Dailyhunt
Khushbaz Singh Jattana ਦਾ ਹੋਇਆ ਅੰਤਿਮ ਸਸਕਾਰ , ਸਾਬਕਾ CM ਚੰਨੀ,ਰਾਜਾ ਵੜਿੰਗ ਸਣੇ ਕਈ ਆਗੂਆਂ ਨੇ ਦਿੱਤੀ ਸ਼ਰਧਾਂਜਲੀ

Khushbaz Singh Jattana ਦਾ ਹੋਇਆ ਅੰਤਿਮ ਸਸਕਾਰ , ਸਾਬਕਾ CM ਚੰਨੀ,ਰਾਜਾ ਵੜਿੰਗ ਸਣੇ ਕਈ ਆਗੂਆਂ ਨੇ ਦਿੱਤੀ ਸ਼ਰਧਾਂਜਲੀ

Khushbaz Singh Jattana Death : ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ (Talwandi Sabo) ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਡਰਾਈਵਰ ਪਰਮਿੰਦਰ ਸਿੰਘ ਦੀ ਬੀਤੀ ਰਾਤ ਪਾਣੀਪਤ ਨੇੜੇ ਸੜਕ ਹਾਦਸੇ (Road Accident) ਵਿੱਚ ਮੌਤ ਹੋ ਗਈ ਸੀ। ਕਾਂਗਰਸੀ ਲੀਡਰ ਖੁਸ਼ਬਾਜ ਸਿੰਘ ਜਟਾਣਾ ਦਾ ਅੱਜ ਬਠਿੰਡਾ ਦੀ ਅਨਾਜ ਮੰਡੀ ਵਿਖੇ ਸਥਿਤ ਸ਼ਮਸਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਉਨ੍ਹਾਂ ਦੀ ਚਿਖਾ ਨੂੰ ਉਨ੍ਹਾਂ ਦੇ ਸਪੁੱਤਰ ਅਤੇ ਪਰਿਵਾਰ ਨੇ ਅਗਨੀ ਦਿਖਾਈ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਪ੍ਰਗਟ ਸਿੰਘ, ਕੁਸ਼ਲਦੀਪ ਸਿੰਘ ਢਿੱਲੋਂ, ਵਿਜੇਇੰਦਰ ਸਿੰਗਲਾ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਜਟਾਣਾ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ। ਉਨ੍ਹਾਂ ਦੇ ਸਸਕਾਰ ਸਮੇਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਪੁੱਜੇ ਸਨ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਰੱਬ ਕਰੇ ਇਹ ਇਕ ਹਾਦਸਾ ਹੀ ਹੋਵੇ। ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਜਟਾਣਾ ਦੇ ਪਰਿਵਾਰ ਨਾਲ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਨੇ ਜਟਾਣਾ ਦੇ ਪਿਤਾ ਅਤੇ ਪਤਨੀ ਤੇ ਬੱਚਿਆਂ ਨਾਲ ਦੁੱਖ ਸਾਂਝਾ ਕੀਤਾ ਹੈ। ਓਧਰ ਰਾਜਾ ਵੜਿੰਗ ਨੇ ਕਿਹਾ ਕਿ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਹਾਦਸਾ ਇਕ ਸੜਕ ਕਿਨਾਰੇ ਖੜ੍ਹੇ ਵਿਅਕਤੀਆਂ ਨਾਲ ਵਾਪਰਿਆ ਹੈ।

ਇਹ ਹਾਦਸਾ ਹਰਿਆਣਾ ਦੇ ਸੋਨੀਪਤ ਵਿੱਚ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸਵੇਅ 'ਤੇ ਵਾਪਰਿਆ ਹੈ। ਜਿਥੇ ਤੇਜ਼ ਰਫ਼ਤਾਰ ਟਰੱਕ ਨੇ ਕਾਂਗਰਸ ਨੇਤਾ ਜਟਾਣਾ ਦੀ ਡਿਫੈਂਡਰ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਅਤੇ ਕਾਰ ਡਰਾਈਵਰ ਪਰਮਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਗੰਨਮੈਨ ਕਰਨਦੀਪ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ ਸਨ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਰਸਤੇ 'ਚ ਗੱਡੀ ਦਾ ਟਾਇਰ ਪੈਚਰ ਹੋਣ ਤੋਂ ਬਾਅਦ ਗੱਡੀ ਨੂੰ ਸੜਕ ਕਿਨਾਰੇ ਰੋਕਿਆ ਗਿਆ ਸੀ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਂਗਰਸੀ ਨੇਤਾ ਦੀ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਖੁਸ਼ਬਾਜ ਸਿੰਘ ਜਟਾਣਾ ਅਤੇ ਡਰਾਈਵਰ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha