Dailyhunt
ਅਧਿਆਪਕਾਂ ਲਈ ਨਹੀਂ ਰਹੀ ਗੁੱਡ ਫਰਾਈਡੇ, CBSE ਵੱਲੋਂ ਉੱਤਰ ਪੱਤਰੀਆਂ ਦੀ ਚੈਕਿੰਗ ਤੇਜ਼

ਅਧਿਆਪਕਾਂ ਲਈ ਨਹੀਂ ਰਹੀ ਗੁੱਡ ਫਰਾਈਡੇ, CBSE ਵੱਲੋਂ ਉੱਤਰ ਪੱਤਰੀਆਂ ਦੀ ਚੈਕਿੰਗ ਤੇਜ਼

ਵੀਂ ਦਿੱਲੀ, 3 ਅਪ੍ਰੈਲ - ਦੇਸ਼ ਭਰ ਵਿੱਚ ਲੋਕ ਗੁੱਡ ਫਰਾਈਡੇ ਤੋਂ ਸ਼ੁਰੂ ਹੋਣ ਵਾਲੇ ਲੰਬੇ ਵੀਕਐਂਡ ਦੀਆਂ ਤਿਆਰੀਆਂ ਕਰ ਰਹੇ ਹਨ, ਪਰ ਪੰਜਾਬ ਦੇ ਬਹੁਤੇ ਸੀ ਬੀ ਐੱਸ ਈ ਸਕੂਲਾਂ ਦੇ ਅਧਿਆਪਕਾਂ ਨੂੰ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਕਾਪੀਆਂ ਚੈੱਕ ਕਰਨ ਲਈ ਮੁਲਾਂਕਣ ਕੇਂਦਰਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੇਸ਼ ਭਰ ਦੇ 25 ਲੱਖ ਤੋਂ ਵੱਧ ਵਿਦਿਆਰਥੀਆਂ ਨਾਲ ਸਬੰਧਤ 2026 ਅਕਾਦਮਿਕ ਸੈਸ਼ਨ ਦੇ ਨਤੀਜੇ ਅਪਰੈਲ ਦੇ ਅੱਧ (14 ਤੋਂ 27 ਅਪਰੈਲ ਦੇ ਵਿਚਕਾਰ) ਤੱਕ ਐਲਾਨੇ ਜਾਣ ਦੀ ਉਮੀਦ ਹੈ, ਜਿਸ ਕਾਰਨ ਬੋਰਡ ਨੇ ਮੁਲਾਂਕਣ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਅਤੇ ਅਧਿਆਪਕਾਂ 'ਤੇ ਵਾਧੂ ਦਬਾਅ ਪਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਸਿਟੀ ਕੋਆਰਡੀਨੇਟਰਾਂ ਵੱਲੋਂ ਸਮੇਂ ਸਿਰ ਕੰਮ ਮੁਕੰਮਲ ਕਰਨ ਲਈ ਵਾਧੂ ਸਟਾਫ ਅਤੇ ਇੱਥੋਂ ਤੱਕ ਕਿ ਘੱਟ ਤਜ਼ਰਬੇ ਵਾਲੇ ਨਵੇਂ ਅਧਿਆਪਕਾਂ ਨੂੰ ਵੀ ਡਿਊਟੀ 'ਤੇ ਬੁਲਾਇਆ ਜਾ ਰਿਹਾ ਹੈ। ਲੁਧਿਆਣਾ ਦੇ ਇੱਕ ਅਧਿਆਪਕ ਨੇ ਦੱਸਿਆ ਕਿ ਛੁੱਟੀਆਂ ਵਾਲੇ ਦਿਨ ਅਧਿਆਪਕਾਂ ਨੂੰ ਬੁਲਾਉਣਾ ਸੀ ਬੀ ਐੱਸ ਈ ਦੀ ਮਾੜੀ ਯੋਜਨਾਬੰਦੀ ਨੂੰ ਦਰਸਾਉਂਦਾ ਹੈ, ਜਦਕਿ ਇੱਕ ਸਿਟੀ ਕੋਆਰਡੀਨੇਟਰ ਨੇ ਕਿਹਾ ਕਿ ਪਹਿਲਾਂ ਨਤੀਜੇ ਮਈ ਵਿੱਚ ਆਉਂਦੇ ਸਨ ਪਰ ਇਸ ਵਾਰ ਇੱਕ ਮਹੀਨਾ ਪਹਿਲਾਂ ਐਲਾਨੇ ਜਾਣੇ ਹਨ, ਜਿਸ ਕਾਰਨ ਉਹ ਸਿਰਫ਼ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਇਸ ਸਾਲ ਪੰਜਾਬ ਦੇ ਲਗਪਗ 1.10 ਲੱਖ ਵਿਦਿਆਰਥੀਆਂ ਨੇ 17 ਫਰਵਰੀ ਤੋਂ 11 ਮਾਰਚ ਦਰਮਿਆਨ ਹੋਈ ਦਸਵੀਂ ਦੀ ਪ੍ਰੀਖਿਆ ਦਿੱਤੀ ਹੈ। ਕੌਮੀ ਸਿੱਖਿਆ ਨੀਤੀ 2020 ਦੇ ਤਹਿਤ ਇਸ ਵਾਰ ਦੋ-ਪ੍ਰੀਖਿਆ ਪ੍ਰਣਾਲੀ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਵਿਦਿਆਰਥੀ ਆਪਣੇ ਅੰਕ ਸੁਧਾਰਨ ਲਈ ਮਈ ਵਿੱਚ ਦੂਜੀ ਵਾਰ ਪ੍ਰੀਖਿਆ ਦੇ ਸਕਦੇ ਹਨ।

Dailyhunt
Disclaimer: This content has not been generated, created or edited by Dailyhunt. Publisher: Ajdapunjab