Dailyhunt
ਕੈਨੇਡਾ ਸਰਕਾਰ ਦੀ ਰਿਪੋਰਟ 'ਚ ਖੁਲਾਸਾ, ਫਿਰੌਤੀ ਲਈ ਕਿਵੇਂ 'ਪੰਜਾਬੀਆਂ ਸਣੇ ਹੋਰ ਵਿਦਿਆਰਥੀਆਂ ਨੂੰ ਵਰਤ ਰਹੇ ਬਿਸ਼ਨੋਈ ਤੇ ਬੰਬੀਹਾ ਵਰਗੇ ਗੈਂਗ'

ਕੈਨੇਡਾ ਸਰਕਾਰ ਦੀ ਰਿਪੋਰਟ 'ਚ ਖੁਲਾਸਾ, ਫਿਰੌਤੀ ਲਈ ਕਿਵੇਂ 'ਪੰਜਾਬੀਆਂ ਸਣੇ ਹੋਰ ਵਿਦਿਆਰਥੀਆਂ ਨੂੰ ਵਰਤ ਰਹੇ ਬਿਸ਼ਨੋਈ ਤੇ ਬੰਬੀਹਾ ਵਰਗੇ ਗੈਂਗ'

Getty Imagesਰਿਪੋਰਟ ਮੁਤਾਬਕ ਇਹ ਗੈਂਗ ਕਿਵੇਂ ਫਿਰੌਤੀ ਮੰਗਣ ਤੋਂ ਲੈ ਕੇ ਉਸ ਦੇ ਪੈਸੇ ਨੂੰ ਹਾਸਲ ਕਰਨ ਤੇ ਟਿਕਾਣੇ ਲਗਾਉਣ ਦੀ ਪੂਰੀ ਪ੍ਰਕਿਰਿਆ ਨੂੰ ਅੰਜਾਮ ਦਿੰਦੇ ਹਨ

ਕੈਨੇਡਾ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਤੋਂ ਫਿਰੌਤੀ ਮੰਗਣ ਅਤੇ ਇਸ ਨਾਲ ਜੁੜੇ ਹੋਰ ਅਪਰਾਧਾਂ ਵਿੱਚ ਸ਼ਾਮਲ ਗੈਂਗ ਕਥਿਤ ਤੌਰ ਉੱਤੇ ਸਟੱਡੀ ਪਰਮਿਟ ਉੱਤੇ ਰਹਿ ਰਹੇ ਨੌਜਵਾਨਾਂ ਦਾ ਇਸਤੇਮਾਲ ਕਰ ਰਹੇ ਹਨ।

ਇਹ ਖੁਲਾਸਾ ਕੈਨੇਡਾ ਸਰਕਾਰ ਦੀ ਫਾਈਨੈਂਸ਼ੀਅਲ ਟਰਾਜ਼ੈਕਸ਼ਨ ਐਂਡ ਰਿਪੋਰਟ ਐਨਾਲਸਿਸ ਸੈਂਟਰ ਆਫ ਕੈਨੇਡਾ ਦੀ ਇੰਟੈਲੀਜੈਂਸ ਰਿਪੋਰਟ ਵਿੱਚ ਹੋਇਆ ਹੈ।

ਇਸ ਰਿਪੋਰਟ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਸੂਬੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਫਿਰੌਤੀ ਮੰਗਣ ਤੇ ਟਾਰਗੇਟਿਡ ਕਿਲਿੰਗ ਵਰਗੀਆਂ ਹਿੰਸਕ ਗਤੀਵਿਧੀਆਂ ਨਾਲ ਜੁੜੀਆਂ ਵਿੱਤੀ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਗੈਂਗ ਕਿਵੇਂ ਫਿਰੌਤੀ ਮੰਗਣ ਤੋਂ ਲੈ ਕੇ ਉਸ ਦੇ ਪੈਸੇ ਨੂੰ ਹਾਸਲ ਕਰਨ ਤੇ ਟਿਕਾਣੇ ਲਗਾਉਣ ਦੀ ਪੂਰੀ ਪ੍ਰਕਿਰਿਆ ਨੂੰ ਅੰਜਾਮ ਦਿੰਦੇ ਹਨ।

ਕੈਨੇਡਾ ਵਿੱਚ ਫਿਰੌਤੀ ਨਾਲ ਜੁੜੇ ਅਪਰਾਧ ਕਈ ਗੁਣਾ ਵਧੇ

ਕੈਨੇਡਾ ਸਰਕਾਰ ਦੀ ਰਿਪੋਰਟ ਮੁਤਾਬਕ ਪੂਰੇ ਦੇਸ਼ ਵਿੱਚ ਫਿਰੌਤੀ ਨਾਲ ਜੁੜੇ ਅਪਰਾਧਾਂ ਦੀ ਗਿਣਤੀ ਕਾਫੀ ਵਧੀ ਹੈ। ਸਾਲ 2013 ਵਿੱਚ ਫਿਰੌਤੀ ਦੇ ਅਪਰਾਧਾਂ ਦੀ ਗਿਣਤੀ ਕਰੀਬ 2300 ਸੀ ਜੋ 2023 ਵਿੱਚ ਵੱਧ ਕੇ 14000 ਤੱਕ ਪਹੁੰਚ ਗਈ ਹੈ।

ਦੱਖਣੀ ਏਸ਼ੀਆਈ ਮੂਲ ਦੇ ਭਾਈਚਾਰੇ ਤੋਂ ਫਿਰੌਤੀ ਮੰਗਣ ਤੇ ਇਸ ਨਾਲ ਜੁੜੇ ਹੋਰ ਅਪਰਾਧਾਂ ਬਾਰੇ ਰਿਪੋਰਟ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਾਰਦਾਤਾਂ ਵਿੱਚ ਛੁਟਪੁਟ ਧਮਕੀਆਂ ਤੋਂ ਲੈ ਕੇ ਵੱਡੇ ਪੱਧਰ ਉੱਤੇ ਅੰਜਾਮ ਦਿੱਤੇ ਅਪਰਾਧ ਸ਼ਾਮਲ ਹਨ।

ਰਿਪੋਰਟ ਵਿੱਚ ਪੁਲਿਸ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ਼ ਫਿਰੌਤੀ ਦੇ ਸੈਂਕੜੇ ਮਾਮਲੇ ਸਾਲ 2024 ਤੇ 2025 ਵਿੱਚ ਬ੍ਰੈਮਟਨ, ਮਿਸੀਸਾਗਾ ਤੇ ਕੇਲਡਨ ਦੇ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਗਏ ਹਨ।

 GETTY IMAGES/ANIਲਾਰੈਂਸ ਬਿਸ਼ਨੋਈ ਇਸ ਵੇਲੇ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ

ਕਿਹੜੇ ਗਰੁੱਪ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਹਨ

ਫਿਨਟ੍ਰੈਕ ਦੀ ਇਸ ਰਿਪੋਰਟ ਮੁਤਾਬਕ ਕਈ ਛੋਟੇ-ਵੱਡੇ ਗੈਂਗ ਫਿਰੌਤੀ ਨਾਲ ਜੁੜੇ ਅਪਰਾਧਾਂ ਵਿੱਚ ਸ਼ਾਮਲ ਹਨ।

ਮੁੱਖ ਤੌਰ ਉੱਤੇ ਰਿਪੋਰਟ ਵਿੱਚ ਬਿਸ਼ਨੋਈ ਗੈਂਗ ਤੇ ਬੰਬੀਹਾ ਗਰੁੱਪ ਦਾ ਨਾਮ ਲਿਆ ਗਿਆ ਹੈ। ਇਹ ਵੀ ਖਦਸ਼ਾ ਜਤਾਇਆ ਗਿਆ ਹੈ ਕਿ ਕਈ ਗਰੁੱਪ ਇਨ੍ਹਾਂ ਦੋਵੇਂ ਗੈਂਗਜ਼ ਦਾ ਨਾਮ ਲੈ ਕੇ ਵੀ ਵਾਰਦਾਤਾਂ ਨੇ ਅੰਜਾਮ ਦਿੰਦੇ ਹਨ ਤਾਂ ਜੋ ਉਨ੍ਹਾਂ ਦੀਆਂ ਦਿੱਤੀਆਂ ਗਈਆਂ ਧਮਕੀਆਂ ਦਾ ਅਸਰ ਵਾਧੂ ਹੋ ਸਕੇ।

ਇੱਥੇ ਇਹ ਜ਼ਿਕਰਯੋਗ ਹੈ ਕਿ ਬਿਸ਼ਨੋਈ ਗੈਂਗ ਨੂੰ ਕੈਨੇਡਾ ਸਰਕਾਰ ਵੱਲੋਂ ਪਹਿਲਾਂ ਹੀ 2025 ਵਿੱਚ 'ਦਹਿਸ਼ਤਗਰਦ ਸੰਗਠਨ' ਐਲਾਨ ਦਿੱਤਾ ਹੈ।

ਕੈਨੇਡਾ ਸਰਕਾਰ ਮੁਤਾਬਕ ਬਿਸ਼ਨੋਈ ਗੈਂਗ ਦੀ ਮੌਜੂਦਗੀ ਵੱਡੀ ਪੱਧਰ ਉੱਤੇ ਕੈਨੇਡਾ ਵਿੱਚ ਹੈ ਤੇ ਖਾਸਕਰ ਕੈਨੇਡਾ ਦੇ ਉਨ੍ਹਾਂ ਖੇਤਰਾਂ ਵਿੱਚ ਐਕਟਿਵ ਹੈ ਜਿੱਥੇ ਦੱਖਣੀ ਏਸ਼ੀਆ ਦਾ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ।

ਇਸ ਦੇ ਨਾਲ ਹੀ ਬੰਬੀਹਾ ਗਰੁੱਪ ਦਾ ਨਾਮ ਵੀ ਇਸ ਰਿਪੋਰਟ ਵਿੱਚ ਮੁੱਖ ਤੌਰ ਉੱਤੇ ਲਿਆ ਗਿਆ ਹੈ।

ਰਿਪੋਰਟ ਮੁਤਾਬਕ ਇਹ ਗੈਂਗ ਹੋਰ ਦੂਜੇ ਗੈਂਗਜ਼ ਨਾਲ ਮਿਲ ਕੇ ਫਿਰੌਤੀ ਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।

 ਜਦੋਂ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਤਾਂ ਘਰਾਂ ਜਾਂ ਦੁਕਾਨਾਂ 'ਤੇ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ

ਗੈਂਗ ਕਿਵੇਂ ਵਾਰਦਾਤ ਨੂੰ ਅੰਜਾਮ ਦਿੰਦੇ ਹਨ

ਫਿਰੌਤੀ ਦੇ ਅਪਰਾਧਾਂ ਦੇ ਪੀੜਤ ਅਕਸਰ ਛੋਟੇ ਅਤੇ ਦਰਮਿਆਨੇ ਪੱਧਰ ਦੇ ਕਾਰੋਬਾਰ ਦੇ ਮਾਲਕ ਹੁੰਦੇ ਹਨ। ਇਹ ਲੋਕ ਜ਼ਿਆਦਾਤਰ ਰਿਟੇਲ, ਆਵਾਜਾਈ, ਨਿਰਮਾਣ, ਰੀਅਲ ਐਸਟੇਟ ਅਤੇ ਹੋਸਪਿਟੈਲਿਟੀ ਵਰਗੇ ਖੇਤਰਾਂ ਨਾਲ ਜੁੜੇ ਹੁੰਦੇ ਹਨ।

ਫਿਰੌਤੀ ਦੇ ਮਾਮਲੇ ਆਮ ਤੌਰ 'ਤੇ ਅਣਪਛਾਤੇ ਫੋਨ ਕਾਲਾਂ ਜਾਂ ਇਨਕ੍ਰਿਪਟਡ ਚੈਟ ਐਪਲੀਕੇਸ਼ਨਾਂ ਰਾਹੀਂ ਭੇਜੇ ਗਏ ਸੁਨੇਹਿਆਂ ਨਾਲ ਸ਼ੁਰੂ ਹੁੰਦੇ ਹਨ, ਜਿਨ੍ਹਾਂ ਵਿੱਚ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ। ਕਈ ਵਾਰ ਇਹ ਰਕਮ ਲੱਖਾਂ ਤੋਂ ਕਰੋੜਾਂ ਡਾਲਰ ਤੱਕ ਹੁੰਦੀ ਹੈ।

ਜਦੋਂ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਤਾਂ ਘਰਾਂ ਜਾਂ ਦੁਕਾਨਾਂ 'ਤੇ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕੁਝ ਹਾਲਤਾਂ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ।

ਦੱਖਣੀ ਏਸ਼ੀਆ ਮੂਲ ਦੇ ਕੈਨੇਡਾ ਵਾਸੀਆਂ ਖਿਲਾਫ਼ ਇਸ ਫਿਰੌਤੀ ਦੀ ਸਮੱਸਿਆ ਦੇ ਪੱਧਰ ਨੂੰ ਸਮਝਣ ਬਾਰੇ ਬੀਬੀਸੀ ਪੰਜਾਬੀ ਨੇ ਫਿਨਟ੍ਰੈਕ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਇਸ ਮਸਲੇ ਨਾਲ ਜੁੜੇ ਕੁਝ ਅਹਿਮ ਸਵਾਲ ਪੁੱਛੇ।

ਜਦੋਂ ਫਿਨਟ੍ਰੈਕ ਨੂੰ ਪੁੱਛਿਆ ਗਿਆ ਕਿ ਆਖਿਰ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖ਼ਿਲਾਫ਼ ਫਿਰੌਤੀ ਦਾ ਇਹ ਟਰੈਂਡ ਕਿੰਨਾ ਵੱਡਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਫਿਰੌਤੀ ਇੱਕ ਗੰਭੀਰ ਅਪਰਾਧਿਕ ਗਤੀਵਿਧੀ ਹੈ ਜੋ ਕੈਨੇਡਾ, ਕੈਨੇਡੀਅਨ ਕਾਰੋਬਾਰਾਂ ਅਤੇ ਸਮਾਜ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ।"

ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, "ਪਿਛਲੇ ਦਹਾਕੇ ਦੌਰਾਨ ਹਰ ਕਿਸਮ ਦੀ ਫਿਰੌਤੀ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। 2014 ਤੋਂ 2024 ਦੇ ਦਰਮਿਆਨ ਇਹ ਦਰ ਚਾਰ ਗੁਣਾ ਵਧ ਗਈ ਹੈ, ਹਰ 1 ਲੱਖ ਲੋਕਾਂ ਵਿੱਚ 8 ਮਾਮਲਿਆਂ ਤੋਂ ਵੱਧ ਕੇ 32 ਮਾਮਲੇ ਹੋ ਗਏ ਹਨ।"

"ਇਸਦੇ ਨਾਲ ਹੀ, ਇਹ ਅੰਕੜੇ ਸਿਰਫ਼ ਅਸਲ ਤਸਵੀਰ ਦਾ ਇੱਕ ਹਿੱਸਾ ਹੀ ਦਰਸਾਉਂਦੇ ਹਨ, ਕਿਉਂਕਿ ਗੈਰ-ਆਧਿਕਾਰਿਕ ਜਾਣਕਾਰੀ ਇਹ ਸੰਕੇਤ ਦਿੰਦੀ ਹੈ ਕਿ ਕਈ ਪੀੜਤ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ।"

ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕਿਸ ਤਰੀਕੇ ਦੇ ਵਿੱਤ ਮਾਮਲਿਆਂ ਨਾਲ ਜੁੜੇ ਸੰਕੇਤ ਮਿਲੇ ਹਨ ਜਿਸ ਨਾਲ ਇਹ ਪਤਾ ਲੱਗਿਆ ਹੋਵੇ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਸ਼ਮੂਲੀਅਤ ਹੈ।

ਇਸ ਬਾਰੇ ਉਨ੍ਹਾਂ ਕਿਹਾ, "ਸ਼ੱਕੀ ਲੈਣ-ਦੇਣ ਦੀਆਂ ਰਿਪੋਰਟਾਂ, ਜੋ FINTRAC ਨੂੰ ਭੇਜੀਆਂ ਗਈਆਂ ਹਨ, ਇਹ ਦਰਸਾਉਂਦੀਆਂ ਹਨ ਕਿ ਹਿੰਸਕ ਫਿਰੌਤੀ ਦੀਆਂ ਗਤੀਵਿਧੀਆਂ ਨਾਲ ਜੁੜੇ ਵਿਅਕਤੀਆਂ ਵੱਲੋਂ ਈਮੇਲ ਮਨੀ ਟ੍ਰਾਂਸਫ਼ਰ, ਚੈਕਾਂ ਅਤੇ ਨਕਦੀ ਰਕਮ ਵਰਗੇ ਲੈਣ-ਦੇਣ ਅਜਿਹੇ ਪੱਧਰ 'ਤੇ ਕੀਤੇ ਗਏ ਜੋ ਉਨ੍ਹਾਂ ਦੀ ਐਲਾਨੀ ਸਥਿਤੀ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਦੇ ਵਿੱਤੀ ਸਟੇਟਸ ਨਾਲ ਮੇਲ ਨਹੀਂ ਖਾਂਦੇ।"

"ਇਹ ਵੀ ਸੰਕੇਤ ਮਿਲਦਾ ਹੈ ਕਿ ਅਪਰਾਧਕ ਤੱਤ ਅਪਰਾਧ ਤੋਂ ਪ੍ਰਾਪਤ ਰਕਮ ਨੂੰ ਲੁਕਾਉਣ ਅਤੇ ਉਸਦੇ ਸਰੋਤ ਤੇ ਜਿੱਥੇ ਰਕਮ ਪਹੁੰਚਾਉਣੀ ਹੈ, ਉਸ ਨੂੰ ਛੁਪਾਉਣ ਲਈ ਨੋਮੀਨੀ ਅਤੇ ਮਨੀ ਮਿਊਲ ਵਰਤਦੇ ਹਨ।

 Getty Imagesਇਨ੍ਹਾਂ ਖੁਲਾਸਿਆਂ ਵਿੱਚ 300 ਤੋਂ ਵੱਧ ਸ਼ੱਕੀ ਵਿਅਕਤੀ ਸ਼ਾਮਲ ਹਨ ਅਤੇ 63,000 ਤੋਂ ਵੱਧ ਸੰਬੰਧਿਤ ਵਿੱਤੀ ਲੈਣ-ਦੇਣਾਂ ਦੀ ਜਾਣਕਾਰੀ ਸ਼ਾਮਲ ਹੈ

ਮਨੀ ਮਿਊਲ ਉਹ ਵਿਅਕਤੀ ਹੁੰਦਾ ਹੈ ਜੋ ਦੂਜਿਆਂ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਕੀਤੇ ਪੈਸੇ ਪ੍ਰਾਪਤ ਕਰਦਾ ਹੈ ਅਤੇ ਟ੍ਰਾਂਸਫਰ ਕਰਦਾ ਹੈ, ਅਕਸਰ ਆਪਣੇ ਬੈਂਕ ਖਾਤੇ ਰਾਹੀਂ, ਜੋ ਕਿ ਮਨੀ ਲਾਂਡਰਿੰਗ ਵਿੱਚ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦਾ ਹੈ। ਕੌਮਾਂਤਰੀ ਵਿਦਿਆਰਥੀਆਂ ਨੂੰ ਇਸ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਸਮੱਸਿਆ ਦੇ ਹੱਲ ਦੇ ਲਈ ਕੀ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ, ਕੈਨੇਡਾ ਸਰਕਾਰ ਨੇ ਕੈਨੇਡਾ ਭਰ ਵਿੱਚ ਫਿਰੌਤੀ ਦੇ ਅਪਰਾਧਾਂ ਦੀ ਪਛਾਣ ਕਰਨ, ਉਸ ਨੂੰ ਘੱਟ ਕਰਨ ਅਤੇ ਰੋਕਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕਈ ਨਵੇਂ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਹਨ।

FINTRAC ਦੇ ਵਿੱਤੀ ਖੁਫੀਆ ਅਧਿਕਾਰੀਆਂ ਵੱਲੋਂ ਫਿਰੌਤੀ 'ਤੇ ਕੇਂਦ੍ਰਿਤ ਚਰਚਾਵਾਂ ਰਾਹੀਂ ਕੈਨੇਡਾ ਭਰ ਦੇ ਕਰੀਬ 200 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਗਿਆ।

ਐਕਸਟੋਰਸ਼ਨ ਨਾਲ ਸੰਬੰਧਿਤ ਵਿੱਤੀ ਖੁਫੀਆ ਖੁਲਾਸਿਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਮਿਲਾ ਕੇ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਨਾਲੋਂ ਕਾਫ਼ੀ ਵੱਧ ਹੈ।

ਇਨ੍ਹਾਂ ਖੁਲਾਸਿਆਂ ਵਿੱਚ 300 ਤੋਂ ਵੱਧ ਸ਼ੱਕੀ ਵਿਅਕਤੀ ਸ਼ਾਮਲ ਹਨ ਅਤੇ 63,000 ਤੋਂ ਵੱਧ ਸੰਬੰਧਿਤ ਵਿੱਤੀ ਲੈਣ-ਦੇਣਾਂ ਦੀ ਜਾਣਕਾਰੀ ਸ਼ਾਮਲ ਹੈ।

ਇਹ ਖੁਲਾਸੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧਿਕ ਪੇਚੀਦਗੀਆਂ , ਵਿੱਤੀ ਧਾਰਾਵਾਂ ਅਤੇ ਸੰਗਠਿਤ ਅਪਰਾਧਿਕ ਗਰੁੱਪਾਂ ਵੱਲੋਂ ਵਰਤੀਆਂ ਜਾ ਰਹੀਆਂ ਨਵੀਂਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਖੁਫੀਆ ਜਾਣਕਾਰੀ ਪ੍ਰਦਾਨ ਕਰਦੇ ਹਨ।

ਇਸ ਤੋਂ ਇਲਾਵਾ, 25 ਵੱਡੀਆਂ ਵਿੱਤੀ ਸੰਸਥਾਵਾਂ ਅਤੇ ਕ੍ਰੈਡਿਟ ਯੂਨੀਅਨਾਂ ਨਾਲ ਸਹਿਯੋਗ ਸੰਪਰਕ ਸਥਾਪਤ ਕਰਕੇ ਨਵਾਂ ਟਾਰਗੇਟਿਡ ਇੰਡੀਕੇਟਰ ਪ੍ਰੋਫ਼ਾਈਲ (TIP) ਸਾਂਝਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਐਕਸਟੋਰਸ਼ਨ ਨਾਲ ਸੰਬੰਧਿਤ ਵਿਸ਼ੇਸ਼ ਸੰਕੇਤਕ ਅਤੇ ਰਣਨੀਤਿਕ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਜਿਸਦਾ ਇਸਤੇਮਾਲ ਕੈਨੇਡਾ ਦੇ ਸਭ ਵੱਡੇ ਬੈਂਕਾਂ ਅਤੇ ਮੁੱਖ ਕ੍ਰੈਡਿਟ ਯੂਨੀਅਨਾਂ ਵੱਲੋਂ ਕੀਤਾ ਜਾ ਸਕੇ।

ਇਨ੍ਹਾਂ ਸਾਰਿਆਂ ਦਾ ਮਕਸਦ ਫਿਰੌਤੀ ਦੇ ਅਪਰਾਧ ਨਾਲ ਜੁੜੇ ਵਿੱਤੀ ਲੈਣ-ਦੇਣ ਉੱਤੇ ਪੈਨੀ ਨਜ਼ਰ ਰੱਖਣਾ ਹੈ।

ਰਿਪੋਰਟ ਮੁਤਾਬਕ ਇਹ ਗੈਂਗ ਕਿਵੇਂ ਫਿਰੌਤੀ ਮੰਗਣ ਤੋਂ ਲੈ ਕੇ ਉਸ ਦੇ ਪੈਸੇ ਨੂੰ ਹਾਸਲ ਕਰਨ ਤੇ ਟਿਕਾਣੇ ਲਗਾਉਣ ਦੀ ਪੂਰੀ ਪ੍ਰਕਿਰਿਆ ਨੂੰ ਅੰਜਾਮ ਦਿੰਦੇ ਹਨ ਕੈਨੇਡਾ Getty Images

source: bbc.com/punjabi

Dailyhunt
Disclaimer: This content has not been generated, created or edited by Dailyhunt. Publisher: BBC Punjabi