Dailyhunt Logo
  • Light mode
    Follow system
    Dark mode
    • Play Story
    • App Story
ਪੱਛਮੀ ਬੰਗਾਲ 'ਤੇ ਭਗਵਾਂ ਰੰਗ ਚੜ੍ਹਿਆ, ਦੱਖਣ ਨੇ ਹੱਲਾ ਪਛਾੜਿਆ

ਪੱਛਮੀ ਬੰਗਾਲ 'ਤੇ ਭਗਵਾਂ ਰੰਗ ਚੜ੍ਹਿਆ, ਦੱਖਣ ਨੇ ਹੱਲਾ ਪਛਾੜਿਆ

ਵੀਂ ਦਿੱਲੀ, 5 ਮਈ - ਸੈਕੂਲਰਿਜ਼ਮ ਦਾ ਗੜ੍ਹ ਰਿਹਾ ਪੱਛਮੀ ਬੰਗਾਲ ਸੋਮਵਾਰ ਭਾਜਪਾ ਦੀ ਵੱਡੀ ਜਿੱਤ ਨਾਲ ਭਗਵੇਂ ਰੰਗ ਵਿੱਚ ਰੰਗਿਆ ਗਿਆ, ਪਰ ਦੱਖਣ ਦੇ ਵੱਡੇ ਰਾਜਾਂ ਤਾਮਿਲਨਾਡੂ ਤੇ ਕੇਰਲਾ ਨੇ ਅੰਧ-ਰਾਸ਼ਟਰਵਾਦ ਦੇ ਹੱਲੇ ਨੂੰ ਪਛਾੜ ਦਿੱਤਾ। ਤਾਮਿਲਨਾਡੂ ਵਿੱਚ ਹੀਰੋ ਵਿਜੇ ਦੀ ਟੀ ਵੀ ਕੇ ਪਾਰਟੀ ਨੇ ਪਹਿਲੀ ਵਾਰ ਚੋਣ ਲੜ ਕੇ ਤਹਿਲਕਾ ਮਚਾ ਦਿੱਤਾ। ਉਸ ਨੇ ਦੋਹਾਂ ਵੱਡੀਆਂ ਦ੍ਰਾਵਿੜ ਪਾਰਟੀਆਂ ਡੀ ਐੱਮ ਕੇ ਤੇ ਅੰਨਾ ਡੀ ਐੱਮ ਕੇ ਨੂੰ ਬੇਦਖਲ ਕਰ ਦਿੱਤਾ।

ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂ ਡੀ ਐੱਫ) ਨੇ 10 ਸਾਲ ਤੋਂ ਰਾਜ ਕਰ ਰਹੇ ਲੈੱਫਟ ਡੈਮੋਕਰੇਟਿਕ ਫਰੰਟ (ਐੱਲ ਡੀ ਐੱਫ) ਨੂੰ ਹਰਾ ਕੇ ਵਾਪਸੀ ਕੀਤੀ, ਜਦਕਿ ਆਸਾਮ ਵਿੱਚ ਭਾਜਪਾ ਪਹਿਲਾਂ ਨਾਲੋਂ ਵੱਡੇ ਫਰਕ ਨਾਲ ਲਗਾਤਾਰ ਤੀਜੀ ਵਾਰ ਸੱਤਾ 'ਚ ਆ ਗਈ। ਪੁਡੂਚੇਰੀ ਵਿੱਚ ਵੀ ਭਾਜਪਾ ਨਾਲ ਮਿਲ ਕੇ ਚੱਲਣ ਵਾਲੀ ਮੁੱਖ ਮੰਤਰੀ ਐੱਨ ਰੰਗਾਸਵਾਮੀ ਦੀ ਪਾਰਟੀ ਆਲ ਇੰਡੀਆ ਐੱਨ ਆਰ ਕਾਂਗਰਸ ਅੱਗੇ ਚੱਲ ਰਹੀ ਸੀ। ਵਿਜੇ ਦੀ ਪਾਰਟੀ ਟੀ ਵੀ ਕੇ 30 ਸੀਟਾਂ ਜਿੱਤ ਚੁੱਕੀ ਸੀ ਤੇ 77 'ਤੇ ਅੱਗੇ ਚੱਲ ਰਹੀ ਸੀ।

ਬਹੁਮਤ ਲਈ 234 ਵਿੱਚੋਂ 118 ਸੀਟਾਂ ਦਰਕਾਰ ਹਨ। ਵਿਜੇ ਦੇ ਪਿਤਾ ਚੰਦਰਸ਼ੇਖਰ ਨੇ ਕਿਹਾ ਹੈ ਕਿ ਉਹ ਲੋੜ ਪੈਣ 'ਤੇ ਕਾਂਗਰਸ ਨਾਲ ਗੱਠਜੋੜ ਕਰ ਸਕਦੇ ਹਨ। ਕਮਿਊਨਿਸਟ ਪਾਰਟੀਆਂ ਵੱਲੋਂ ਵੀ ਵਿਜੇ ਦਾ ਸਾਥ ਦੇ ਦੇਣ ਦੀ ਉਮੀਦ ਹੈ। ਟੀ ਵੀ ਕੇ ਦੇ ਬੀ ਐੱਸ ਬਾਬੂ ਨੇ ਕੋਲਾਥੁਰ ਸੀਟ 'ਤੇ ਡੀ ਐਮ ਕੇ ਮੁਖੀ ਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੂੰ 8 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਪੁੱਡੂਚੇਰੀ ਦੀਆਂ 30 ਸੀਟਾਂ ਦੇ 24 ਨਤੀਜਿਆਂ ਵਿੱਚੋਂ ਰੰਗਾਸਵਾਮੀ ਦੀ ਪਾਰਟੀ ਨੇ 9 ਅਤੇ ਭਾਜਪਾ ਨੇ 3 ਸੀਟਾਂ ਜਿੱਤ ਲਈਆਂ ਸਨ। ਡੀ ਐੱਮ ਕੇ ਨੇ 3 ਤੇ ਟੀ ਵੀ ਕੇ ਨੇ 2 ਸੀਟਾਂ ਜਿੱਤੀਆਂ ਸਨ। 140 ਮੈਂਬਰੀ ਕੇਰਲਾ ਅਸੈਂਬਲੀ ਦੇ 134 ਨਤੀਜਿਆਂ ਵਿੱਚੋਂ 62 ਕਾਂਗਰਸ, 24 ਖੱਬੇ ਮੁਹਾਜ਼ ਤੇ 20 ਇੰਡੀਅਨ ਯੂਨੀਅਨ ਮੁਸਲਮ ਲੀਗ ਦੇ ਹੱਕ ਵਿੱਚ ਗਏ ਸਨ। ਲੀਗ ਕਾਂਗਰਸ ਦੇ ਗੱਠਜੋੜ ਵਿੱਚ ਹੈ। 126 ਮੈਂਬਰੀ ਆਸਾਮ ਅਸੈਂਬਲੀ ਦੇ 71 ਨਤੀਜਿਆਂ ਵਿੱਚੋਂ 57 ਭਾਜਪਾ, 6 ਬੋਡੋਲੈਂਡ ਪੀਪਲਜ਼ ਫਰੰਟ, 3 ਏ ਜੀ ਪੀ, 2 ਕਾਂਗਰਸ, ਇੱਕ-ਇੱਕ ਟੀ ਐੱਮ ਸੀ ਤੇ ਏ ਆਈ ਯੂ ਡੀ ਐੱਫ ਦੇ ਹੱਕ ਵਿੱਚ ਗਏ ਸਨ। 294 ਮੈਂਬਰੀ ਬੰਗਾਲ ਅਸੈਂਬਲੀ ਦੀਆਂ 293 ਸੀਟਾਂ ਦੀ ਗਿਣਤੀ ਵਿੱਚ ਭਾਜਪਾ 41 ਸੀਟਾਂ ਜਿੱਤ ਚੁੱਕੀ ਸੀ ਤੇ 161 'ਤੇ ਅੱਗੇ ਸੀ।

Dailyhunt
Disclaimer: This content has not been generated, created or edited by Dailyhunt. Publisher: Ajdapunjab