Jaswinder Bhalla Mohali Chowk : ਮੋਹਾਲੀ ਸ਼ਹਿਰ ਦੇ ਇੱਕ ਚੌਂਕ ਦਾ ਨਾਮ ਹੁਣ ਮਰਹੂਮ ਪੰਜਾਬੀ ਅਦਾਕਾਰ ਡਾ. ਜਸਵਿੰਦਰ ਸਿੰਘ ਭੱਲਾ ਦੇ ਨਾਮ 'ਤੇ ਰੱਖਿਆ ਗਿਆ ਹੈ। ਫੋਰਟਿਸ ਹਸਪਤਾਲ ਦੇ ਨੇੜੇ ਸਥਿਤ ਇਸ ਚੌਕ ਦਾ ਰਸਮੀ ਉਦਘਾਟਨ ਉਨ੍ਹਾਂ ਦੇ ਜਨਮ ਦਿਨ 'ਤੇ ਕੀਤਾ ਗਿਆ ਸੀ। ਇਹ ਪਹਿਲ ਉਨ੍ਹਾਂ ਦੇ ਖੇਤਰੀ ਸਿਨੇਮਾ ਅਤੇ ਕਾਮੇਡੀ ਵਿੱਚ ਦਿੱਤੇ ਗਏ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ।
ਇਸ ਸਮਾਗਮ ਦੀ ਅਗਵਾਈ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਕੀਤੀ। ਇਸ ਮੌਕੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਸਮੇਤ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਅਤੇ ਪਤਵੰਤੇ ਲੋਕ ਮੌਜੂਦ ਸਨ। ਇਸ ਸਮਾਗਮ 'ਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਹਿਯੋਗੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਅਤੇ ਆਪਣੇ ਪਿਆਰੇ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ।
ਹਾਊਸ ਦੀ ਮੀਟਿੰਗ ਵਿੱਚ ਪਾਸ ਹੋਇਆ ਸੀ ਪ੍ਰਸਤਾਵ
ਮੋਹਾਲੀ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਅਹਿਮ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਪ੍ਰਸਤਾਵ ਵਿੱਚ ਫੋਰਟਿਸ ਹਸਪਤਾਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਦੇ ਨੇੜੇ ਇੱਕ ਪ੍ਰਮੁੱਖ ਚੌਂਕ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਣ ਦਾ ਫੈਸਲਾ ਕੀਤਾ ਗਿਆ। ਕਲਾਕਾਰ ਦੇ ਦੇਹਾਂਤ ਤੋਂ ਬਾਅਦ ਇਹ ਏਜੰਡਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਹੁਣ ਚੌਂਕ ਦਾ ਨਾਮ ਰਸਮੀ ਤੌਰ 'ਤੇ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ।
ਸਮਾਰੋਹ ਦੌਰਾਨ ਬੁਲਾਰਿਆਂ ਨੇ ਡਾ. ਜਸਵਿੰਦਰ ਸਿੰਘ ਭੱਲਾ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਵਿਲੱਖਣ ਸ਼ੈਲੀ, ਵਿਅੰਗ ਅਤੇ ਹਾਸੇ-ਮਜ਼ਾਕ ਰਾਹੀਂ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਵੱਖਰੀ ਪਛਾਣ ਬਣਾਈ। ਉਨ੍ਹਾਂ ਦੀ ਅਦਾਕਾਰੀ ਨੇ ਹਰ ਖੇਤਰ ਦੇ ਦਰਸ਼ਕਾਂ ਨੂੰ ਜੋੜਿਆ ਅਤੇ ਆਪਣੀ ਕਮੇਡੀ ਨਾਲ ਹਰ ਘਰ 'ਚ ਪ੍ਰਸਿੱਧੀ ਹਾਸਿਲ ਕੀਤੀ।
Author : ABP Sanjha

