Monday, 09 Mar, 10.14 am BBC ਪੰਜਾਬੀ

ਭਾਰਤ
ਮੁਸ਼ਕਲਾਂ ਤੇ ਚੁਣੌਤੀਆਂ ਨੂੰ ਮਾਤ ਦੇ ਕੇ 8 ਸਾਲ ਬਾਅਦ ਕੁਸ਼ਤੀ ਵਿੱਚ ਕਮਬੈਕ ਕਰਨ ਵਾਲੀ ਖਿਡਾਰਨ

BBC

“ਹਰਿਆਣਾ ਅਤੇ ਪੰਜਾਬ ਵਿੱਚ ਮੈਂ ਦੁਨੀਆਂ ਦੀ ਬੈੱਸਟ ਪਹਿਲਵਾਨ ਹਾਂ, ਮੈਂ ਹਰ ਔਖਾ ਕੰਮ ਕਰ ਸਕਦੀ ਹਾਂ, ਮੈਂ ਕਦੇ ਹਾਰ ਨਹੀਂ ਸਕਦੀ, ਮੇਰੀ ਬੇਟੀ ਅਤੇ ਮੇਰੀ ਮਾਂ ਮੇਰਾ ਗਰੂਰ ਹੈ। ਇਨ੍ਹਾਂ ਲਾਈਨਾਂ ਤੋਂ ਮੈਨੂੰ ਹਿੰਮਤ ਮਿਲਦੀ ਹੈ ਅਤੇ ਮੈਂ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਦੀ ਜਾ ਰਹੀ ਹਾਂ।”

ਇਹ ਕਹਿਣਾ ਹੈ ਕੌਮਾਂਤਰੀ ਮਹਿਲਾ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਦਾ ਜਿਨ੍ਹਾਂ ਨੇ ਹਾਲ ਹੀ ਵਿੱਚ ਦਿੱਲੀ 'ਚ ਖ਼ਤਮ ਹੋਈ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ 72 ਕਿਲੋਂ ਭਾਰ ਵਰਗ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਹੈ।

ਗੁਰਸ਼ਰਨਪ੍ਰੀਤ ਲਈ ਇਹ ਕਾਮਯਾਬੀ ਸੌਖੀ ਨਹੀਂ ਸੀ ਕਿਉਂਕਿ ਉਹ ਇੱਕ ਤਿੰਨ ਸਾਲਾ ਬੱਚੀ ਦੀ ਮਾਂ ਹੈ।

ਗੁਰਸ਼ਰਨਪ੍ਰੀਤ ਆਖਦੀ ਹੈ, "ਸਖ਼ਤ ਪ੍ਰੈਕਟਿਸ ਅਤੇ ਧੀ ਤੋਂ ਦੂਰ ਰਹਿਣ ਕਾਰਨ ਕਈ ਵਾਰ ਉਸ ਦੀ ਹਿੰਮਤ ਟੁੱਟਦੀ ਹੈ ਪਰ ਉਨ੍ਹਾਂ ਲਾਈਨਾਂ ਨੂੰ ਯਾਦ ਕਰਕੇ ਉਹ ਫਿਰ ਤੋਂ ਆਪਣੇ ਆਪ ਨੂੰ ਸੰਭਾਲਦੀ ਤੇ ਮਿਹਨਤ ਵਿੱਚ ਜੁਟ ਜਾਂਦੀ ਹੈ।"

ਇਹ ਵੀ ਪੜ੍ਹੋ:

ਮਾਂ ਬਣਨ ਤੋਂ ਬਾਅਦ ਅਖਾੜੇ ਵਿੱਚ ਵਾਪਸੀ

ਪੰਜਾਬ ਵਿੱਚ ਸਬ ਇੰਸਪੈਕਟਰ ਵਜੋਂ ਕੰਮ ਕਰ ਰਹੀ ਗੁਰਸ਼ਰਨਪ੍ਰੀਤ ਕੌਰ ਨੇ ਕੌਮਾਂਤਰੀ ਪੱਧਰ ਦੇ ਕਈ ਮੈਡਲ ਆਪਣੇ ਨਾਮ ਕੀਤੇ ਹਨ। ਇਸ ਤੋਂ ਬਾਅਦ ਉਸ ਦਾ ਵਿਆਹ ਪੰਜਾਬ ਪੁਲਿਸ ਵਿੱਚ ਹੀ ਕੰਮ ਕਰਨ ਵਾਲੇ ਇੱਕ ਨੌਜਵਾਨ ਨਾਲ 2013 ਵਿੱਚ ਹੋਇਆ ਸੀ।

BBC

ਗੁਰਸ਼ਰਨਪ੍ਰੀਤ ਮੁਤਾਬਕ ਬੇਟੀ ਦੇ ਜਨਮ ਤੋਂ ਬਾਅਦ ਸਹੁਰਾ ਪਰਿਵਾਰ ਦਾ ਵਿਵਹਾਰ ਉਸ ਲਈ ਬਦਲ ਗਿਆ ਅਤੇ ਗੁਰਸ਼ਰਨਪ੍ਰੀਤ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ।

ਗੁਰਸ਼ਰਨਪ੍ਰੀਤ ਆਖਦੀ ਹੈ ਕਿ ਬੇਟੀ ਦੇ ਜਨਮ ਤੋਂ ਬਾਅਦ ਉਸ ਦਾ ਭਾਰ ਬਹੁਤ ਜਿਆਦਾ ਵੱਧ ਗਿਆ ਸੀ। ਘਰ ਵਿੱਚ ਕਲੇਸ਼ ਰਹਿਣ ਕਾਰਨ ਉਹ ਡਿਪਰੈਸ਼ਨ ਵਿੱਚ ਰਹਿਣ ਲੱਗੀ ਸੀ।

ਗੁਰਸ਼ਰਨ ਦੱਸਦੀ ਹੈ ਕਿ ਬੇਟੀ ਦੀ ਸਾਂਭ ਸੰਭਾਲ ਅਤੇ ਉਸ ਦੇ ਭਵਿੱਖ ਨੂੰ ਲੈ ਕੇ ਉਸ ਨੇ ਅਖਾੜੇ ਵਿੱਚ ਵਾਪਸੀ ਕਰਨ ਦੀ ਸੋਚੀ ਪਰ ਇਹ ਇੰਨਾ ਸੌਖਾ ਨਹੀਂ ਸੀ, ਕਿਉਂਕ ਬੇਟੀ ਦੀ ਉਮਰ ਛੋਟੀ ਹੋਣੀ ਉਸ ਲਈ ਸਭ ਤੋਂ ਵੱਡੀ ਦਿੱਕਤ ਸੀ।

https://www.youtube.com/watch?v=WrRK4ywTDTQ

ਇਸ ਤੋਂ ਵੀ ਵੱਡੀ ਦਿੱਕਤ ਗੁਰਸ਼ਰਨਪ੍ਰੀਤ ਦੀ ਫਿਟਨੈੱਸ ਸੀ ਕਿਉਂਕਿ ਉਸ ਦਾ ਭਾਰ 97 ਕਿੱਲੋ ਪਹੁੰਚ ਚੁੱਕਿਆ ਸੀ।

ਬੇਟੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਗੁਰਸ਼ਰਨ ਦੀ ਮਾਂ ਨੇ ਲਈ ਅਤੇ ਉਸ ਨੇ ਫਿਟਨੈੱਸ ਲਿਆਉਣ ਲਈ ਪਿੰਡ ਤੋਂ ਜਲੰਧਰ ਪੀਏਪੀ ਵਿੱਚ ਡੇਰਾ ਲਗਾ ਲਿਆ। ਇਹ ਸੌਖਾ ਨਹੀਂ ਸੀ ਮਾਂ ਨੂੰ ਧੀ ਦੀ ਮਮਤਾ ਆਪਣੇ ਵੱਲ ਵਾਰ-ਵਾਰ ਖਿੱਚਦੀ ਪਰ ਸਭ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ।

ਕਰੀਬ ਦੋ ਸਾਲ ਦੇ ਅਭਿਆਸ ਤੋਂ ਬਾਅਦ ਗੁਰਸ਼ਰਨ ਆਪਣੇ ਪੁਰਾਣੇ ਰੰਗ ਵਿੱਚ ਆ ਗਈ। ਉਸ ਨੇ ਪੁਲਿਸ ਖੇਡਾਂ, ਨੈਸ਼ਨਲ ਅਤੇ ਛਿੰਝਾਂ ਵਿੱਚ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਰਾਹੀਂ ਨਾ ਸਿਰਫ ਉਸ ਨੇ ਅੱਠ ਸਾਲ ਬਾਅਦ ਵਾਪਸੀ ਕੀਤੀ ਸਗੋਂ ਕਾਂਸੇ ਦਾ ਤਮਗਾ ਜਿੱਤ ਕੇ ਆਪਣੇ ਦਮਖਮ ਦਾ ਸਬੂਤ ਦਿੱਤਾ।

BBC

ਗੁਰਸ਼ਰਨ ਆਖਦੀ ਹੈ ਕਿ ਜਦੋਂ ਉਸ ਨੇ ਦਿੱਲੀ ਵਿੱਚ ਮੈਡਲ ਜਿੱਤਿਆ ਤਾਂ ਉਹ ਬਹੁਤ ਰੋਈ, ਇਸ ਦਾ ਕਾਰਨ ਉਹ ਦੱਸਦੀ ਹੈ ਕਿ ਜਿਸ ਮੈਡਲ ਲਈ ਉਸ ਨੇ ਆਪਣੀ ਬੇਟੀ ਨੂੰ ਦੂਰ ਰੱਖਿਆ, ਦਿਨ ਰਾਤ ਅਭਿਆਸ ਕੀਤਾ, ਉਸ ਦਾ ਨਤੀਜਾ ਉਸ ਦੇ ਗਲ ਵਿੱਚ ਪਿਆ ਤਮਗਾ ਸੀ। ਗੁਰਸ਼ਰਨ ਆਖਦੀ ਹੈ ਕਿ ਰੈਸਲਿੰਗ ਉਸ ਦਾ ਇਸ਼ਕ ਹੈ ਅਤੇ ਉਹ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਅਖਾੜੇ ਵਿੱਚ ਲੈਣਾ ਚਾਹੁੰਦੀ ਹੈ।

ਮੁੰਡਿਆਂ ਦੇ ਨਾਲ ਅਭਿਆਸ

ਗੁਰਸ਼ਰਨਪ੍ਰੀਤ ਦਾ ਸਬੰਧ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਵੜਿੰਗ ਨਾਲ ਹੈ। ਉਹ ਦੱਸਦੀ ਹੈ ਕਿ ਸ਼ੁਰੂ ਵਿੱਚ ਉਸ ਨੇ ਹੈਮਰ ਥਰੋ ਸ਼ੁਰੂ ਕੀਤੀ ਸੀ ਅਤੇ ਇਸ ਦੇ ਆਧਾਰ ਉਤੇ ਉਸ ਨੂੰ ਪੁਲਿਸ ਵਿੱਚ ਨੌਕਰੀ ਵੀ ਮਿਲੀ। ਪਰ ਜਲੰਧਰ ਪੀਏਪੀ ਵਿੱਚ ਪ੍ਰੈਕਟਿਸ ਦੌਰਾਨ ਪਹਿਲਵਾਨ ਕਰਤਾਰ ਸਿੰਘ ਨੇ ਉਸ ਨੂੰ ਪਹਿਲਵਾਨੀ ਲਈ ਪ੍ਰੇਰਿਤ ਕੀਤਾ ਅਤੇ ਉਸ ਨੇ ਇਸ ਖੇਡ 'ਚ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ।

ਜਦੋਂ ਬੀਬੀਸੀ ਪੰਜਾਬੀ ਦੀ ਟੀਮ ਗੁਰਸ਼ਨ ਨੂੰ ਮਿਲਣ ਜਲੰਧਰ ਦੇ ਪੀਏਪੀ ਸਪੋਰਟਸ ਕੰਪਲੈਕਸ 'ਚ ਪਹੁੰਚੀ ਤਾਂ ਉਥੇ ਵੀ ਉਹ ਮੁੰਡਿਆਂ ਨਾਲ ਹੀ ਅਭਿਆਸ ਕਰ ਰਹੀ ਸੀ।

ਅਜਿਹਾ ਕਿਉ ਤਾਂ ਉਸ ਦਾ ਜਵਾਬ ਸੀ ਕਿ ਉਸ ਨੇ ਸ਼ੁਰੂ ਤੋਂ ਹੀ ਮੁੰਡਿਆਂ ਨਾਲ ਅਭਿਆਸ ਕੀਤਾ ਹੈ, ਕਿਉਂਕਿ ਉਸ ਨੂੰ ਆਪਣੇ ਭਾਰ ਦੀ ਅਭਿਆਸ ਕਰਨ ਲਈ ਕੁੜੀ ਨਹੀਂ ਨਹੀ ਮਿਲਦੀ। ਇਸ ਕਰਕੇ ਮੁੰਡਿਆਂ ਨਾਲ ਹੀ ਅਭਿਆਸ ਕਰਨਾ ਪੈਂਦਾ ਹੈ।

BBC

ਉਹ ਦੱਸਦੀ ਹੈ ਕਿ ਉਸ ਦੇ ਪਤੀ ਨੂੰ ਵੀ ਇਸ ਗੱਲ ਦਾ ਇਤਰਾਜ਼ ਸੀ।

ਉਨ੍ਹਾਂ ਦੱਸਿਆ, “ਮੈਂ ਮੁੰਡਿਆਂ ਨਾਲ ਅਭਿਆਸ ਕਰਦੀ ਹਾਂ। ਉਹਨਾਂ ਆਖਿਆ ਕਿ ਪਤੀ ਨੇ ਬੇਟੀ ਦੇ ਜਨਮ ਤੋਂ ਬਾਅਦ ਉਸ ਨੂੰ ਆਖਿਆ ਸੀ ਤੈਨੂੰ ਬੇਟੀ ਜਾਂ ਪਤੀ ਵਿੱਚੋਂ ਇਕ ਚੀਜ਼ ਚੁਣਨੀ ਹੋਵੇਗੀ ਮੈ ਬੇਟੀ ਨੂੰ ਚੁਣਿਆ ਅਤੇ ਉਸ ਦੀ ਭਵਿੱਖ ਨੂੰ ਲੈ ਕੇ ਮੈ ਮਿਹਨਤ ਕਰ ਰਹੀ ਹਾਂ।”

ਇਹ ਵੀ ਪੜ੍ਹੋ:

ਪਿੰਡ ਦੇ ਸੁੱਕੇ ਛੱਪੜ ਵਿੱਚ ਕੀਤਾ ਅਭਿਆਸ

36 ਸਾਲ ਗੁਰਸ਼ਰਨ ਆਖਦੀ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਖੇਡਾਂ ਲਈ ਖਾਸ ਤੌਰ 'ਤੇ ਕੁੜੀਆਂ ਲਈ ਕੋਈ ਸਹੂਲਤ ਨਹੀਂ ਹੈ। ਉਹ ਆਖਦੀ ਹੈ ਕਿ ਉਸ ਨੂੰ ਖੇਡਾਂ ਨਾਲ ਲਗਾਅ ਸੀ ਪਰ ਪਿੰਡ ਵਿੱਚ ਮੈਦਾਨ ਨਹੀਂ ਸੀ। ਆਖਰਕਾਰ ਪਿੰਡ ਦੇ ਇੱਕ ਸੁੱਕੇ ਛੱਪੜ 'ਚ ਮੈਂ ਅਭਿਆਸ ਕਰਨਾ ਸ਼ੁਰੂ ਕੀਤਾ ਪਰ ਉੱਥੇ ਪਿੰਡ ਦੇ ਮੁੰਡੇ ਆ ਕੇ ਕ੍ਰਿਕਟ ਖੇਡਣ ਲੱਗ ਜਾਂਦੇ, ਪਿੰਡ ਵਾਲੇ ਵੀ ਕੋਈ ਸਾਥ ਨਹੀਂ ਸੀ ਦਿੰਦੇ।

ਗੁਰਸ਼ਰਨ ਆਖਦੀ ਹੈ ਕਿ ਅੱਜ ਪਿੰਡ ਵਾਲੇ ਉਸ ਦੀ ਕਾਮਯਾਬੀ ਉਤੇ ਮਾਣ ਮਹਿਸੂਸ ਕਰਦੇ ਹਨ ਅਤੇ ਉਹਨਾਂ ਦੀ ਸੋਚ ਵੀ ਕੁੜੀਆਂ ਪ੍ਰਤੀ ਬਦਲਣ ਲੱਗੀ ਹੈ।

ਕੀ ਉਮਰ ਦਾ ਖੇਡ 'ਤੇ ਅਸਰ ਪੈਂਦਾ ਹੈ

ਗੁਰਸ਼ਰਨ ਨੇ ਅਖਾੜੇ ਵਿੱਚ ਉਸ ਸਮੇਂ ਵਾਪਸੀ ਕੀਤੀ ਹੈ ਜਦੋਂ ਆਮ ਤੌਰ ਉਤੇ ਮਹਿਲਾਵਾਂ ਘਰੇਲੂ ਕੰਮ 'ਚ ਉਲਝ ਜਾਂਦੀਆਂ ਹਨ। 36 ਸਾਲਾ ਗੁਰਸ਼ਰਨ ਆਖਦੀ ਹੈ "ਉਮਰ ਦੇ ਖੇਡ 'ਤੇ ਅਸਰ ਨੂੰ ਉਹ ਨਹੀਂ ਮੰਨਦੀ।

BBC

ਉਹ ਆਖਦੀ ਹੈ ਜਦੋਂ ਤੱਕ ਹਿੰਮਤ ਹੈ ਉਹ ਕੁਸ਼ਤੀ ਕਰਦੀ ਰਹੇਗੀ। ਉਹ ਆਖਦੀ ਹੈ ਕਿ ਉਸ ਨੇ 2012 ਵਿੱਚ ਮੈਡਲ ਜਿੱਤਿਆ ਸੀ ਉਸ ਤੋਂ ਬਾਅਦ ਕੁਸ਼ਤੀ ਛੱਡ ਦਿੱਤੀ ਅਤੇ ਹੁਣ ਕੌਮਾਂਤਰੀ ਪੱਧਰ 'ਤੇ ਉਸ ਨੇ 2020 ਵਿੱਚ ਵਾਪਸੀ ਕੀਤੀ ਹੈ। ਗੁਰਸ਼ਰਨ ਆਖਦੀ ਹੈ ਕਿ ਉਂਝ ਉਹ ਭਵਿੱਖ ਦੀਆਂ ਯੋਜਨਾਵਾਂ ਨਹੀਂ ਬਣਾਉਂਦੀ ਪਰ ਫਿਰ ਉਸ ਦਾ ਟੀਚਾ ਵਿਸ਼ਵ ਚੈਂਪੀਅਨ ਅਤੇ ਉਲਪਿੰਕ ਵਿੱਚ ਮੈਡਲ ਜਿਤਣ ਦਾ ਹੈ।

ਰਿਸਤੇਦਾਰਾਂ ਦੀ ਨਰਾਜ਼ਗੀ

ਗੁਰਸ਼ਰਨ ਦੀ ਮਾਤਾ ਰਾਜਵੀਰ ਕੌਰ ਆਖਦੀ ਹੈ ਕਿ ਉਸ ਦੇ ਤਿੰਨ ਬੱਚੇ (ਦੋ ਬੇਟੀਆਂ ਅਤੇ ਇੱਕ ਬੇਟਾ) ਹਨ ਅਤੇ ਗੁਰਸ਼ਰਨ ਸਭ ਤੋਂ ਵੱਡੀ ਹੈ।

BBC ਗੁਰਸ਼ਨ ਦੀ ਮਾਤਾ ਰਾਜਵੀਰ ਕੌਰ

ਉਹ ਆਖਦੀ ਹੈ ਕਿ ਇਸ ਦਾ ਸ਼ੁਰੂ ਤੋਂ ਝੁਕਾਅ ਖੇਡਾਂ ਵੱਲ ਸੀ ਪਰ ਪਿੰਡ ਦਾ ਮਾਹੌਲ ਅਤੇ ਰਿਸ਼ਤੇਦਾਰਾਂ ਦੀ ਸੋਚ ਉਸ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ। ਰਾਜਵੀਰ ਕੌਰ ਦੱਸਦੀ ਹੈ ਕਿ ਸ਼ੁਰੂ ਵਿੱਚ ਰਿਸ਼ਤੇਦਾਰਾਂ ਨੇ ਇਸ ਪ੍ਰਤੀ ਨਰਾਜ਼ਗੀ ਵੀ ਪ੍ਰਗਟਾਈ। ਪਰ ਅੱਜ ਪਿੰਡ ਵਾਲਿਆਂ ਦੇ ਨਾਲ ਰਿਸ਼ਤੇਦਾਰ ਵੀ ਗੁਰਸ਼ਰਨ ਦੀ ਕਾਮਯਾਬੀ ਉਤੇ ਮਾਣ ਕਰਦੇ ਹਨ।

ਇਹ ਵੀ ਪੜ੍ਹੋ:

ਪਤੀ ਦੀ ਮੌਤ ਤੋਂ ਬਾਅਦ ਇਹ ਦਿੱਕਤ ਹੋਰ ਵੀ ਵੱਧ ਗਈ ਪਰ ਗੁਰਸ਼ਰਨ ਦੇ ਤਾਇਆ ਨੇ ਉਸ ਸਮੇਂ ਮਦਦ ਕੀਤੀ। ਰਾਜਵੀਰ ਕੌਰ ਆਖਦੀ ਹੈ ਕਿ ਬੇਸ਼ੱਕ ਗੁਰਸ਼ਰਨ ਨੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰੀਆਂ ਪਰ ਖੇਡਾਂ ਸਬੰਧੀ ਬੁਨਿਆਦੀ ਢਾਂਚਾ ਅੱਜ ਵੀ ਪਿੰਡ ਵਿੱਚ ਨਹੀਂ ਹੈ। ਸਟੇਡੀਅਮ ਦੀ ਅੱਜ ਪਿੰਡ ਘਾਟ ਹੈ।

ਇਹ ਵੀਡੀਓਜ਼ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=uRV3lmU_TT8

https://www.youtube.com/watch?v=J_DB9zuvNc8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Dailyhunt
Disclaimer: This story is auto-aggregated by a computer program and has not been created or edited by Dailyhunt. Publisher: BBC Punjabi
Top