Punjab News: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਰਕਾਰੀ ਅਧਿਕਾਰੀਆਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਵਿਜੀਲੈਂਸ ਬਿਉਰੋ ਨੇ ਪੰਚਾਇਤੀ ਰਾਜ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਅਤੇ ਏ. ਡੀ. ਸੀ. (ਡੀ) ਸੁਰਿੰਦਰ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਇਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਜਾਣਕਾਰੀ ਮੁਤਾਬਕ ਪਿੰਡ ਹਰਿਆਉ ਖੁਰਦ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਕਰਵਾਉਣ ਸਬੰਧੀ ਵਿਭਾਗ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ। ਕਮੇਟੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ। ਸਾਲ 2011 ਤੋਂ ਲੈ ਕੇ 2018 ਤੱਕ ਦੌਰਾਨ ਤਾਇਨਾਤ ਰਹੇ ਪੰਚਾਇਤ ਸਕੱਤਰ ਤੋਂ ਲੈ ਕੇ ਡੀ. ਡੀ. ਪੀ. ਓ. ਅਤੇ ਡਿਪਟੀ ਡਾਇਰੈਕਟਰ ਤੱਕ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਪਰ ਮਾਮਲੇ 'ਚ ਹੁਣ ਅਚਾਨਕ ਉਦੋਂ ਤੇਜ਼ੀ ਆਈ, ਜਦੋਂ ਇਹ ਵਿਜੀਲੈਂਸ ਕੋਲ ਚਲਾ ਗਿਆ।
ਵਿਜੀਲੈਂਸ ਨੇ ਇਸ ਮਾਮਲੇ 'ਚ ਕੇਸ ਦਰਜ ਕਰਕੇ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਅਤੇ ਏ. ਡੀ. ਸੀ. ਵਿਕਾਸ ਸੁਰਿੰਦਰ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਹੜੇ ਸਮੇਂ 'ਚ ਪੰਚਾੲਤੀ ਜ਼ਮੀਨ ਦੀ ਬੋਲੀ ਨਾ ਕਰਵਾਉਣ ਦੀ ਗੱਲ ਹੈ, ਇਹ ਦੋਵੇਂ ਅਧਿਕਾਰੀ ਉਸ ਸਮੇਂ ਦੌਰਾਨ ਤਾਇਨਾਤ ਸਨ। ਇਸ ਕਾਰਨ ਦੋਵਾਂ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਇੱਥੇ ਜਾਣੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਇਸ ਪਿੰਡ 'ਚ ਸੈਂਕੜੇ ਏਕੜ ਸ਼ਾਮਲਾਟ ਜ਼ਮੀਨ ਹੈ, ਜਿਸ ਦੀ ਬੋਲੀ ਨਾ ਕਰਵਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਕਈ ਸਾਲ ਲਗਾਤਾਰ ਬੋਲੀ ਨਾ ਕਰਵਾਉਣ ਕਾਰਨ ਸਰਕਾਰੀ ਖਜ਼ਾਨੇ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਵਿਜੀਲੈਂਸ ਨੇ ਮਾਮਲੇ ਦੀ ਜਾਂਚ ਦਾ ਦਾਇਰਾ ਕਾਫੀ ਵਧਾ ਦਿੱਤਾ ਹੈ। ਇਸ ਮਾਮਲੇ 'ਚ ਉਸ ਸਮੇਂ ਦੌਰਾਨ ਤਾਇਨਾਤ ਰਹੇ ਬੀ. ਡੀ. ਪੀ. ਓ., ਪੰਚਾਇਤ ਸਕੱਤਰ ਸਮੇਤ ਜਿਹੜੇ ਵੀ ਸਬੰਧਤ ਅਧਿਕਾਰੀ ਹਨ, ਸਾਰਿਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਇਨ੍ਹਾਂ 'ਚੋਂ ਕਈ ਤਾਂ ਰਿਟਾਇਰਡ ਵੀ ਹੋ ਚੁੱਕੇ ਹਨ। ਹਾਲਾਂਕਿ ਵਿਭਾਗ 'ਚ ਇਹ ਮਾਮਲਾ ਪਹਿਲਾਂ ਵੀ ਕਾਫੀ ਸੁਰਖੀਆਂ ਵਿਚ ਸੀ ਪਰ ਮਾਮਲੇ 'ਚ ਕਾਰਵਾਈ ਠੰਡੇ ਬਸਤੇ 'ਚ ਪਈ ਹੋਈ ਸੀ ਪਰ ਹੁਣ ਅਚਾਨਕ ਕੇਸ ਦਰਜ ਕਰ ਕੇ ਗ੍ਰਿਫਤਾਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
Author : ABP Sanjha

