Dailyhunt Logo
  • Light mode
    Follow system
    Dark mode
    • Play Story
    • App Story
ਮਾਰਕੀਟ ਕਮੇਟੀ ਖ਼ਿਲਾਫ਼ ਸਬਜ਼ੀ ਮੰਡੀ ਯੂਨੀਅਨ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ

ਮਾਰਕੀਟ ਕਮੇਟੀ ਖ਼ਿਲਾਫ਼ ਸਬਜ਼ੀ ਮੰਡੀ ਯੂਨੀਅਨ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ

ਰਨਾਲਾ, 29 ਮਈ - ਬਰਨਾਲਾ ਸਥਾਨਕ ਸਬਜ਼ੀ ਮੰਡੀ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਬਰਨਾਲਾ ਦੀਆਂ ਕਥਿਤ ਗਲਤ ਨੀਤੀਆਂ ਅਤੇ ਅਣਗਹਿਲੀ ਖ਼ਿਲਾਫ਼ ਪ੍ਰਧਾਨ ਗੌਰਵ ਕੁਮਾਰ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁੱਸੇ ਵਿੱਚ ਆਏ ਮੰਡੀ ਦੇ ਵਪਾਰੀਆਂ ਤੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਦੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਸਬਜ਼ੀ ਮੰਡੀ ਯੂਨੀਅਨ ਦੇ ਪ੍ਰਧਾਨ ਗੌਰਵ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੀ ਨਾਕਾਮੀ ਕਾਰਨ ਮੰਡੀ ਦੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਖੁਲਾਸਾ ਕੀਤਾ ਕਿ ਸਬਜ਼ੀ ਮੰਡੀ ਲਈ ਦੋ ਮੁੱਖ ਸ਼ੈੱਡ ਪਾਸ ਹੋਏ ਸਨ, ਪਰ ਪ੍ਰਸ਼ਾਸਨ ਵੱਲੋਂ ਉੱਥੇ ਰਿਟੇਲ (ਪ੍ਰਚੂਨ) ਮੰਡੀ ਲਈ ਸ਼ੈੱਡ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸਮੁੱਚੀ ਯੂਨੀਅਨ ਵਿੱਚ ਭਾਰੀ ਰੋਸ ਹੈ।

ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਦਾ ਮੌਜੂਦਾ ਸ਼ੈੱਡ ਬਹੁਤ ਛੋਟਾ ਹੈ, ਜਿਸ ਕਾਰਨ ਨਾ ਤਾਂ ਫ਼ਸਲ ਸਾਂਭੀ ਜਾ ਰਹੀ ਹੈ ਅਤੇ ਨਾ ਹੀ ਗਾਹਕਾਂ ਨੂੰ ਕੋਈ ਸਹੂਲਤ ਮਿਲ ਰਹੀ ਹੈ।ਯੂਨੀਅਨ ਆਗੂਆਂ ਨੇ ਮੰਡੀ ਦੇ ਹਾਲਾਤ ਬਿਆਨ ਕਰਦਿਆਂ ਕਿਹਾ ਕਿ ਮੰਡੀ ਦੇ ਆਲੇ-ਦੁਆਲੇ ਨਾਜਾਇਜ਼ ਤੌਰ 'ਤੇ ਕਬਾੜ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ। ਇਨ੍ਹਾਂ ਦੁਕਾਨਾਂ ਕਾਰਨ ਜਿੱਥੇ ਹਰ ਵੇਲੇ ਭਿਆਨਕ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਹ ਥਾਵਾਂ ਹੁਣ ਨਸ਼ੇੜੀਆਂ ਦੇ ਅੱਡੇ ਬਣ ਚੁੱਕੀਆਂ ਹਨ। ਮੰਡੀ ਵਿੱਚ ਸਾਫ਼-ਸਫ਼ਾਈ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਵੱਡੇ ਢੇਰਾਂ ਵਿੱਚ ਅਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ।

ਯੂਨੀਅਨ ਨੇ ਜ਼ੋਰਦਾਰ ਮੰਗ ਕੀਤੀ ਕਿ ਮੰਡੀ ਵਿੱਚ ਨਵੇਂ ਬਣਾਏ ਗਏ ਸ਼ੈੱਡਾਂ ਵਿੱਚ ਆੜ੍ਹਤੀਆਂ ਨੂੰ ਬਣਦੀ ਜਗ੍ਹਾ ਮੁਹੱਈਆ ਕਰਵਾਈ ਜਾਵੇ ਅਤੇ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ। ਪ੍ਰਧਾਨ ਗੌਰਵ ਕੁਮਾਰ ਨੇ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਜਲਦ ਨਾ ਪ੍ਰਵਾਨ ਕੀਤੀਆਂ ਗਈਆਂ, ਤਾਂ ਉਹ ਮੰਡੀ ਵਿੱਚ ਦਰੀਆਂ ਵਿਛਾ ਕੇ ਅਣਮਿੱਥੇ ਸਮੇਂ ਲਈ ਪੱਕੇ ਧਰਨੇ 'ਤੇ ਬੈਠਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਬਰਨਾਲਾ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਬਜ਼ੀ ਮੰਡੀ ਯੂਨੀਅਨ ਦੇ ਅਹੁਦੇਦਾਰ, ਆਗੂ ਅਤੇ ਵਰਕਰ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Ajdapunjab