Gurdwara Amb Sahib Land Issue : ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਕੀਤੀ ਪੜਤਾਲੀਆ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਪੜਤਾਲੀਆ ਕਮੇਟੀ ਨੇ ਐਸਜੀਪੀਸੀ ਦੇ 2 ਹੋਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਮੇਟੀ ਪਹਿਲਾਂ ਹੀ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਚੁੱਕੀ ਹੈ।
ਜਾਣਕਾਰੀ ਅਨੁਸਾਰ ਸੈਕਸ਼ਨ 85 ਦੇ ਇੰਚਾਰਜ ਗੁਰਮੇਜ ਸਿੰਘ ਅਤੇ ਪਹਿਲਾਂ ਤੋਂ ਮੁਅੱਤਲ ਚੱਲ ਰਹੇ ਸਕੱਤਰ ਪ੍ਰਤਾਪ ਸਿੰਘ ਦੇ ਪੀਏ ਜਤਿੰਦਰ ਸਿੰਘ ਨੂੰ ਹੁਣ ਇਸ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ।ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਤ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਸੀ।
ਕੀ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਮੋਹਾਲੀ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸੈਣੀ ਮਾਜਰਾ ਵਿੱਚ ਸਥਿਤ ਕਰੀਬ 44 ਮਰਲੇ ਜ਼ਮੀਨ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਇਲਜ਼ਾਮ ਹੈ ਕਿ ਇਸ ਜ਼ਮੀਨ ਨੂੰ ਗਲਤ ਤਰੀਕੇ ਨਾਲ ਵੇਚਿਆ ਗਿਆ ਹੈ, ਜਿਸ ਕਾਰਨ ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਸੰਬੰਧਿਤ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ।
ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਜ਼ਮੀਨ ਦੀ ਵਿਕਰੀ ਤੋਂ ਪਹਿਲਾਂ ਨਾ ਤਾਂ ਕੋਈ ਜਨਤਕ ਇਸ਼ਤਿਹਾਰ ਜਾਰੀ ਕੀਤਾ ਗਿਆ ਅਤੇ ਨਾ ਹੀ ਕੋਈ ਖੁੱਲ੍ਹੀ ਨਿਲਾਮੀ ਕਰਵਾਈ ਗਈ। ਜੇਕਰ ਇਸ ਜ਼ਮੀਨ ਦੀ ਖੁੱਲ੍ਹੀ ਬੋਲੀ ਲੱਗਦੀ ਤਾਂ ਇਸ ਦੀ ਕੀਮਤ 20 ਕਰੋੜ ਰੁਪਏ ਦੇ ਆਸ-ਪਾਸ ਹੋ ਸਕਦੀ ਸੀ। ਜਿਵੇਂ ਹੀ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਆਇਆ, ਫਲਾਇੰਗ ਟੀਮ ਤੁਰੰਤ ਮੋਹਾਲੀ ਪਹੁੰਚੀ ਅਤੇ ਪੂਰੇ ਘਟਨਾਕ੍ਰਮ ਦੀ ਜਾਂਚ ਸ਼ੁਰੂ ਕਰ ਦਿੱਤੀ।
Author : ABP Sanjha

