Dailyhunt Logo
  • Light mode
    Follow system
    Dark mode
    • Play Story
    • App Story
ਥਾਣਿਆਂ ਤੇ ਥਾਣੇਦਾਰਾਂ 'ਤੇ ਹਮਲੇ

ਥਾਣਿਆਂ ਤੇ ਥਾਣੇਦਾਰਾਂ 'ਤੇ ਹਮਲੇ

ਪੰਜਾਬ 'ਚ ਰੋਜ਼ਾਨਾ ਕਿਤੇ ਨਾ ਕਿਤੇ ਚੱਲਣ ਵਾਲੀਆਂ ਗੋਲ਼ੀਆਂ ਜਾਂ ਕਤਲੋਗ਼ਾਰਤ ਦੀਆਂ ਘਟਨਾਵਾਂ ਸੂਬੇ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲਾ ਰਹੀਆਂ ਹਨ। ਤਾਜ਼ਾ ਘਟਨਾ ਵੀ ਬੇਹੱਦ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਹੈ। ਅੰਮ੍ਰਿਤਸਰ 'ਚ ਵੀਰਵਾਰ ਦੇਰ ਰਾਤ ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਹਰਜੀਤ ਸਿੰਘ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਰਾਤ ਕਰੀਬ ਢਾਈ ਵਜੇ ਦਾਣਾ ਮੰਡੀ ਨੇੜੇ ਮੋਟਰਸਾਈਕਲ 'ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੇ ਇਸ ਤੋਂ ਪਹਿਲਾਂ ਪੁਲਿਸ ਥਾਣਿਆਂ ਅਤੇ ਪੁਲਿਸ ਮੁਲਾਜ਼ਮਾਂ 'ਤੇ ਹੋਈਆਂ ਸਾਰੀਆਂ ਘਟਨਾਵਾਂ ਨੂੰ ਇਕ ਵਾਰ ਫਿਰ ਤਾਜ਼ਾ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਸੂਬੇ ਦਾ ਕਾਨੂੰਨ ਪ੍ਰਬੰਧ ਸੁਚੱਜਾ ਰੱਖਣ ਦੀ ਦਿਨ-ਰਾਤ ਜ਼ਿੰਮੇਵਾਰੀ ਹੈ, ਉਹੀ ਸੜਕਾਂ 'ਤੇ ਗਸ਼ਤ ਕਰਦੇ ਸਮੇਂ ਜਾਂ ਥਾਣਿਆਂ 'ਚ ਤਾਇਨਾਤੀ ਵੇਲੇ ਮਹਿਫ਼ੂਜ ਨਹੀਂ ਹਨ। ਇਸ ਤੋਂ ਪਹਿਲਾਂ ਇਸੇ ਸਾਲ ਮਜੀਠਾ 'ਚ ਡਿਊਟੀ 'ਤੇ ਜਾਂਦੇ ਸਮੇਂ ਏਐੱਸਆਈ ਜੋਗਾ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਾਲ 2026 'ਚ ਹੋਰ ਵੀ ਯੋਜਨਾਬੱਧ ਹਮਲੇ ਸਾਹਮਣੇ ਆਏ ਹਨ। ਏਐੱਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਦੀ ਦੋਰਾਂਗਲਾ ਥਾਣੇ ਅਧੀਨ ਆਉਂਦੀ ਆਦੀਆਂ ਚੌਂਕੀ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਚੌਂਕੀ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰ ਸੀ।

ਇਨ੍ਹਾਂ ਘਟਨਾਵਾਂ ਦੀ ਸੂਚੀ ਠੀਕ ਉਸੇ ਤਰ੍ਹਾਂ ਲੰਬੀ ਹੁੰਦੀ ਜਾ ਰਹੀ ਹੈ, ਜਿਵੇਂ ਪਿਛਲੇ ਸਾਲ ਸੂਬੇ ਦੇ ਵੱਖ-ਵੱਖ ਥਾਣਿਆਂ 'ਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਵਾਪਰੀਆਂ ਸਨ। ਤੇਈ ਨਵੰਬਰ 2024 ਨੂੰ ਅਜਨਾਲਾ ਥਾਣਾ ਨੇੜੇ ਕਰੀਬ 1.5 ਕਿਲੋ ਦਾ ਆਈਈਡੀ ਮਿਲਿਆ ਸੀ। ਪਿਛਲੇ ਸਾਲ 2 ਦਸੰਬਰ ਨੂੰ ਨਵਾਂਸ਼ਹਿਰ ਦੀ ਆਂਸਰੋ ਪੁਲਿਸ ਚੌਕੀ 'ਤੇ ਗ੍ਰਨੇਡ ਸੁੱਟਿਆ ਗਿਆ ਸੀ ਪਰ ਧਮਾਕਾ ਨਹੀਂ ਹੋਇਆ। ਇਸ ਤੋਂ ਦੋ ਦਿਨ ਬਾਅਦ ਮਜੀਠਾ ਥਾਣੇ 'ਤੇ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ। 13 ਦਸੰਬਰ ਨੂੰ ਘਣੀਆ ਕੇ ਬਾਂਗਰ ਥਾਣਾ, ਗੁਰਦਾਸਪੁਰ 'ਤੇ ਵੀ ਇਸੇ ਤਰੀਕੇ ਥਾਣੇ ਦੇ ਗੇਟ ਲਾਗੇ ਗ੍ਰਨੇਡ ਸੁੱਟਿਆ ਗਿਆ। 18 ਦਸੰਬਰ ਨੂੰ ਬਖ਼ਸ਼ੀਵਾਲਾ ਪੁਲਿਸ ਚੌਕੀ, ਗੁਰਦਾਸਪੁਰ, 20 ਦਸੰਬਰ ਨੂੰ ਵਡਾਲਾ ਬਾਂਗਰ ਪੁਲਿਸ ਚੌਕੀ 'ਤੇ ਵੀ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਇਸੇ ਸਾਲ ਮਾਰਚ ਮਹੀਨੇ ਅੰਮ੍ਰਿਤਸਰ ਦੇ ਭਿੰਡੀ ਸੈਦਾਂ ਥਾਣੇ ਦੇ ਬਾਹਰ ਧਮਾਕਾ ਹੋਇਆ ਤੇ 13 ਸਤੰਬਰ 2026 ਨੂੰ ਜਲਾਲਾਬਾਦ ਥਾਣੇ ਰਾਤ ਵੇਲੇ ਧਮਾਕਾ ਕੀਤਾ ਗਿਆ। ਪੁਲਿਸ ਥਾਣਿਆਂ ਅਤੇ ਪੁਲਿਸ ਮੁਲਾਜ਼ਮਾਂ 'ਤੇ ਹੋਣ ਵਾਲੇ ਇਨ੍ਹਾਂ ਹਮਲਿਆਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਰ ਸੂਬੇ ਦਾ ਕਾਨੂੰਨ ਪ੍ਰਬੰਧ ਬਹਾਲ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਖੁੰਝ ਕਿੱਥੇ ਰਹੀਆਂ ਹਨ? ਵਾਰ-ਵਾਰ ਪੁਲਿਸ ਮੁਲਾਜ਼ਮਾਂ 'ਤੇ ਹੋਣ ਵਾਲੇ ਹਮਲੇ ਆਮ ਲੋਕਾਂ ਦੇ ਮਨਾਂ 'ਚ ਵੀ ਇਹ ਸਵਾਲ ਪੈਦਾ ਕਰ ਰਹੇ ਹਨ ਕਿ ਜੇਕਰ ਸੂਬੇ ਦਾ ਪੁਲਿਸ ਪ੍ਰਸ਼ਾਸਨ ਹੀ ਸੁਰੱਖਿਅਤ ਨਹੀਂ ਤਾਂ ਉਨ੍ਹਾਂ ਦੀ ਸੁਰੱਖਿਆ ਕੌਣ ਕਰੇਗਾ? ਪੁਲਿਸ ਦੇ ਪ੍ਰਬੰਧਾਂ 'ਤੇ ਹੋਣ ਵਾਲੇ ਇਨ੍ਹਾਂ ਹਮਲਿਆਂ ਦੀ ਅਸਲ 'ਤਾਸੀਰ' ਤੇ 'ਤਸਵੀਰ' ਕਿਹੋ ਜਿਹੀ ਹੈ, ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਸੂਬੇ ਦਾ ਸੁਰੱਖਿਆ ਤੰਤਰ ਉਸ ਦੇ ਵਪਾਰ-ਕਾਰੋਬਾਰ, ਨਿਵੇਸ਼ ਅਤੇ ਸੈਰ-ਸਪਾਟੇ ਨੂੰ ਸਿੱਧੇ ਰੂਪ 'ਚ ਪ੍ਰਭਾਵਿਤ ਕਰਦਾ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹਾ ਸੰਦੇਸ਼ ਵੀ ਜਾ ਰਿਹਾ ਹੈ ਕਿ ਪੰਜਾਬ ਦਾ ਕਾਨੂੰਨ ਪ੍ਰਬੰਧ ਸਥਿਰ ਨਹੀਂ ਹੈ। ਹਾਲਾਂਕਿ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਜਾਂ ਸੱਤਾ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾ ਕੇ ਹੀ ਸੂਬੇ ਦੇ ਸੁਰੱਖਿਆ ਪ੍ਰਬੰਧਾਂ ਦੀ ਸਾਖ਼ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

Dailyhunt
Disclaimer: This content has not been generated, created or edited by Dailyhunt. Publisher: Ajdapunjab