Dailyhunt Logo
  • Light mode
    Follow system
    Dark mode
    • Play Story
    • App Story
ਆਈਪੀਐੱਲ ਫਾਈਨਲ 'ਚ ਕੋਹਲੀ ਦੀ 'ਵਿਰਾਟ' ਪਾਰੀ, ਗੁਜਰਾਤ ਟਾਈਟਨਜ਼ ਕਿੱਥੇ ਪਿੱਛੇ ਰਹਿ ਗਈ

ਆਈਪੀਐੱਲ ਫਾਈਨਲ 'ਚ ਕੋਹਲੀ ਦੀ 'ਵਿਰਾਟ' ਪਾਰੀ, ਗੁਜਰਾਤ ਟਾਈਟਨਜ਼ ਕਿੱਥੇ ਪਿੱਛੇ ਰਹਿ ਗਈ

Reuters

ਈਪੀਐੱਲ ਫਾਈਨਲ ਦੇ ਅਠਾਰਵੇਂ ਓਵਰ ਦੀ ਆਖਰੀ ਗੇਂਦ, ਸਾਹਮਣੇ ਸਨ ਕ੍ਰਿਕਟ ਦੇ ਕਿੰਗ ਮੰਨੇ ਜਾਂਦੇ ਵਿਰਾਟ ਕੋਹਲੀ ਅਤੇ ਗੇਂਦਬਾਜ਼ ਸਨ ਅਰਸ਼ਦ ਖਾਨ। ਵਿਰਾਟ ਕੋਹਲੀ ਨੇ ਛੱਕਾ ਜੜਿਆ ਆਰਸੀਬੀ ਦੇ ਚਾਹੁਣ ਵਾਲਿਆਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ। ਇਸ ਛੱਕੇ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਆਈਪੀਐੱਲ ਦੇ 19ਵੇਂ ਸੀਜ਼ਨ ਵਿੱਚ ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਚੈਂਪੀਅਨ ਬਣ ਗਈ।

ਇਹ ਲਗਾਤਾਰ ਦੂਜਾ ਮੌਕਾ ਸੀ ਜਦੋਂ ਆਰਸੀਬੀ ਨੇ ਖਿਤਾਬ ਆਪਣੇ ਨਾਮ ਕੀਤਾ। ਆਰਸੀਬੀ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤਿਆ।

ਇਸ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 156 ਦੌੜਾਂ ਦਾ ਟੀਚਾ ਆਰਸੀਬੀ ਅੱਗੇ ਰੱਖਿਆ ਸੀ। ਜਵਾਬ ਵਿੱਚ ਆਰਸੀਬੀ ਨੇ 18 ਓਵਰਾਂ ਵਿੱਚ ਇਸ ਟੀਚੇ ਨੂੰ ਹਾਸਲ ਕਰ ਲਿਆ। ਇਸ ਇਤਿਹਾਸਕ ਪਲ ਦੀ ਗਵਾਹੀ ਭਰੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਨੇ।

ਲਗਾਤਾਰ ਖ਼ਿਤਾਬ ਜਿੱਤਣ ਵਾਲੀਆਂ ਟੀਮਾਂ

 Reuters

ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ ਪਹਿਲਾਂ ਲਗਾਤਾਰ ਦੋ ਖਿਤਾਬ ਜਿੱਤਣ ਵਾਲੀਆਂ ਟੀਮਾਂ ਚੇਨੱਈ ਸੁਪਰਿੰਗਜ਼ ਤੇ ਮੁੰਬਈ ਇੰਡੀਅਨਜ਼ ਹਨ।

ਚੇਨੱਈ ਨੇ 2010 ਤੇ 2011 ਵਿੱਚ ਇਹ ਕਾਰਨਾਮਾ ਕੀਤਾ ਸੀ। ਜਦਕਿ ਮੁੰਬਈ ਇੰਡੀਅਨਜ਼ ਨੇ 2019 ਅਤੇ 2020 ਵਿੱਚ ਲਗਾਤਾਰ ਖਿਤਾਬ ਜਿੱਤੇ ਸਨ।

ਕੋਹਲੀ ਦੀ ਵਿਰਾਟ ਪਾਰੀ

 ANI

ਅੱਜ-ਕੱਲ੍ਹ 20 ਓਵਰਾਂ ਵਿੱਚ 156 ਦੌੜਾਂ ਦੇ ਟੀਚੇ ਨੂੰ ਵੱਡਾ ਨਹੀਂ ਮੰਨਿਆ ਜਾਂਦਾ। ਪਰ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕਈ ਅਜਿਹੇ ਮੌਕੇ ਆਏ ਜਦੋਂ ਲੱਗ ਰਿਹਾ ਸੀ ਕਿ ਆਰਸੀਬੀ ਹਾਰ ਵੀ ਸਕਦੀ ਹੈ। ਪਰ ਇਸ ਜਿੱਤ-ਹਾਰ ਦੇ ਵਿਚਕਾਰ ਵਿਰਾਟ ਕੋਹਲੀ ਖੜ੍ਹੇ ਸਨ। ਕੋਹਲੀ ਨੇ ਇੱਕ ਵਾਰ ਸਾਬਿਤ ਕੀਤਾ ਕਿ ਕਿਉਂ ਉਨ੍ਹਾਂ ਨੂੰ ਚੇਜ਼ ਮਾਸਟਰ ਕਿਹਾ ਜਾਂਦਾ ਹੈ।

ਇੱਕ ਵਾਰ ਤਾਂ ਆਰਸੀਬੀ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਟੀਮ ਪਹਿਲੇ ਚਾਰ ਓਵਰਾਂ ਵਿੱਚ ਹੀ 50 ਦੌੜਾਂ ਤੋਂ ਪਾਰ ਪਹੁੰਚ ਗਈ ਸੀ। ਫਿਰ ਪੰਜਵੇਂ ਓਵਰ ਦੀ ਤੀਜੇ ਗੇਂਦ 'ਤੇ ਵੈਂਕਟੇਸ਼ ਅਈਅਰ ਦਾ ਵਿਕਟ ਡਿੱਗ ਗਿਆ। 5.1 ਓਵਰਾਂ ਵਿੱਚ ਆਰਸੀਬੀ ਨੂੰ ਦੂਜਾ ਝਟਕਾ ਪਡੀਕਲ ਦੇ ਰੂਪ ਵਿੱਚ ਲੱਗਿਆ।

ਇਸ ਮਗਰੋਂ ਕਪਤਾਨ ਰਜਤ ਪਾਟੀਦਾਰ ਤੇ ਕੋਹਲੀ ਵਿਚਾਲੇ 26 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਸੀ। ਲੱਗ ਰਿਹਾ ਸੀ ਆਰਸੀਬੀ ਅਸਾਨੀ ਨਾਲ 156 ਦੌੜਾਂ ਬਣਾ ਲਵੇਗੀ। ਪਰ 9ਵੇਂ ਓਵਰ ਵਿੱਚ ਰਾਸ਼ਿਦ ਖਾਨ ਨੇ ਟੀਮ ਨੂੰ ਦੋ ਝਟਕੇ ਦਿੱਤੇ। ਜਿਸ ਨਾਲ ਫਿਰ ਗੇਮ ਗੁਜਰਾਤ ਦੇ ਪੱਖ ਵਿੱਚ ਜਾਂਦੀ ਦਿਖਾਈ ਦੇਣ ਲੱਗੀ।

ਪਰ ਫਿਰ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਦਿਆਂ ਹੌਲੀ-ਹੌਲੀ ਜਿੱਤ ਦਾ ਰਸਤਾ ਦਿਖਾ ਦਿੱਤਾ। ਇਸ ਵਿਚਾਲੇ ਕੋਹਲੀ ਨੇ 25 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜੋ ਕਿ ਆਈਪੀਐੱਲ ਵਿੱਚ ਵਿਰਾਟ ਕੋਹਲੀ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਸੀ।

ਇਸ ਵਿਚਕਾਰ ਟਿਮ ਡੇਵਿਡ ਵੀ ਆਊਟ ਹੋ ਗਏ ਪਰ ਵਿਰਾਟ ਕੋਹਲੀ ਡਟੇ ਰਹੇ। ਵਿਰਾਟ ਕੋਹਲੀ 42 ਗੇਂਦਾਂ ਵਿੱਚ 75 ਦੌੜਾਂ ਬਣਾ ਕੇ ਨਾਬਾਦ ਰਹੇ। ਕੋਹਲੀ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਮੈਚ ਤੋਂ ਬਾਅਦ ਕੀ ਬੋਲੇ ਵਿਰਾਟ ਕੋਹਲੀ

ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ "ਅਜਿਹੇ ਖਿਡਾਰੀਆਂ ਦੇ ਸਮੂਹ ਦਾ ਹਿੱਸਾ ਹੋਣਾ, ਜਿੱਥੇ ਮੈਦਾਨ 'ਤੇ ਉਤਰਦੇ ਸਮੇਂ ਤੁਹਾਨੂੰ ਇਹ ਮਹਿਸੂਸ ਨਾ ਹੋਵੇ ਕਿ ਹਰ ਵਾਰ ਤੁਸੀਂ ਹੀ ਅੱਗੇ ਆ ਕੇ ਜ਼ਿੰਮੇਵਾਰੀ ਨਿਭਾਉਣੀ ਹੈ, ਬਹੁਤ ਖਾਸ ਗੱਲ ਹੈ।''

''ਤੁਹਾਡੇ ਪਿੱਛੇ ਅਤੇ ਆਲੇ-ਦੁਆਲੇ ਅਜਿਹੇ ਖਿਡਾਰੀ ਹੁੰਦੇ ਹਨ, ਜੋ ਤੁਹਾਡੇ ਲਈ ਮੈਚ ਜਿਤਾ ਸਕਦੇ ਹਨ। ਸਾਡੀ ਟੀਮ ਵਿੱਚ ਮੈਨ ਆਫ਼ ਦਿ ਮੈਚ ਐਵਾਰਡ ਵੀ ਕਈ ਵੱਖ-ਵੱਖ ਖਿਡਾਰੀਆਂ ਨੇ ਜਿੱਤੇ ਹਨ। ਇਸ ਲਈ ਮੈਂ ਅਜਿਹੀ ਟੀਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ, ਜਿਸ ਵਿੱਚ ਸੰਤੁਲਨ ਹੈ, ਤਾਕਤ ਹੈ ਅਤੇ ਜੋ ਹਰ ਪੱਖੋਂ ਮਜ਼ਬੂਤ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਮੈਦਾਨ 'ਤੇ ਸਾਡਾ ਆਤਮਵਿਸ਼ਵਾਸ ਇੰਨਾ ਉੱਚਾ ਹੈ।''

ਉਨ੍ਹਾਂ ਕਿਹਾ, ''ਮੈਂ ਕੁਝ ਖਿਡਾਰੀਆਂ ਨੂੰ ਕਿਹਾ ਸੀ ਕਿ ਇਸ ਵਾਰ ਉਸ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਹੋ ਰਿਹਾ, ਜਿਹੜਾ ਪਿਛਲੇ ਸਾਲ ਸੀ। ਸਾਨੂੰ ਪਤਾ ਸੀ ਕਿ ਸਾਡੀ ਟੀਮ ਵਿੱਚ ਕਿੰਨੀ ਸਮਰੱਥਾ ਹੈ। ਅਸੀਂ ਅੰਕ ਸੂਚੀ ਵਿੱਚ ਸਿਖਰ 'ਤੇ ਰਹੇ। ਇਸਦਾ ਇੱਕ ਕਾਰਨ ਹੈ ਕਿ ਅਸੀਂ ਸਭ ਤੋਂ ਪਹਿਲਾਂ ਇੱਥੇ ਪਹੁੰਚੇ। ਅਸੀਂ ਸਿਰਫ਼ ਇੱਕ ਗੱਲ ਕਹੀ ਸੀ ਕਿ ਜੇ ਅਸੀਂ ਆਪਣੀ ਕ੍ਰਿਕਟ ਖੇਡੀਏ ਅਤੇ ਆਪਣੀਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰੀਏ ਤਾਂ ਅਸੀਂ ਟੂਰਨਾਮੈਂਟ ਦੀ ਸਭ ਤੋਂ ਵਧੀਆ ਟੀਮ ਹਾਂ। ਇਹੀ ਕਾਰਨ ਹੈ ਕਿ ਅਸੀਂ ਗਰੁੱਪ ਗੇੜ੍ਹ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕੀਤਾ।''

ਗੁਜਰਾਤ ਟਾਈਟਨਜ਼ ਕਿੱਥੇ ਪਿੱਛੇ ਰਹਿ ਗਈ

 ANI

ਆਰਸੀਬੀ ਨੇ ਤਾਂ ਇਸ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੀ ਹੈ ਪਰ ਗੁਜਰਾਤ ਵੀ ਘੱਟ ਨਹੀਂ ਸੀ। ਸ਼ੁਭਮਨ ਗਿੱਲ ਦੀ ਕਪਤਾਨੀ ਵਿੱਚ ਜੀਟੀ ਗਰੁੱਪ ਗੇੜ੍ਹ ਵਿੱਚ 9 ਮੈਚ ਜਿੱਤੇ ਕੇ ਆਰਸੀਬੀ ਦੇ ਬਰਾਬਰ 18 ਅੰਕ ਪ੍ਰਾਪਤ ਕਰਨ ਵਾਲੀ ਟੀਮ ਸੀ।

ਟੀਮ ਨੈੱਟ ਰਨਰੇਟ ਘੱਟ ਹੋਣ ਕਾਰਨ ਜੀਟੀ ਤੋਂ ਬਾਅਦ ਦੂਜੇ ਨੰਬਰ 'ਤੇ ਰਹੀ ਸੀ। ਗੁਜਰਾਤ ਨੂੰ ਪਹਿਲੇ ਕੁਆਲੀਫਾਇਰ ਵਿੱਚ ਵੀ ਆਰਸੀਬੀ ਨੇ ਹੀ ਹਰਾਇਆ ਸੀ। ਕੁਆਲੀਫਾਇਰ 2 ਵਿੱਚ ਜੀਟੀ ਨੇ ਰਾਜਸਥਾਨ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ।

ਜੇਕਰ ਫਾਈਨਲ ਦੀ ਗੱਲ ਕਰੀਏ ਤਾਂ ਇਸ ਮੁਕਾਬਲੇ ਵਿੱਚ ਗੁਜਰਾਤ ਨੂੰ ਫੇਵਰਟ ਵੀ ਮੰਨਿਆ ਜਾ ਰਿਹਾ ਸੀ। ਕਿਉਂਕਿ ਅਹਿਮਦਾਬਾਦ ਉਸਦਾ ਘਰੇਲੂ ਮੈਦਾਨ ਹੈ। ਇੱਥੇ ਹੀ ਪਹਿਲਾਂ ਉਹ ਆਰਸੀਬੀ ਨੂੰ ਹਰਾ ਵੀ ਚੁੱਕੀ ਸੀ। ਇਸ ਮੈਚ ਦਾ ਟਾਸ ਹਾਰਨ ਮਗਰੋਂ ਸ਼ੁਭਮਨ ਗਿੱਲ ਨੇ ਕਿਹਾ ਵੀ ਸੀ ਕਿ ਉਹ ਪਹਿਲਾਂ ਬੱਲੇਬਾਜ਼ੀ ਹੀ ਕਰਨਾ ਚਾਹੁੰਦੇ ਸਨ।

ਪਰ ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ। ਗੁਜਰਾਤ ਨੇ ਕਪਤਾਨ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਦਾ ਵਿਕਟ ਜਲਦੀ ਗਵਾ ਦਿੱਤਾ। ਕਿਉਂ ਕਿ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਇਸ ਟੂਰਨਾਮੈਂਟ ਵਿੱਚ ਇਕੱਲੇ-ਇਕੱਲੇ ਨੇ 700 ਤੋਂ ਵੱਧ ਸਕੋਰ ਬਣਾਏ ਸਨ, ਇਸ ਲਈ ਜੀਟੀ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੀ ਅਹਿਮ ਭੂਮਿਕਾ ਰਹੀ ਸੀ।

ਪਰ ਫਾਈਨਲ ਵਿੱਚ ਇਨ੍ਹਾਂ ਦਾ ਜਲਦੀ ਆਊਟ ਹੋਣਾ 70 ਫ਼ੀਸਦੀ ਮੈਚ ਹਾਰਨ ਦੇ ਬਰਾਬਰ ਸੀ। ਗੁਜਰਾਤ ਨੇ 14.1 ਓਵਰਾਂ ਵਿੱਚ 99 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ।

ਹਾਲਾਂਕਿ ਵਾਸ਼ਿੰਗਟਨ ਸੁੰਦਰ ਨੇ ਪਾਰੀ ਨੂੰ ਜ਼ਰੂਰ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਇਸੇ ਕਾਰਨ ਟੀਮ 155 ਦੇ ਸਕੋਰ ਤੱਕ ਪਹੁੰਚ ਸਕੀ।

ਦੂਜੇ ਪਾਸੇ ਆਰਸੀਬੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ। ਆਰਸੀਬੀ ਵੱਲੋਂ ਤੇਜ਼ ਗੇਂਦਬਾਜ਼ ਰਸੀਖ ਸਲਾਮ ਡਾਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਿਲ ਕੀਤੀਆਂ। ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿੱਚ 37 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ।

ਭੁਵਨੇਸ਼ਵਰ ਕੁਮਾਰ ਨੇ ਵੀ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਕਰੁਣਾਲ ਪੰਡਯਾ ਨੂੰ ਜੋਸ ਬਟਲਰ ਦੇ ਰੂਪ ਵਿੱਚ ਅਹਿਮ 1 ਵਿਕਟ ਮਿਲਿਆ।

ਫਾਈਨਲ ਹਾਰਨ ਮਗਰੋਂ ਸ਼ੁਭਮਨ ਗਿੱਲ ਕੀ ਬੋਲੇ

 Reuters

ਦੂਜੀ ਵਾਰ ਖਿਤਾਬ ਨਾ ਜਿੱਤਣ ਮਗਰੋਂ ਜੀਟੀ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ''ਮੇਰੇ ਖ਼ਿਆਲ ਨਾਲ ਜੇ ਅਸੀਂ 180 ਜਾਂ 190 ਦੌੜਾਂ ਦੇ ਨੇੜੇ ਪਹੁੰਚ ਜਾਂਦੇ ਤਾਂ ਇਹ ਇੱਕ ਬਹੁਤ ਵਧੀਆ ਮੈਚ ਬਣ ਸਕਦਾ ਸੀ। ਅਸੀਂ ਸ਼ੁਰੂ ਵਿੱਚ ਕੁਝ ਵਿਕਟਾਂ ਗੁਆ ਦਿੱਤੀਆਂ ਅਤੇ ਫਿਰ ਮੱਧ ਓਵਰਾਂ ਵਿੱਚ ਸਾਡੀ ਰਫ਼ਤਾਰ ਟੁੱਟ ਗਈ।''

ਉਨ੍ਹਾਂ ਕਿਹਾ, ''ਮੇਰੇ ਖ਼ਿਆਲ ਵਿੱਚ ਅਸੀਂ ਪਾਵਰਪਲੇ ਵਿੱਚ 15 ਤੋਂ 20 ਦੌੜਾਂ ਜ਼ਿਆਦਾ ਦੇ ਦਿੱਤੀਆਂ। ਜੇ ਅਸੀਂ ਉਨ੍ਹਾਂ ਨੂੰ 50 ਤੋਂ 55 ਦੌੜਾਂ ਦੇ ਨੇੜੇ ਤੇੜੇ ਰੋਕ ਲੈਂਦੇ ਤਾਂ ਸਾਡੇ ਕੋਲ ਮੌਕਾ ਬਣਿਆ ਰਹਿੰਦਾ। ਪਰ ਪਾਵਰਪਲੇ ਵਿੱਚ ਉਹ ਸਾਡੇ ਹੱਥੋਂ ਥੋੜ੍ਹੇ ਨਿਕਲ ਗਏ।''

ਕਿਹੜੀ ਟੀਮ ਨੇ ਕਿੰਨੀ ਵਾਰ ਜਿੱਤਿਆ ਆਈਪੀਐੱਲ ਦਾ ਖਿਤਾਬ

 Reuters
  • ਮੁੰਬਈ ਇੰਡੀਅਨਜ਼- 5 ਵਾਰ
  • ਚੇਨੱਈ ਸੁਪਰਕਿੰਗਜ਼- 5 ਵਾਰ
  • ਕੋਲਕਾਤਾ ਨਾਈਟਰਾਈਡਰਜ਼- 3 ਵਾਰ
  • ਰਾਇਲ ਚੈਲੇਂਜਰਜ਼ ਬੈਂਗਲੁਰੂ- 2 ਵਾਰ
  • ਗੁਜਰਾਤ ਟਾਈਟਨਜ਼, ਸਨਰਾਈਜਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਡੈਕਨ ਚਾਰਜਰਜ਼- 1 ਵਾਰ

ਜਿੱਤ ਦਾ ਜਸ਼ਨ

 Reuters Reuters Reuters ਆਰਸੀਬੀ Reuters

source: bbc.com/punjabi

Dailyhunt
Disclaimer: This content has not been generated, created or edited by Dailyhunt. Publisher: BBC Punjabi