Barnala Young man Death : ਕੈਨੇਡਾ ਦੇ ਮਾਂਟਰੀਅਲ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਦੀ ਲਾਚੀਨ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਸ ਦਾ ਇੱਕ ਦੋਸਤ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਅਤੇ ਡੁੱਬਣ ਲੱਗ ਪਿਆ।
ਆਪਣੇ ਦੋਸਤ ਨੂੰ ਬਚਾਉਣ ਲਈ ਲਵਪ੍ਰੀਤ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਪਾਣੀ ਵਿੱਚ ਛਾਲ ਮਾਰ ਦਿੱਤੀ।
ਲਵਪ੍ਰੀਤ ਨੇ ਆਪਣੀ ਬਹਾਦਰੀ ਅਤੇ ਸੂਝਬੂਝ ਨਾਲ ਆਪਣੇ ਦੋਸਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਬਦਕਿਸਮਤੀ ਨਾਲ ਉਹ ਖੁਦ ਡੂੰਘੇ ਪਾਣੀ ਅਤੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਕਲੌਤੇ ਪੁੱਤ ਦੇ ਭਵਿੱਖ ਲਈ ਪਿਤਾ ਨੇ ਵੇਚ ਦਿੱਤੀ ਸੀ ਜ਼ਮੀਨ
ਮ੍ਰਿਤਕ ਲਵਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਪਰਿਵਾਰ ਦੇ ਭਵਿੱਖ ਦੀਆਂ ਸਾਰੀਆਂ ਉਮੀਦਾਂ ਉਸ ਨਾਲ ਜੁੜੀਆਂ ਹੋਈਆਂ ਸਨ। ਉਸ ਦੇ ਸਾਬਕਾ ਫੌਜੀ ਪਿਤਾ ਬਲਦੇਵ ਸਿੰਘ ਨੇ ਪੁੱਤ ਦੇ ਚੰਗੇ ਭਵਿੱਖ ਲਈ ਆਪਣੀ ਉਮਰ ਭਰ ਦੀ ਕਮਾਈ ਦਾਅ 'ਤੇ ਲਾ ਦਿੱਤੀ ਸੀ।
ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਅਤੇ ਕਰੀਬ 29 ਲੱਖ ਰੁਪਏ ਦਾ ਕਰਜ਼ਾ ਲੈ ਕੇ ਢਾਈ ਸਾਲ ਪਹਿਲਾਂ ਲਵਪ੍ਰੀਤ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਿਆ ਸੀ। ਕੈਨੇਡਾ ਪਹੁੰਚਣ ਤੋਂ ਬਾਅਦ ਲਵਪ੍ਰੀਤ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਅਤੇ ਦਿਨ-ਰਾਤ ਮਿਹਨਤ ਕਰਕੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਸੀ।
10 ਦਿਨ ਪਹਿਲਾਂ ਹੋਈ ਸੀ ਆਖਰੀ ਗੱਲਬਾਤ
ਕਰੀਬ 10 ਦਿਨ ਪਹਿਲਾਂ ਹੀ ਲਵਪ੍ਰੀਤ ਨੇ ਆਪਣੇ ਪਰਿਵਾਰ ਨਾਲ ਫੋਨ 'ਤੇ ਲੰਬੀ ਗੱਲਬਾਤ ਕੀਤੀ ਸੀ ਅਤੇ ਘਰ ਦੇ ਹਾਲਾਤ ਸੁਧਾਰਨ ਦਾ ਭਰੋਸਾ ਦਿੱਤਾ ਸੀ। ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਪਣੇ ਪੁੱਤ ਨਾਲ ਆਖਰੀ ਗੱਲਬਾਤ ਹੋਵੇਗੀ। ਘਰ ਦੇ ਇਕਲੌਤੇ ਚਿਰਾਗ ਦੇ ਬੁੱਝ ਜਾਣ ਨਾਲ ਬਜ਼ੁਰਗ ਮਾਪਿਆਂ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਤਪਾ ਮੰਡੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਇਸ ਦੁੱਖਦਾਈ ਘਟਨਾ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।
ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰਾਂ ਕੋਲ ਮਦਦ ਦੀ ਅਪੀਲ
ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਕੈਨੇਡਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਨਾਲ ਹੀ ਵਿਦੇਸ਼ਾਂ ਵਿੱਚ ਰਹਿੰਦੇ ਐਨਆਰਆਈ ਭਰਾਵਾਂ ਅਤੇ ਸਮਾਜਸੇਵੀਆਂ ਨੂੰ ਵੀ ਪ੍ਰਸ਼ਾਸਨਿਕ ਅਤੇ ਆਰਥਿਕ ਸਹਾਇਤਾ ਲਈ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਪੀੜਤ ਪਰਿਵਾਰ ਦੀ ਇਕੋ ਮੰਗ ਹੈ ਕਿ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਕੈਨੇਡਾ ਤੋਂ ਉਸ ਦੇ ਪਿੰਡ ਲਿਆਂਦਾ ਜਾਵੇ, ਤਾਂ ਜੋ ਉਹ ਆਪਣੇ ਲਾਡਲੇ ਦਾ ਆਖਰੀ ਵਾਰ ਚਿਹਰਾ ਦੇਖ ਸਕਣ ਅਤੇ ਧਾਰਮਿਕ ਰਸਮਾਂ ਅਨੁਸਾਰ ਉਸ ਦਾ ਅੰਤਿਮ ਸਸਕਾਰ ਕਰ ਸਕਣ।
Author : ਸ਼ੰਕਰ ਦਾਸ

