Dailyhunt Logo
  • Light mode
    Follow system
    Dark mode
    • Play Story
    • App Story
ਮਾਰੂ ਹਥਿਆਰ ਦੀ ਵਰਤੋਂ

ਮਾਰੂ ਹਥਿਆਰ ਦੀ ਵਰਤੋਂ

ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰੋਟੈੱਸਟ ਕਰਨ ਵਾਲਿਆਂ 'ਤੇ 20 ਜੁਲਾਈ ਨੂੰ ਸਰਕਾਰੀ ਜਬਰ ਦੌਰਾਨ ਪੈਲੇਟ ਗੰਨ ਵਰਤੇ ਜਾਣ ਦੀ ਪ੍ਰੋੜ੍ਹਤਾ ਲਗਾਤਾਰ ਹੋ ਰਹੀ ਹੈ, ਭਾਵੇਂ ਕਿ ਪੁਲਸ ਇਨਕਾਰ ਕਰ ਰਹੀ ਹੈ। 19 ਸਾਲਾ ਸਾਹਿਲ ਲੋਚਬ ਦੀ 21 ਜੁਲਾਈ ਨੂੰ ਏਮਜ਼ ਦੇ ਜੈ ਪ੍ਰਕਾਸ਼ ਨਾਰਾਇਣ ਐਪੈਕਸ ਟਰਾਮਾ ਸੈਂਟਰ ਵਿੱਚ ਸਰਜਰੀ ਹੋਈ।

ਡਾਕਟਰਾਂ ਮੁਤਾਬਕ ਉਸ ਦੀ ਸੱਜੀ ਅੱਖ ਦੀ ਨਜ਼ਰ ਵਾਪਸ ਆਉਣ ਦੀ ਸਿਰਫ ਇੱਕ ਪ੍ਰਤੀਸ਼ਤ ਸੰਭਾਵਨਾ ਹੈ। ਦੱਖਣ-ਪੱਛਮੀ ਦਿੱਲੀ ਦੇ ਨਜਫਗੜ੍ਹ ਦਾ ਰਹਿਣ ਵਾਲਾ ਸਾਹਿਲ, ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ ਦਾ ਵਿਦਿਆਰਥੀ ਹੈ। ਉਸ ਦੀ ਮਾਂ ਜੋਤੀ ਮੁਤਾਬਕ ਉਹ ਪਹਿਲਾਂ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਚੁੱਕਾ ਸੀ ਅਤੇ 20 ਜੁਲਾਈ ਨੂੰ ਦੁਬਾਰਾ ਗਿਆ ਸੀ। ਉਸ ਨੇ ਕਿਹਾ ਸੀ ਕਿ ਇਹ ਜ਼ਰੂਰੀ ਹੈ ਅਤੇ ਉਸ ਦੀ ਪੜ੍ਹਾਈ ਵਿੱਚ ਉਸ ਦੀ ਮਦਦ ਕਰੇਗਾ। ਉਹ ਹਮੇਸ਼ਾ ਇੱਕ ਪੁਲਸ ਅਧਿਕਾਰੀ ਬਣਨਾ ਚਾਹੁੰਦਾ ਸੀ। ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਸੀ। ਜੋਤੀ ਨੇ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਪਤਾ ਲਗਾਏ ਕਿ ਪੈਲੇਟ ਗੰਨ ਕਿਸ ਨੇ ਚਲਾਈ ਸੀ।

ਸ਼ੇਖ ਇਰਸ਼ਾਦ ਮਨਸੂਰੀ ਨੇ ਵੀ ਆਪਣੇ ਸਰੀਰ ਵਿੱਚੋਂ ਪੈਲੇਟ ਵਰਗੀਆਂ ਚੀਜ਼ਾਂ ਨੂੰ ਹਟਾਉਣ ਲਈ ਸਰਜਰੀ ਕਰਵਾਈ ਹੈ। ਉਹ ਇਸ ਸਮੇਂ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਦਾਖਲ ਹੈ। ਇਰਸ਼ਾਦ ਕਨਾਟ ਪਲੇਸ ਦੇ ਅੰਡਰਗਰਾਊਂਡ ਪਾਲਿਕਾ ਬਾਜ਼ਾਰ ਵਿਖੇ ਜ਼ਖਮੀ ਹੋਇਆ ਸੀ। ਇੱਕ ਵੀਡੀਓ ਵੀ ਮਿਲੀ ਹੈ, ਜਿਸ ਵਿੱਚ ਇੱਕ ਰੈਪਿਡ ਐਕਸ਼ਨ ਫੋਰਸ (ਆਰ ਏ ਐੱਫ) ਦਾ ਜਵਾਨ ਉਸੇ ਥਾਂ ਪੈਲੇਟ ਗੰਨ ਵਰਗੇ ਜਾਪਦੇ ਹਥਿਆਰ ਨਾਲ ਗੋਲੀਬਾਰੀ ਕਰਦਾ ਨਜ਼ਰ ਆ ਰਿਹਾ ਹੈ। ਇੱਕ ਹੋਰ ਵੀਡੀਓ ਵਿੱਚ ਉਸੇ ਥਾਂ 'ਤੇ ਇੱਕ ਹੋਰ ਆਦਮੀ ਦੇ ਸਰੀਰ 'ਤੇ ਪੈਲੇਟ ਵਰਗੇ ਜ਼ਖਮ ਦਿਖਾਈ ਦੇ ਰਹੇ ਹਨ। ਮਾਹਰਾਂ ਨੇ ਦੱਸਿਆ ਹੈ ਕਿ ਵੀਡੀਓ ਅਤੇ ਤਸਵੀਰਾਂ ਵਿੱਚ ਜਵਾਨਾਂ ਦੇ ਹੱਥਾਂ ਵਿੱਚ ਦਿਖਾਈ ਦੇਣ ਵਾਲੇ ਹਥਿਆਰ 12-ਬੋਰ ਪੰਪ-ਐਕਸ਼ਨ ਸ਼ਾਟਗੰਨਾਂ ਹਨ, ਜਿਨ੍ਹਾਂ ਨੂੰ ਬੋਲਚਾਲ ਵਿੱਚ ਪੈਲੇਟ ਗੰਨ ਕਿਹਾ ਜਾਂਦਾ ਹੈ। ਇੱਕ ਪੇਸ਼ੇਵਰ ਨਿਸ਼ਾਨੇਬਾਜ਼ ਨੇ ਦੱਸਿਆ ਕਿ ਇਸ ਗੰਨ ਦੀ ਨਾਲੀ ਵਿੱਚੋਂ ਇੱਕ ਗੋਲੀ ਦੀ ਥਾਂ ਸੈਂਕੜਿਆਂ ਦੀ ਗਿਣਤੀ ਵਿੱਚ ਛੱਰੇ ਨਿਕਲਦੇ ਹਨ, ਜਿਹੜੇ ਕਾਫੀ ਵੱਡੇ ਇਲਾਕੇ ਵਿੱਚ ਮਾਰ ਕਰਦੇ ਹਨ। ਆਉਟਲੁੱਕ ਮੈਗਜ਼ੀਨ ਦੇ ਪੱਤਰਕਾਰ ਨੂੰ ਵੀ ਪੈਲੇਟ ਗੰਨ ਦੀਆਂ ਗੋਲੀਆਂ ਲੱਗੀਆਂ ਹਨ। ਉਹ ਵੀ ਪਾਲਿਕਾ ਬਾਜ਼ਾਰ ਦੇ ਨੇੜੇ ਜ਼ਖਮੀ ਹੋਇਆ। ਉਸ ਦੀ ਛਾਤੀ ਅਤੇ ਚਿਹਰੇ ਦਾ ਬਚਾਅ ਹੋ ਗਿਆ, ਪਰ ਉਸ ਦੇ ਹੱਥ 'ਤੇ ਗੰਭੀਰ ਜ਼ਖਮ ਹੋਏ ਹਨ। ਗੰਨ ਚੱਲਦੇ ਹੀ ਉਹ ਆਰ ਏ ਐੱਫ ਦੇ ਜਵਾਨ ਤੋਂ ਦੂਰ ਹੋ ਗਿਆ ਸੀ।

ਮੋਦੀ ਰਾਜ ਦੌਰਾਨ ਪੈਲੇਟ ਗੰਨਾਂ ਨਾਲ ਕਸ਼ਮੀਰ ਵਿੱਚ ਸੈਂਕੜੇ ਲੋਕ ਅੰਨ੍ਹੇ ਹੋ ਗਏ ਸਨ। ਕਿਸਾਨ ਅੰਦੋਲਨ ਦੌਰਾਨ ਵੀ ਇਸ ਦੀ ਵਰਤੋਂ ਕੀਤੀ ਗਈ। ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਸ ਹਥਿਆਰ ਦੀ ਆਮ ਲੋਕਾਂ ਵਿਰੁੱਧ ਵਰਤੋਂ ਦੀ ਘੋਰ ਨਿੰਦਾ ਕੀਤੀ ਸੀ। ਸੰਯੁਕਤ ਰਾਸ਼ਟਰ ਵੀ ਇਸ ਦੀ ਵਰਤੋਂ ਦਾ ਵਿਰੋਧ ਕਰ ਚੁੱਕਾ ਹੈ। ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੌਰਾਨ ਪੈਲੇਟ ਗੰਨਾਂ ਦੀ ਵਰਤੋਂ ਦਾ ਦੋਸ਼ ਦਿੱਲੀ ਪੁਲਸ 'ਤੇ ਨਹੀਂ, ਸਗੋਂ ਆਰ ਏ ਐੱਫ 'ਤੇ ਲਗਾਇਆ ਜਾ ਰਿਹਾ ਹੈ, ਜੋ ਕਿ ਸੀ ਆਰ ਪੀ ਐੱਫ ਦੇ ਅਧੀਨ ਆਉਂਦੀ ਹੈ ਅਤੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ। ਸੀ ਆਰ ਪੀ ਐੱਫ ਦੇ ਅਧਿਕਾਰੀ ਕਹਿ ਰਹੇ ਹਨ ਕਿ ਆਰ ਏ ਐੱਫ ਦੇ ਅਧਿਕਾਰੀ ਹੀ ਇਸ ਬਾਰੇ ਕੋਈ ਜਵਾਬ ਦੇ ਸਕਦੇ ਹਨ ਪਰ ਆਰ ਏ ਐੱਫ ਦੇ ਅਧਿਕਾਰੀ ਗੱਲ ਕਰਨ ਲਈ ਤਿਆਰ ਨਹੀਂ। ਸਰਕਾਰ ਅਜੇ ਵੀ ਆਪਣੇ ਇਸ ਸਟੈਂਡ 'ਤੇ ਦਿੜ੍ਹ ਹੈ ਕਿ ਇਹ ਗੈਰ-ਮਾਰੂ ਹਥਿਆਰ ਹੈ, ਜਦਕਿ ਕੌਮਾਂਤਰੀ ਪੁਲਿਸਿੰਗ ਸਟੈਂਡਰਡ ਇਸ ਨੂੰ ਘੱਟ-ਮਾਰੂ ਮੰਨਦੇ ਹਨ। ਇਸ ਨਾਲ ਬੰਦਾ ਭਾਵੇਂ ਮਰਦਾ ਨਹੀਂ, ਪਰ ਅੰਨ੍ਹਾ ਜਾਂ ਨਕਾਰਾ ਹੋ ਜਾਂਦਾ ਹੈ।

Dailyhunt
Disclaimer: This content has not been generated, created or edited by Dailyhunt. Publisher: Ajdapunjab