Dailyhunt Logo
  • Light mode
    Follow system
    Dark mode
    • Play Story
    • App Story
Kalanaur 'ਚ ਪ੍ਰਾਈਵੇਟ ਹਸਪਤਾਲ ਦੇ ਬਾਹਰ ਧਮਾਕਾ, ਫਿਰੌਤੀ ਨਾ ਦੇਣ 'ਤੇ ਮਿਲੀਆਂ ਸੀ ਧਮਕੀਆਂ

Kalanaur 'ਚ ਪ੍ਰਾਈਵੇਟ ਹਸਪਤਾਲ ਦੇ ਬਾਹਰ ਧਮਾਕਾ, ਫਿਰੌਤੀ ਨਾ ਦੇਣ 'ਤੇ ਮਿਲੀਆਂ ਸੀ ਧਮਕੀਆਂ

Gurudaspur Hospital Bomb Attack : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾਨੌਰ ਸਥਿਤ ਇਕ ਨਿੱਜੀ ਹਸਪਤਾਲ 'ਤੇ ਇੱਕ ਵਾਰ ਫਿਰ ਹਮਲਾ ਹੋਇਆ ਹੈ। ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਹਸਪਤਾਲ ਦੇ ਬਾਹਰ ਜ਼ੋਰਦਾਰ ਧਮਾਕਾ ਕੀਤਾ ਗਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਦੀ ਆਵਾਜ਼ ਬਹੁਤ ਜਿਆਦਾ ਸੀ ਕਿ ਹਸਪਤਾਲ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।

ਧਮਾਕੇ ਤੋਂ ਬਾਅਦ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਸ਼ੱਕੀ ਦੀ ਤਸਵੀਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

CCTV ਵਿੱਚ ਕੈਦ ਹੋਇਆ ਸ਼ੱਕੀ ਨੌਜਵਾਨ

ਘਟਨਾ ਸਥਾਨ ਤੋਂ ਮਿਲੀ CCTV ਫੁਟੇਜ ਵਿੱਚ ਇੱਕ ਸ਼ੱਕੀ ਨੌਜਵਾਨ ਹਸਪਤਾਲ ਦੇ ਆਲੇ-ਦੁਆਲੇ ਕਾਫੀ ਸਮੇਂ ਤੱਕ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ। ਪੁਲਿਸ ਨੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੁਟੇਜ ਅਨੁਸਾਰ ਨੌਜਵਾਨ ਕੁਝ ਸਮਾਂ ਹਸਪਤਾਲ ਦੇ ਬਾਹਰ ਖੜ੍ਹਾ ਰਿਹਾ ਪਰ ਧਮਾਕਾਖੇਜ਼ ਸਮੱਗਰੀ ਸੁੱਟਣ ਦੀ ਸਿੱਧੀ ਫੁਟੇਜ ਅਜੇ ਸਾਹਮਣੇ ਨਹੀਂ ਆਈ।

ਤੀਜੀ ਵਾਰ ਨਿਸ਼ਾਨਾ ਬਣਿਆ ਮੁਲਤਾਨੀ ਹਸਪਤਾਲ

ਕਲਾਨੌਰ ਦਾ ਇਹ ਮੁਲਤਾਨੀ ਹਸਪਤਾਲ ਪਹਿਲਾਂ ਵੀ ਦੋ ਵਾਰ ਹਮਲਿਆਂ ਦਾ ਸ਼ਿਕਾਰ ਹੋ ਚੁੱਕਾ ਹੈ। ਹਸਪਤਾਲ ਦੇ ਡਾਕਟਰ ਅਮਰਬੀਰ ਸਿੰਘ ਮੁਲਤਾਨੀ ਨੂੰ ਕਥਿਤ ਤੌਰ 'ਤੇ ਫਿਰੌਤੀ ਨਾ ਦੇਣ ਕਾਰਨ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਹਸਪਤਾਲ 'ਤੇ ਗੋਲੀਬਾਰੀ ਵੀ ਹੋ ਚੁੱਕੀ ਹੈ। ਪਿਛਲੀਆਂ ਦੋਵੇਂ ਘਟਨਾਵਾਂ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਲਗਾਤਾਰ ਧਮਕੀਆਂ ਅਤੇ ਹਮਲਿਆਂ ਕਾਰਨ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਪੁਲਿਸ ਨੇ ਬਣਾਈਆਂ ਜਾਂਚ ਟੀਮਾਂ

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਟੀਮਾਂ ਜਾਂਚ ਵਿੱਚ ਲਗਾਈਆਂ ਗਈਆਂ ਹਨ। CCTV ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਵੀ ਮੌਕੇ ਤੋਂ ਸਬੂਤ ਇਕੱਠੇ ਕਰਨ ਵਿੱਚ ਜੁਟੀਆਂ ਹੋਈਆਂ ਹਨ ਅਤੇ ਪੂਰੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ।

SSP ਨੇ ਕੀ ਕਿਹਾ?

ਪੁਲਿਸ ਅਧਿਕਾਰੀਆਂ ਅਨੁਸਾਰ ਹਸਪਤਾਲ ਵਿੱਚ ਤੇਜ਼ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ਦਾ ਜਾਇਜ਼ਾ ਲਿਆ ਗਿਆ। ਜਾਂਚ ਦੌਰਾਨ ਹਸਪਤਾਲ ਦੇ ਟੁੱਟੇ ਹੋਏ ਸ਼ੀਸ਼ੇ ਮਿਲੇ ਹਨ। SSP ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੂੰ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਹਸਪਤਾਲ ਪ੍ਰਬੰਧਨ ਦਾ ਬਿਆਨ

ਮੁਲਤਾਨੀ ਹਸਪਤਾਲ ਦੇ ਮਾਲਕ ਡਾ. ਐਸ.ਪੀ. ਸਿੰਘ ਮੁਲਤਾਨੀ ਨੇ ਦੱਸਿਆ ਕਿ ਦੁਪਹਿਰ ਕਰੀਬ 2:32 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਬੰਬ ਸੁੱਟਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਗਸਤ ਅਤੇ ਫਿਰ ਅਕਤੂਬਰ ਵਿੱਚ ਵੀ ਧਮਕੀਆਂ ਮਿਲੀਆਂ ਸਨ। ਉਸ ਸਮੇਂ ਪੁਲਿਸ ਵੱਲੋਂ ਕੁਝ ਸਮੇਂ ਲਈ ਸੁਰੱਖਿਆ ਦਿੱਤੀ ਗਈ ਸੀ, ਪਰ ਬਾਅਦ ਵਿੱਚ ਹਟਾ ਲਈ ਗਈ।

ਡਾ. ਮੁਲਤਾਨੀ ਨੇ ਕਿਹਾ ਕਿ CCTV ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸ਼ੱਕੀ ਵਿਅਕਤੀ ਕਰੀਬ 15 ਮਿੰਟ ਤੱਕ ਬਾਹਰ ਖੜ੍ਹਾ ਰਿਹਾ ਅਤੇ ਮਰੀਜ਼ਾਂ ਦੇ ਨਿਕਲਣ ਦੀ ਉਡੀਕ ਕਰਦਾ ਰਿਹਾ। ਜਦੋਂ ਇਲਾਕਾ ਖਾਲੀ ਹੋ ਗਿਆ ਤਾਂ ਉਸ ਨੇ ਧਮਾਕਾਖੇਜ਼ ਸਮੱਗਰੀ ਸੁੱਟੀ। ਇਸੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਹਰ ਕਿਸਮ ਦੇ ਮਰੀਜ਼ ਆਉਂਦੇ ਹਨ ਅਤੇ ਇਹ ਪਤਾ ਨਹੀਂ ਲੱਗ ਸਕਦਾ ਕਿ ਕੌਣ ਕਿਸ ਇਰਾਦੇ ਨਾਲ ਆ ਰਿਹਾ ਹੈ, ਇਸ ਲਈ ਲਗਾਤਾਰ ਸੁਰੱਖਿਆ ਦੇ ਸਹਾਰੇ ਕੰਮ ਕਰਨਾ ਮੁਸ਼ਕਲ ਹੈ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha