Dailyhunt Logo
  • Light mode
    Follow system
    Dark mode
    • Play Story
    • App Story
ਕਵਿਤਾ/ਦੇਸ਼ਧ੍ਰੋਹ/ਯਸ਼ ਪਾਲ

ਕਵਿਤਾ/ਦੇਸ਼ਧ੍ਰੋਹ/ਯਸ਼ ਪਾਲ

ਨੇਤਾ ਜੀ! ਅਸੀਂ ਦੇਸ਼ਭਗਤ ਹਾਂ
ਦੇਸ਼ ਦੀ ਖ਼ਾਤਰ
ਅਸੀਂ ਮਰ ਸਕਦੇ ਹਾਂ

ਪਰ ਕੀ
ਪੁਲ ਦੇ ਥੱਲੇ ਦਬ ਕੇ
ਮਰ ਜਾਣਾ
ਦੇਸ਼ਭਗਤੀ ਹੈ
ਜਾਂ ਪੁਲ-ਉਸਾਰੀ 'ਚ
ਭ੍ਰਿਸ਼ਟਾਚਾਰ ਦੀ
ਖ਼ਬਰ ਦਬਾਉਣਾ
ਦੇਸ਼ਭਗਤੀ ਹੈ?

ਕੀ ਦੇਸ਼ਭਗਤੀ ਹੈ
ਅੱਖਾਂ ਦੇ ਸਾਹਮਣੇ
ਦੇਸ਼ ਨੂੰ ਲੁੱਟਣ ਦੇਣਾ
ਜ਼ਹਿਰ ਨਦੀਆਂ 'ਚ
ਘੁਲਣ ਦੇਣਾ
ਜੰਗਲ ਪਹਾੜ ਕੱਟਣ ਦੇਣਾ
ਕੱਟ ਕੇ ਜੇਬ ਜਨਤਾ ਦੀ
ਸੇਠਾਂ ਦੀ ਤਿਜੌਰੀ

ਭਰਨ ਦੇਣਾ?

ਭੁਖਮਰੀ ਬੇਰੁਜ਼ਗਾਰੀ
ਤਕਲੀਫ਼ ਨਾਲ
ਬੱਚੇ ਮਰਨ ਦੇਣਾ?

ਤੇ ਤੁਹਾਡੀ ਧਾਂਧਲੀ ਨਾਲ
ਮਰ ਜਾਂਦਾ ਹੈ
ਜੇ ਕੋਈ ਬੱਚਾ
ਤਾਂ ਇਨਸਾਫ਼ ਮੰਗਣਾ ਵੀ
ਕੀ ਹੁਣ
ਦੇਸ਼ਧ੍ਰੋਹ ਹੋ ਗਿਆ ਹੈ?

ਕੀ ਦੇਸ਼ਧ੍ਰੋਹ 'ਚ ਆਉਂਦਾ ਹੈ
ਸਿੱਖਿਆ ਸਿਹਤ ਦੀ
ਮੰਗ ਉਠਾਉਣਾ ਵੀ?
ਕੀ ਦੇਸ਼ਧ੍ਰੋਹ 'ਚ ਆਉਂਦਾ ਹੈ
ਮਰੀ ਹੋਈ
ਜ਼ਮੀਰ ਜਗਾਉਣਾ ਵੀ?

ਨੇਤਾ ਜੀ!
ਅਸੀਂ ਦੇਸ਼ਭਗਤ ਹਾਂ
ਟੈਕਸ
ਬਰਾਬਰ ਭਰਦੇ ਹਾਂ

ਫਿਰ ਵੀ
ਕੀ ਇਹ ਦੇਸ਼ਭਗਤੀ ਹੈ
ਮਾੜੇ ਪ੍ਰਬੰਧਾਂ ਦੀ
ਭੇਟ ਚੜ੍ਹ ਜਾਣਾ
ਜਾਂ ਹਰ ਕਤਲ ਨੂੰ
ਰੱਬ ਦਾ ਪ੍ਰਕੋਪ ਬਣਾ ਦੇਣਾ?

ਰੋਜ ਹੀ ਮੰਚਾਂ ਤੋਂ ਆਵਾਜ਼ਾਂ
ਬੇਟੀ ਬਚਾਉਣ ਦੀਆਂ
ਉਠਦੀਆਂ ਨੇ
ਪਰ ਕੈਸਾ ਰਾਮ-ਰਾਜ ਹੈ
ਜਿਸ ਅੰਦਰ ਦਿਨ 'ਚ
ਅੱਸੀ ਸੀਤਾਵਾਂ ਲੁਟਦੀਆਂ ਨੇ

ਤੇ ਉਸ 'ਤੇ ਬਲਾਤਕਾਰੀਆਂ ਨੂੰ
ਰੈਲੀ 'ਚ ਲੈਕੇ ਆਉਣਾ
ਵਾਹ!
ਉਦੋਂ ਕਿਉਂ ਨ੍ਹੀਂ ਨਿਕਲਦੀ
ਇਨ੍ਹਾਂ ਔਰਤਾਂ ਦੇ ਨਾਂ 'ਤੇ
ਆਹ!

ਕੋਈ ਸੁਆਲ ਹੋਵੇ
ਕਿਹੋ ਜਿਹਾ ਵੀ ਹੋਵੇ
ਬਸ ਇੱਕ ਦੁਸ਼ਮਣ
ਖੜ੍ਹਾ ਕਰ ਦਿੱਤਾ
ਇਸ ਨੇ ਪੁੱਛਿਆ
ਤਾਂ ਉਸਨੇ ਉਸਨੂੰ
ਪਰੋਸ ਦਿੱਤਾ

ਨੇਤਾ ਜੀ!
ਅਸੀਂ ਦੇਸ਼ਭਗਤ ਹਾਂ
ਦੇਸ਼ ਦੀ ਖ਼ਾਤਰ
ਲੜ ਸਕਦੇ ਹਾਂ

ਪਰ ਕੀ ਆਪਣੇ ਹੀ
ਦੇਸ਼ਵਾਸੀਆਂ ਨਾਲ
ਲੜਣਾ
ਦੇਸ਼ਭਗਤੀ ਹੈ?

ਜਾਂ ਆਪਣੇ ਬੱਚਿਆਂ ਨੂੰ
ਨਫ਼ਰਤ ਦਾ ਪਾਠ
ਪੜ੍ਹਾਉਣਾ
ਦੇਸ਼ਭਗਤੀ ਹੈ?

ਨੇਤਾ ਜੀ!
ਪਹਿਲੀਆਂ ਸਰਕਾਰਾਂ ਤੋਂ
ਅਸੀਂ ਉਕਤਾਏ ਸੀ
ਇਸ ਲਈ
ਬਦਲਾਅ ਖ਼ਾਤਰ
ਤੁਹਾਨੂੰ ਚੁਣਕੇ
ਲਿਆਏ ਸੀ

ਪਰ ਤੁਸੀਂ ਤਾਂ
ਡੁੱਬਣ ਵਾਲਿਆਂ ਹੱਥੋਂ
ਤਿਨਕਾ ਵੀ
ਖੋਹ ਲਿਆ

ਤੁਸੀਂ ਬੱਸ
ਉਮੀਦ ਹੀ ਨਹੀਂ
ਰੋਸ ਦਾ ਹੱਕ ਵੀ
ਖੋਹ ਲਿਆ

ਪਰ ਭਗਤ ਭੁੱਲ ਗਏ
ਇਹ ਭਗਤਾਂ ਦੀ ਨਹੀਂ
ਭਗਤ ਸਿੰਘ ਦੀ ਧਰਤੀ ਹੈ

ਕ੍ਰਾਂਤੀ ਉਨੀਂ ਭੜਕਦੀ ਹੈ
ਜਿੰਨੀ ਬਰਬਰਤਾ ਕੜਕਦੀ ਹੈ

ਲੋਕਤੰਤਰ ਦੇ ਨੌਕਰ ਹੋ
ਤਾਨਾਸ਼ਾਹ ਦਾ
ਆਦੇਸ਼ ਨਹੀਂ ਹੋ!
ਨੇਤਾਜੀ!
ਕਿਉਂ ਭੁੱਲ ਰਹੇ ਹੋ
ਨੇਤਾ ਹੋ ਤੁਸੀਂ
ਦੇਸ਼ ਨਹੀਂ ਹੋ!

ਮੂਲ #ਸ਼ਾਇਰਾ ਕੀਰਤੀ

ਹਿੰਦੀ ਵੀਡੀਓ ਤੋਂ ਪੰਜਾਬੀ:
ਯਸ਼ ਪਾਲ ਵਰਗ ਚੇਤਨਾ
(98145 35005)

Dailyhunt
Disclaimer: This content has not been generated, created or edited by Dailyhunt. Publisher: Ajdapunjab