Dailyhunt
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ

Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ

LPG Gas Cylinder Price Hike : ਕੇਂਦਰ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਨੇ ਹੋਟਲ ਅਤੇ ਰੈਸਟੋਰੈਂਟ ਕਾਰੋਬਾਰੀਆਂ ਦੀ ਕਮਰ ਤੋੜ ਦਿੱਤੀ ਹੈ। ਕੇਂਦਰ ਨੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ 'ਚ 993 ਦਾ ਵਾਧਾ ਕੀਤਾ ਹੈ, ਜਿਸ ਨਾਲ ਇੱਕ ਸਿੰਗਲ ਸਿਲੰਡਰ ਦੀ ਕੀਮਤ ਹੁਣ 3,000 ਤੋਂ ਵੱਧ ਹੋ ਗਈ ਹੈ। ਪੰਜਾਬ ਹੋਟਲ ਐਸੋਸੀਏਸ਼ਨ ਨੇ ਇਸ ਫੈਸਲੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਿਲੰਡਰ ਮਹਿੰਗਾ ਹੋਣ ਨਾਲ ਉਨ੍ਹਾਂ ਦੇ ਬਜਟ 'ਤੇ ਅਸਰ ਪੈ ਸਕਦਾ ਹੈ। ਹੋਟਲਾਂ ਵਿੱਚ ਖਾਣੇ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ ਅਤੇ ਖਰਚੇ ਘਟਾਉਣ ਲਈ ਸਟਾਫ ਨੂੰ ਨੌਕਰੀ ਤੋਂ ਕੱਢਣਾ ਪੈ ਸਕਦਾ ਹੈ। ਇਸ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪਵੇਗਾ।

ਮੀਟਿੰਗ ਵਿੱਚ ਵੱਡਾ ਫੈਸਲਾ: 10 ਦਿਨਾਂ ਦਾ ਅਲਟੀਮੇਟਮ

ਬਠਿੰਡਾ ਵਿੱਚ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਬਠਿੰਡਾ ਦੀਆਂ ਸਾਰੀਆਂ ਹੋਟਲ, ਰੈਸਟੋਰੈਂਟ ਅਤੇ ਢਾਬਾ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਵਧੀਆਂ ਕੀਮਤਾਂ 10 ਦਿਨਾਂ ਦੇ ਅੰਦਰ ਵਾਪਸ ਨਾ ਲਈਆਂ ਗਈਆਂ ਤਾਂ ਐਸੋਸੀਏਸ਼ਨ ਦੇਸ਼ ਭਰ ਵਿੱਚ ਸਰਕਾਰੀ ਪ੍ਰੋਗਰਾਮਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰੇਗੀ। ਹੋਟਲ ਕਾਰੋਬਾਰੀ ਸੜਕਾਂ 'ਤੇ ਉਤਰਨਗੇ ਅਤੇ ਕੇਂਦਰ ਸਰਕਾਰ ਅਤੇ ਗੈਸ ਕੰਪਨੀਆਂ ਵਿਰੁੱਧ ਤਿੱਖਾ ਵਿਰੋਧ ਪ੍ਰਦਰਸ਼ਨ ਕਰਨਗੇ।

6 ਲੱਖ ਪਰਿਵਾਰਾਂ ਦਾ ਰੁਜ਼ਗਾਰ ਖ਼ਤਰੇ ਵਿੱਚ

ਐਸੋਸੀਏਸ਼ਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਮਹਿੰਗਾਈ ਦਾ ਅਸਰ ਸਿਰਫ਼ ਹੋਟਲ ਕਾਰੋਬਾਰੀਆਂ 'ਤੇ ਨਹੀਂ , ਸਗੋਂ ਇਸ ਉਦਯੋਗ ਨਾਲ ਜੁੜੇ ਲਗਭਗ 6 ਲੱਖ ਪਰਿਵਾਰਾਂ 'ਤੇ ਵੀ ਅਸਰ ਪਵੇਗਾ। ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਉਦਯੋਗ ਪਹਿਲਾਂ ਹੀ ਘਾਟੇ ਅਤੇ ਭਾਰੀ ਟੈਕਸਾਂ ਦੇ ਭਾਰੀ ਬੋਝ ਹੇਠਾਂ ਦੱਬਿਆ ਹੋਇਆ ਹੈ। ਸਰਕਾਰ ਵੱਲੋਂ ਕੋਈ ਰਾਹਤ ਦੇਣ ਦੀ ਬਜਾਏ ਅਜਿਹੇ ਵਾਧੇ ਉਦਯੋਗ ਨੂੰ ਤਬਾਹ ਕਰ ਦੇਣਗੇ।

ਜਨਤਾ ਦੀ ਜੇਬ 'ਤੇ ਵੀ ਪਵੇਗਾ ਬੋਝ

ਐਸੋਸੀਏਸ਼ਨ ਦੇ ਅਨੁਸਾਰ ਜੇਕਰ ਕੀਮਤਾਂ ਘੱਟ ਨਹੀਂ ਹੁੰਦੀਆਂ ਹਨ ਤਾਂ ਉਨ੍ਹਾਂ ਕੋਲ ਸਿਰਫ ਦੋ ਵਿਕਲਪ ਹੋਣਗੇ। ਇੱਕ ਤਾਂ ਖਰਚੇ ਘਟਾਉਣ ਲਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਪਵੇਗਾ। ਦੂਜਾ ਉਨ੍ਹਾਂ ਨੂੰ ਹੋਟਲਾਂ ਅਤੇ ਢਾਬਿਆਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ, ਜਿਸਦਾ ਸਿੱਧਾ ਅਸਰ ਆਮ ਆਦਮੀ ਦੀਆਂ ਜੇਬਾਂ 'ਤੇ ਪਵੇਗਾ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha