Monday, 17 Feb, 11.14 am ਅੱਜ ਦਾ ਪੰਜਾਬ

ਖ਼ਬਰਾਂ
ਸੰਗਰੂਰ ਵੈਨ ਹਾਦਸਾ: ਹਾਦਸੇ ਵਿਚ ਮਾਰੇ ਗਏ ਬੱਚਿਆਂ ਦਾ ਕੀਤਾ ਗਿਆ ਅੰਤਿਮ ਸਸਕਾਰ

ਸੰਗਰੂਰ: ਪੰਜਾਬ ਦੇ ਸੰਗਰੂਰ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਸਕੂਲ ਵੈਨ ਨੂੰ ਅੱਗ ਲੱਗ ਗਈ। ਹਾਦਸੇ ਵਿਚ 4 ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਇਸ ਹਾਦਸੇ ਵਿੱਚ 8 ਬੱਚਿਆਂ ਨੂੰ ਬਚਾ ਲਿਆ ਗਿਆ ਹੈ।

ਵੈਨ ਹਾਦਸੇ ਵਿਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਦਾ ਐਤਵਾਰ ਰਾਮ ਬਾਗ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਸੁਖਜੀਤ ਕੌਰ ਪੁੱਤਰੀ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ, ਸਿਮਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਆਰਾਧਿਆ ਪੁੱਤਰੀ ਸਤਪਾਲ ਕੁਮਾਰ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸੰਗਰੂਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਪੋਸਟਮਾਰਟਮ ਕਰਵਾ ਕੇ ਅੱਜ ਹਲਕਾ ਇੰਚਾਰਜ ਦਮਨ ਥਿੰਦ ਬਾਜਵਾ ਅਤੇ ਸੂਬਾ ਸਕੱਤਰ ਹਰਮਨ ਦੇਵ ਬਾਜਵਾ ਸਵੇਰੇ ਜਦੋਂ ਐਂਬੂਲੈਂਸ ਰਾਹੀਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਰਾਮ ਬਾਗ ਪੁੱਜੇ ਤਾਂ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰ ਧਾਹਾਂ ਮਾਰ ਕੇ ਰੋ ਰਹੇ ਸਨ ਅਤੇ ਹਰ ਇੱਕ ਵਿਅਕਤੀ ਦੀ ਅੱਖ ਨਮ ਸੀ। ਚਾਰੇ ਬੱਚਿਆਂ ਦਾ ਵੱਖ ਵੱਖ ਚਿਤਾਵਾਂ ਵਿੱਚ ਧਾਰਮਿਕ ਰਹੁ-ਰੀਤਾਂ ਨਾਲ ਸਸਕਾਰ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਵੈਨ ਵਿਚ 12 ਬੱਚੇ ਸਨ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਵੈਨ ਸੜ ਗਈ। ਪੁਲਿਸ ਨੇ ਦੱਸਿਆ ਕਿ ਸਕੂਲ ਦੀ ਛੁੱਟੀ ਤੋਂ ਬਾਅਦ ਵੈਨ ਬੱਚਿਆਂ ਨਾਲ ਲੌਂਗੋਵਾਲ ਵੱਲ ਜਾ ਰਹੀ ਸੀ।

ਜਦੋਂ ਛੁੱਟੀ ਤੋ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਵੈਨ ਨੂੰ ਅਚਾਨਕ ਅੱਗ ਲੱਗ ਗਈ। ਰਾਹਗੀਰਾਂ ਦੀ ਮਦਦ ਨਾਲ ਵੈਨ ਵਿਚੋਂ ਅੱਠ ਬੱਚਿਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਵੈਨ ਦੀ ਤਾਕੀ ਨਾ ਖੁੱਲ੍ਹਣ ਕਾਰਨ ਚਾਰ ਬੱਚੇ ਵੈਨ ਦੇ ਵਿੱਚ ਹੀ ਸੜ ਗਏ ਕਿਉਂਕਿ ਵੈਨ ਦੀਆਂ ਤਾਕੀਆਂ ਨਹੀਂ ਖੁੱਲ੍ਹ ਸਕੀਆਂ। ਸਕੂਲ ਦੀਆਂ ਅਧਿਆਪਕਾਵਾਂ ਦੇ ਦੱਸਣ ਅਨੁਸਾਰ ਵੈਨ ਹਾਦਸੇ ਦੇ ਮ੍ਰਿਤਕ ਬੱਚਿਆਂ ਵਿੱਚ ਆਰਾਧਿਆ ਪੁੱਤਰੀ ਸੱਤਪਾਲ ਕੁਮਾਰ, ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ ਅਤੇ ਸਿਮਰਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਸ਼ਾਮਲ ਹਨ। ਮ੍ਰਿਤਕਾਂ 'ਚ ਸਿਮਰਨਜੀਤ ਸਿੰਘ, ਕਮਲਪ੍ਰੀਤ ਕੌਰ ਅਤੇ ਨਵਜੋਤ ਕੌਰ ਇਕੋ ਪਰਿਵਾਰ ਨਾਲ ਸਬੰਧਤ ਸਨ।

ਇਸ ਮੌਕੇ ਪੰਚ ਸੁਰਿੰਦਰ ਸਿੰਘ ਪਿੰਡੀ ਅਮਰ ਸਿੰਘ ਵਾਲੀ ਨੇ ਦੱਸਿਆ ਕਿ ਇਸ ਵੈਨ ਵਿੱਚ ਗੈਸ ਸਿਲੰਡਰ ਫਿੱਟ ਸੀ ਤੇ ਵੈਨ ਵੀ ਬਹੁਤ ਪੁਰਾਣੀ ਸੀ। ਘਟਨਾ ਦਾ ਪਤਾ ਲੱਗਦਿਆਂ ਸਾਰ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਘਟਨਾ ਸਥਾਨ ਉੱਤੇ ਪੁੱਜੇ। ਪੁਲੀਸ ਸੂਤਰਾਂ ਅਨੁਸਾਰ ਵੈਨ 1990 ਮਾਡਲ ਸੀ। ਵੈਨ ਵਿੱਚ ਗੈਸ ਸਿਲੰਡਰ ਫਿੱਟ ਸੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

ਇਸ ਦੌਰਾਨ ਹੀ ਘਟਨਾ ਸਥਾਨ ਉੱਤੇ ਹਾਜ਼ਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਜੋ ਕਿ ਸੰਗਰੂਰ ਤੋਂ ਵਿਧਾਇਕ ਹਨ, ਨੇ ਦੱਸਿਆ ਕਿ ਪ੍ਰਾਈਵੇਟ ਸਿਮਰਨ ਸਕੂਲ ਨੇ ਸ਼ੁੱਕਰਵਾਰ ਨੂੰ ਹੀ ਵੈਨ ਖਰੀਦੀ ਸੀ ਅਤੇ ਇਹ ਬਹੁਤ ਹੀ ਪੁਰਾਣੀ ਸੀ। ਉਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਆਸ਼ਰਿਤਾਂ ਨੂੰ ਸਵਾ ਸੱਤ-ਸੱਤ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਐਲਾਨੀ ਹੈ। ਇਸ ਦੌਰਾਨ ਹੀ ਘਟਨਾ ਸਥਾਨ ਉੱਤੇ ਪੁੱਜੇ ਹਲਕੇ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਕਿ ਸਕੂਲ ਦੇ ਪ੍ਰਬੰਧਕਾਂ ਅਤੇ ਵੈਨ ਦੇ ਮਾਲਕ ਵਿਰੁੱਧ ਕਤਲ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਨ ਵਿੱਚ ਇੱਕ ਤਿੰਨ ਸਾਲ ਦੀ ਵਿਦਿਆਰਥਣ ਸੀ ਜੋ ਕਿ ਪਹਿਲੇ ਦਿਨ ਹੀ ਸਕੂਲ ਗਈ ਸੀ। ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਟਵੀਟ ਕਰਕੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਧਾਇਕ ਅਮਨ ਅਰੋੜਾ ਮੌਕੇ 'ਤੇ ਪੁੱਜੇ ਅਤੇ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajdapunjab
Top