ਵਿੱਚ ਸੀ ਹੋਣਹਾਰ

ਪਰਿਵਾਰ ਅਨੁਸਾਰ ਅਮਜੋਤ ਪੜ੍ਹਾਈ ਵਿੱਚ ਬਹੁਤ ਹੋਣਹਾਰ ਸੀ। ਉਸ ਨੇ 10ਵੀਂ ਜਮਾਤ ਵਿੱਚ 86 ਫੀਸਦੀ ਅੰਕ ਹਾਸਲ ਕੀਤੇ ਸਨ। ਪਰਿਵਾਰ ਦਾ ਆਰੋਪ ਹੈ ਕਿ ਸਕੂਲ ਨੇ ਉਸ ਦਾ ਨਤੀਜਾ ਵੀ ਰੋਕ ਰੱਖਿਆ ਸੀ ਅਤੇ ਫੀਸ ਨਾ ਭਰਨ ਕਾਰਨ ਨਾਮ ਕੱਟਣ ਦੀ ਗੱਲ ਕੀਤੀ ਜਾ ਰਹੀ ਸੀ।

ਸਕੂਲ ਦਾ ਪੱਖ

ਦੂਜੇ ਪਾਸੇ ਸਕੂਲ ਦੀ ਇੱਕ ਅਧਿਆਪਕਾ ਨੇ ਆਪਣੇ ਉੱਤੇ ਲਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਅਧਿਆਪਕਾ ਦਾ ਕਹਿਣਾ ਹੈ ਕਿ ਅਮਜੋਤ ਕੌਰ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੀ ਸੀ ਅਤੇ ਸਕੂਲ ਵੱਲੋਂ ਸਿਰਫ਼ ਨਿਯਮਤ ਪ੍ਰਕਿਰਿਆ ਤਹਿਤ ਹੀ ਪਰਿਵਾਰ ਨਾਲ ਸੰਪਰਕ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਕੂਲ ਨੇ ਕਦੇ ਵੀ ਫੀਸ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਵਿਦਿਆਰਥੀ 'ਤੇ ਦਬਾਅ ਨਹੀਂ ਬਣਾਇਆ ਅਤੇ ਸਕੂਲ ਕੋਲ ਸਾਰੇ ਲੋੜੀਂਦੇ ਰਿਕਾਰਡ ਅਤੇ ਦਸਤਾਵੇਜ਼ ਮੌਜੂਦ ਹਨ।

ਪੁਲਿਸ ਨੇ ਦਰਜ ਕੀਤੀ FIR

ਏਸੀਪੀ Gagandeep Singh ਨੇ ਦੱਸਿਆ ਕਿ ਹਸਪਤਾਲ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਵਿਦਿਆਰਥਣ ਦੇ ਪਿਤਾ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੀਐਨਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਆਰੋਪ ਲਗਾਇਆ ਗਿਆ ਹੈ ਕਿ ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥਣ ਨੂੰ ਉਸ ਦੇ ਦਸਤਾਵੇਜ਼ ਨਹੀਂ ਦਿੱਤੇ ਜਾ ਰਹੇ ਸਨ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਇੱਕ ਸਟਾਫ ਮੈਂਬਰ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਆਵੇਗੀ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha