Dailyhunt Logo
  • Light mode
    Follow system
    Dark mode
    • Play Story
    • App Story
Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

Punjab Congress : ਪੰਜਾਬ 'ਚ ਕਰੀਬ 7 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ। ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਰਾਜਾ ਵੜਿੰਗ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਲੋਕ ਰਾਜਾ ਵੜਿੰਗ ਤੋਂ ਨਾਰਾਜ਼ ਹਨ।

ਘੁਬਾਇਆ ਨੇ ਕਿਹਾ ਕਿ ਰਾਜਾ ਵੜਿੰਗ ਨੇ ਨਵੇਂ ਚਿਹਰਿਆਂ ਨੂੰ ਟਿਕਟ ਦੇਣ ਦੀ ਗੱਲ ਕੀਤੀ ਹੈ, ਜਿਸ ਕਾਰਨ ਪਾਰਟੀ ਅੰਦਰ ਨਾਰਾਜ਼ਗੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸਭ ਤੋਂ ਉੱਪਰ ਹੈ ਅਤੇ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ। ਉਨ੍ਹਾਂ ਇਹ ਵੀ ਆਰੋਪ ਲਾਇਆ ਕਿ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਨਹੀਂ ਉਠਾਈ।

ਉੱਧਰ ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਘੁਬਾਇਆ ਨੂੰ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਪ੍ਰਧਾਨ ਤੋਂ ਅਸਤੀਫਾ ਮੰਗਣਾ ਪਾਰਟੀ ਅਨੁਸ਼ਾਸਨ ਦੇ ਖ਼ਿਲਾਫ਼ ਹੈ।

ਦਿੱਲੀ ਵਿੱਚ ਹੋਈ ਗੁਪਤ ਮੀਟਿੰਗ

ਕਾਂਗਰਸ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਕੱਲ੍ਹ ਦਿੱਲੀ ਵਿੱਚ ਇੱਕ ਗੁਪਤ ਮੀਟਿੰਗ ਹੋਈ। ਇਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਕਾਂਗਰਸ ਹਾਈਕਮਾਨ ਵੱਲੋਂ ਅੰਦਰੂਨੀ ਕਲੇਸ਼ ਖ਼ਤਮ ਕਰਨ ਲਈ ਨਿਯੁਕਤ ਕੀਤੀ ਗਈ ਡਿਜ਼ਾਈਨਬਾਕਸਡ ਕੰਪਨੀ ਦੇ ਨਰੇਸ਼ ਅਰੋੜਾ ਨੇ ਕਰਵਾਈ।

ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹਨ ਪਰ ਸਾਰੇ ਆਗੂ ਉਨ੍ਹਾਂ ਨਾਲ ਮਿਲ ਕੇ ਹਾਈਕਮਾਨ ਕੋਲ ਜਾਣ। ਇਸ 'ਤੇ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਇੱਕ ਵਿਅਕਤੀ ਨਾਲ ਕੋਈ ਨਿੱਜੀ ਐਤਰਾਜ਼ ਨਹੀਂ, ਇਹ ਮਾਮਲਾ ਪੰਜਾਬ ਦੇ ਲੋਕਾਂ ਦੀ ਰਾਇ ਅਤੇ ਪਾਰਟੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।

ਉੱਧਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਅਹੁਦੇ ਦੀ ਲਾਲਸਾ ਨਹੀਂ। ਉਨ੍ਹਾਂ ਦੀ ਪਹਿਲ ਸਿਰਫ਼ ਇਹ ਹੈ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇ।

ਰਾਜਾ ਵੜਿੰਗ ਨੇ ਅਸਤੀਫੇ ਦੀਆਂ ਖ਼ਬਰਾਂ ਨਕਾਰੀਆਂ

ਰਾਜਾ ਵੜਿੰਗ ਨੇ ਆਪਣੇ ਅਸਤੀਫੇ ਨਾਲ ਜੁੜੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ "ਹਰ ਬੂਥ ਕਾਂਗਰਸ ਮਜ਼ਬੂਤ" ਮੁਹਿੰਮ ਤਹਿਤ ਪਹਿਲਾਂ ਹੀ ਜ਼ਿਲ੍ਹਾ-ਵਾਰ ਦੌਰੇ ਤੈਅ ਹਨ। ਉਹ 9 ਦਿਨਾਂ ਵਿੱਚ 18 ਜ਼ਿਲ੍ਹਿਆਂ ਦਾ ਦੌਰਾ ਕਰਕੇ ਵਰਕਰਾਂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਨਾਲ ਮੀਟਿੰਗਾਂ ਕਰਨਗੇ।

ਉਨ੍ਹਾਂ ਆਰੋਪ ਲਾਇਆ ਕਿ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਝੂਠੀਆਂ ਖ਼ਬਰਾਂ ਫੈਲਾ ਕੇ ਭਰਮ ਪੈਦਾ ਕਰ ਰਿਹਾ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ "ਸੂਤਰਾਂ" ਦੀ ਬਜਾਏ ਅਧਿਕਾਰਕ ਜਾਣਕਾਰੀ ਅਤੇ ਤੱਥਾਂ ਦੇ ਆਧਾਰ 'ਤੇ ਹੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਣ।

ਚੰਨੀ ਖ਼ਿਲਾਫ਼ ਹਾਈਕਮਾਨ ਕੋਲ ਸ਼ਿਕਾਇਤ

ਇਸੇ ਦੌਰਾਨ ਫਰੀਦਕੋਟ ਵਿੱਚ ਪਾਰਟੀ ਲਾਈਨ ਤੋਂ ਹਟ ਕੇ ਧਰਨਾ ਦੇਣ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਨਾ ਬੁਲਾਉਣ ਦੇ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਹਾਈਕਮਾਨ ਕੋਲ ਸ਼ਿਕਾਇਤ ਕੀਤੀ ਗਈ ਹੈ।

ਫਰੀਦਕੋਟ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਦਕਿ ਇਹ ਪ੍ਰੋਗਰਾਮ 31 ਜੁਲਾਈ ਨੂੰ ਹੋਣਾ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਰਾਜਾ ਵੜਿੰਗ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ। ਰਾਜਾ ਵੜਿੰਗ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਜਨਤਕ ਨਾ ਕੀਤਾ ਜਾਵੇ, ਨਹੀਂ ਤਾਂ ਪਾਰਟੀ ਦੀ ਬਦਨਾਮੀ ਹੋਵੇਗੀ। ਬੱਬੂ ਬਰਾੜ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਭੂਪੇਸ਼ ਬਘੇਲ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ।

Author : ਸ਼ੰਕਰ ਦਾਸ

Dailyhunt
Disclaimer: This content has not been generated, created or edited by Dailyhunt. Publisher: ABP Sanjha