Wednesday, 05 Aug, 10.08 am ਅਜੀਤ

ਬਠਿੰਡਾ-ਮਾਨਸਾ
ਗੈਸ ਪਾਈਪ ਲਾਈਨ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਮਾਰਚ

ਰਾਮਾਂ ਮੰਡੀ, 4 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)-ਨੇੜਲੇ ਪਿੰਡਾਂ ਦੇ ਖੇਤਾਂ 'ਚ ਗੇਲ ਇੰਡੀਆ ਕੰਪਨੀ ਵਲੋਂ ਗੈਸ ਪਾਈਪ ਪਾਉਣ ਦੇ ਵਿਰੋਧ 'ਚ ਅੱਜ ਕਿਸਾਨਾਂ-ਮਜ਼ਦੂਰਾਂ ਦੀ ਲਾਮਬੰਦੀ ਲਈ ਨਰੂਆਣਾ ਤੋਂ ਲੈ ਕੇ ਰਾਮਸਰਾ ਤੱਕ 11 ਪਿੰਡਾਂ 'ਚ ਮੋਟਰਸਾਈਕਲ ਮਾਰਚ ਕੀਤਾ ਗਿਆ | ਇਸ ਮਸਲੇ ਨੂੰ ਲੈ ਕੇ ਲਗਭਗ ਇਕ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਹੋਏ ਅਜੇਪਾਲ ਸਿੰਘ ਨੇ ਦੱਸਿਆ ਕਿ ਰਾਮਸਰਾ ਪਿੰਡ ਦੇ ਬਾਹਰ ਰਿਫਾਇਨਰੀ ਰੋਡ 'ਤੇ ਮੋਟਰਸਾਈਕਲ ਮਾਰਚ ਦੀ ਸਮਾਪਤੀ ਕੀਤੀ ਗਈ | ਇਸ ਮੌਕੇ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜੱਗਾ ਸਿੰਘ ਜੋਗੇਵਾਲਾ ਤੇ ਭਾਕਿਯੂ ਡਕੌਾਦਾ ਦੇ ਆਗੂ ਰਾਜਵਿੰਦਰ ਸਿੰਘ ਫ਼ੌਜੀ ਤੇ ਦਰਸ਼ਨ ਸਿੰਘ ਫੁੱਲੋਮਿੱਠੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਾਂਝੇ ਰੂਪ ਵਿਚ ਕਿਹਾ ਕਿ ਗੇਲ ਇੰਡੀਆ ਕੰਪਨੀ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੋ-ਪਰੋਖੇ ਕਰਕੇ ਧੱਕੇ ਨਾਲ ਪਾਈਪ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਪਾਈਪ ਕਿਸੇ ਵੀ ਕੀਮਤ 'ਤੇ ਨਹੀਂ ਪੈਣ ਦਿੱਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਇਕ ਮਹੀਨੇ ਦੇ ਸੰਘਰਸ਼ ਦੌਰਾਨ ਕਿਸਾਨਾਂ ਨਾਲ ਕੰਪਨੀ ਤੇ ਸਿਵਲ ਅਧਿਕਾਰੀਆਂ ਨੇ 9 ਮੀਟਿੰਗਾਂ ਕੀਤੀਆਂ ਹਨ ਪਰ ਕਿਸਾਨਾਂ ਨੂੰ ਸਿਵਾਏ ਲਾਰਿਆਂ ਤੋਂ ਬਿਨਾਂ ਕੁਝ ਵੀ ਨਸੀਬ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਕੇ ਮਸ਼ੀਨਾਂ ਖੇਤਾਂ ਵਿਚ ਖੜ੍ਹੀਆਂ ਹੋਈਆਂ ਹਨ, ਉਨ੍ਹਾਂ ਮਸ਼ੀਨਾਂ ਨੂੰ ਬਾਹਰ ਕਰਕੇ ਫ਼ਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ | ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸੰਘਰਸ਼ 'ਚ ਦਖ਼ਲ ਅੰਦਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਨੂੰ ਖ਼ਤਮ ਕਰਨ ਲਈ ਕਿਸਾਨਾਂ ਨੂੰ ਜ਼ਮੀਨਾਂ ਵਿਚੋਂ ਬੇਦਖ਼ਲ ਕਰਨ ਲਈ ਨਿੱਤ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ, ਕੇਂਦਰ ਸਰਕਾਰ ਵਲੋਂ ਆਰਡੀਨੈਂਸ ਲਿਆਉਣ ਤੋਂ ਬਾਅਦ ਹੁਣ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਵਾਲਾ ਕਾਨੂੰਨ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ-ਮਜ਼ਦੂਰਾਂ ਨੂੰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ | ਕਿਸਾਨ ਆਗੂਆਂ ਨੇ ਸਿਵਲ ਪ੍ਰਸ਼ਾਸਨ ਨੂੰ ਇਕ ਹਫ਼ਤੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਗੇਲ ਇੰਡੀਆ ਕੰਪਨੀ ਇਕ ਹਫ਼ਤੇ 'ਚ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ 12 ਅਗਸਤ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ 2 ਘੰਟੇ ਡੱਬਵਾਲੀ ਰੋਡ 'ਤੇ ਰੋਸ ਧਰਨਾ ਦਿੱਤਾ ਜਾਵੇਗਾ | ਇਸ ਐਕਸ਼ਨ ਕਮੇਟੀ ਦੀ ਤਿਆਰੀ 'ਚ ਪਿੰਡਾਂ ਵਿਚ ਢੋਲ ਮਾਰਚ ਕੀਤੇ ਜਾਣਗੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਕਿੱਲਾ ਇਕ ਕਰੋੜ ਰੁਪਏ ਮੁਆਵਜ਼ਾ, ਪਰਿਵਾਰ ਦੇ ਹਰ ਜੀਅ ਨੂੰ ਨੌਕਰੀ, 3 ਸਾਲਾਂ ਦੀ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਹਰੇਕ ਪੀੜਤ ਪਰਿਵਾਰ ਦਾ ਬੀਮਾ ਕੀਤਾ ਜਾਵੇ | ਇਸ ਮੌਕੇ ਭਾਕਿਯੂ ਡਕੌਾਦਾ ਦੇ ਆਗੂ ਬੂਟਾ ਸਿੰਘ ਤੁੰਗਵਾਲੀ, ਰਾਜ ਮਹਿੰਦਰ ਸਿੰਘ ਕੋਟਭਾਰਾ, ਮੰਦਰ ਸਿੰਘ ਗਹਿਰੀ ਬੁੱਟਰ, ਕੁਲਵੰਤ ਰਾਏ ਸ਼ਰਮਾ ਰਾਏ ਕਲਾਂ ਬੀਕੇਯੂ ਉਗਰਾਹਾਂ, ਰਾਮ ਸਿੰਘ ਕੋਟਗੁਰੂ, ਧਰਮਪਾਲ ਸਿੰਘ ਜੰਡੀਆ, ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਦਰਸ਼ਨ ਸਿੰਘ ਜਮਹੂਰੀ ਕਿਸਾਨ ਸਭਾ, ਮੇਜਰ ਸਿੰਘ ਸੁਖਲੱਧੀ, ਭਿੰਦਰ ਸਿੰਘ ਗਹਿਰੀ ਬੁੱਟਰ, ਲਖਵਿੰਦਰ ਸਿੰਘ ਰੁੱਘੂ ਬੰਗੀ, ਜਸਪ੍ਰੀਤ ਸਿੰਘ ਨਰੂਆਣਾ, ਹਰਭਜਨ ਸਿੰਘ, ਗੁਰਚਰਨ ਸਿੰਘ ਭਗਵਾਨਗੜ੍ਹ ਆਦਿ ਹਾਜ਼ਰ ਸਨ |

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top