Dailyhunt
ਸ਼ੁਭੇਂਦੂ ਅਧਿਕਾਰੀ ਦੇ ਪੀਏ ਦਾ ਕਤਲ: ਭਾਜਪਾ ਨੇਤਾ ਬੋਲੇ 'ਇਹ ਯੋਜਨਾਬੱਧ ਸਾਜ਼ਿਸ਼', ਟੀਐਮਸੀ ਨੇ ਕੀ ਕਿਹਾ?

ਸ਼ੁਭੇਂਦੂ ਅਧਿਕਾਰੀ ਦੇ ਪੀਏ ਦਾ ਕਤਲ: ਭਾਜਪਾ ਨੇਤਾ ਬੋਲੇ 'ਇਹ ਯੋਜਨਾਬੱਧ ਸਾਜ਼ਿਸ਼', ਟੀਐਮਸੀ ਨੇ ਕੀ ਕਿਹਾ?

ANIਇਹ ਘਟਨਾ ਰਾਜਧਾਨੀ ਕੋਲਕਾਤਾ ਦੇ ਨੇੜੇ ਮੱਧਮਗ੍ਰਾਮ ਵਿੱਚ ਵਾਪਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਪੱਛਮੀ ਬੰਗਾਲ ਵਿੱਚ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (ਪੀਏ) ਚੰਦਰਨਾਥ ਰੱਥ ਦੀ ਬੁੱਧਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਦੇ ਅਨੁਸਾਰ, ਇਹ ਘਟਨਾ ਰਾਜਧਾਨੀ ਕੋਲਕਾਤਾ ਦੇ ਨੇੜੇ ਮੱਧਮਗ੍ਰਾਮ ਵਿੱਚ ਵਾਪਰੀ।

ਏਜੰਸੀਆਂ ਦੁਆਰਾ ਜਾਰੀ ਕੀਤੇ ਗਏ ਵੀਡੀਓ ਵਿੱਚ ਚੰਦਰਨਾਥ ਰੱਥ ਨੂੰ ਹਸਪਤਾਲ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਜਿਸ ਕਾਰ ਵਿੱਚ ਉਹ ਯਾਤਰਾ ਕਰ ਰਹੇ ਸਨ, ਉਸ 'ਤੇ ਵਿਧਾਨ ਸਭਾ ਪਾਸ ਦਾ ਸਟਿੱਕਰ ਵੀ ਸੀ।

ਭਾਜਪਾ ਨੇ ਚੰਦਰਨਾਥ ਰੱਥ ਦੇ ਕਤਲ ਨੂੰ 'ਯੋਜਨਾਬੱਧ' ਦੱਸਿਆ ਹੈ। ਤ੍ਰਿਣਮੂਲ ਕਾਂਗਰਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸ਼ੁਭੇਂਦੂ ਅਧਿਕਾਰੀ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਭਵਾਨੀਪੁਰ ਤੋਂ ਟੀਐਮਸੀ ਨੇਤਾ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲਗਭਗ 15,000 ਵੋਟਾਂ ਨਾਲ ਹਰਾਇਆ ਸੀ।

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ, ਸੰਭਾਵਿਤ ਹਿੰਸਾ ਦਾ ਡਰ ਸੀ। ਰਾਜ ਵਿੱਚ ਭੰਨਤੋੜ ਅਤੇ ਹਿੰਸਾ ਦੀਆਂ ਕਈ ਰਿਪੋਰਟਾਂ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਇਲਜ਼ਾਮ ਲਗਾਇਆ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਮੈਂਬਰ ਆਪਣੀ ਪੱਛਾਣ ਬਦਲ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਅਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 ANIਗੋਲ਼ੀ ਨਾਲ ਟੁੱਟਿਆ ਗੱਡੀ ਦਾ ਸ਼ੀਸ਼ਾ

ਸੂਬੇ ਦੇ ਡੀਜੀਪੀ ਸਿੱਧਨਾਥ ਗੁਪਤਾ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, "ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਪਰਾਧ ਵਿੱਚ ਵਰਤੀ ਗਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ, ਪਰ ਗੱਡੀ ਦੀ ਲਾਇਸੈਂਸ ਪਲੇਟ ਗਲਤ ਹੈ।''

''ਅਸੀਂ ਘਟਨਾ ਸਥਾਨ ਤੋਂ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਚਸ਼ਮਦੀਦਾਂ ਦੇ ਬਿਆਨਾਂ ਅਤੇ ਹੁਣ ਤੱਕ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।"

ਟੀਐਮਸੀ ਅਤੇ ਭਾਜਪਾ ਨੇ ਕੀ ਕਿਹਾ?

ਘਟਨਾ 'ਤੇ ਟਿੱਪਣੀ ਕਰਦੇ ਹੋਏ ਸ਼ੁਭੇਂਦੂ ਅਧਿਕਾਰੀ ਨੇ ਕਿਹਾ, "ਇਹ ਇੱਕ ਯੋਜਨਾਬੱਧ ਕਤਲ ਸੀ। ਡੀਜੀਪੀ ਨੇ ਇਹ ਵੀ ਕਿਹਾ ਕਿ ਰੇਕੀ 2-3 ਦਿਨ ਪਹਿਲਾਂ ਕੀਤੀ ਗਈ ਸੀ।"

ਉਨ੍ਹਾਂ ਕਿਹਾ ਕਿ ਇਹ ਟੀਐਮਸੀ ਦੇ 15 ਸਾਲਾਂ ਦੇ ਜੰਗਲ ਰਾਜ ਦਾ ਨਤੀਜਾ ਹੈ।

ਸ਼ੁਭੇਂਦੂ ਅਧਿਕਾਰੀ ਨੇ ਕਿਹਾ, "ਅਸੀਂ ਸਾਰੇ ਸੋਗ ਵਿੱਚ ਹਾਂ। ਸਾਡੇ ਕੋਲ ਆਪਣਾ ਦੁੱਖ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹਨ। ਸਾਡੀ ਕੇਂਦਰੀ ਲੀਡਰਸ਼ਿਪ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਹੈ। ਕੈਬਨਿਟ ਮੰਤਰੀ ਸੁਕਾਂਤ ਮਜੂਮਦਾਰ ਨੇ ਚੰਦਰਨਾਥ ਰੱਥ ਦੇ ਪਰਿਵਾਰ ਅਤੇ ਪੁਲਿਸ ਨਾਲ ਗੱਲ ਕੀਤੀ ਹੈ। ਪੂਰੀ ਪਾਰਟੀ ਇਸ ਮੁੱਦੇ 'ਤੇ ਇੱਕਜੁੱਟ ਹੈ।"

ਇਸ ਦੌਰਾਨ, ਤ੍ਰਿਣਮੂਲ ਕਾਂਗਰਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਮੱਧਮਗ੍ਰਾਮ ਵਿੱਚ ਚੰਦਰਨਾਥ ਰੱਥ ਦੇ ਬੇਰਹਿਮੀ ਨਾਲ ਕਤਲ ਦੇ ਨਾਲ-ਨਾਲ ਚੋਣਾਂ ਤੋਂ ਬਾਅਦ ਹੋਈ ਹਿੰਸਾ ਵਿੱਚ ਭਾਜਪਾ ਮੈਂਬਰਾਂ ਦੁਆਰਾ ਤਿੰਨ ਟੀਐਮਸੀ ਵਰਕਰਾਂ ਦੀ ਹੱਤਿਆ ਦੀ ਨਿੰਦਾ ਕਰਦੇ ਹਾਂ।"

ਟੀਐਮਸੀ ਨੇ ਕਿਹਾ ਕਿ ਉਹ ਇਸ ਪੂਰੀ ਘਟਨਾ ਵਿੱਚ ਸਖ਼ਤ ਕਾਰਵਾਈ ਦੀ ਮੰਗ ਕਰਦੀ ਹੈ।

ਪਾਰਟੀ ਨੇ ਬਿਆਨ ਵਿੱਚ ਅੱਗੇ ਕਿਹਾ, "ਅਸੀਂ ਅਦਾਲਤ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਬਿਨਾਂ ਦੇਰੀ ਦੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ। ਲੋਕਤੰਤਰ ਵਿੱਚ ਹਿੰਸਾ ਅਤੇ ਰਾਜਨੀਤਿਕ ਕਤਲਾਂ ਦੀ ਕੋਈ ਥਾਂ ਨਹੀਂ ਹੈ, ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।"

ਕੌਣ ਸਨ ਚੰਦਰਨਾਥ ਰਥ?

 Debarchan Chatterjee/NurPhoto via Getty Imagesਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਇਹ ਟੀਐਮਸੀ ਦੇ 15 ਸਾਲਾਂ ਦੇ ਜੰਗਲ ਰਾਜ ਦਾ ਨਤੀਜਾ ਹੈ (ਫਾਈਲ ਫੋਟੋ)

ਖਬਰ ਏਜੰਸੀ ਪੀਟੀਆਈ ਦੇ ਮੁਤਾਬਕ, 41 ਸਾਲਾ ਚੰਦਰਨਾਥ ਰਥ ਮੂਲ ਰੂਪ ਵਿੱਚ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਚਾਂਦੀਪੁਰ ਦੇ ਰਹਿਣ ਵਾਲੇ ਸਨ। ਉਹ ਸ਼ੁਭੇਂਦੁ ਅਧਿਕਾਰੀ ਦੇ ਬਹੁਤ ਕਰੀਬੀ ਸਨ ਅਤੇ ਸੂਬੇ ਦੀ ਸਿਆਸਤ ਵਿੱਚ ਉਨ੍ਹਾਂ ਦੇ ਉਭਾਰ ਦਾ ਸਿਹਰਾ ਉਨ੍ਹਾਂ ਨੂੰ ਵੀ ਜਾਂਦਾ ਹੈ।

ਸਾਲਾਂ ਤੱਕ ਅਧਿਕਾਰੀ ਦੇ ਅੰਦਰੂਨੀ ਘੇਰੇ ਦਾ ਹਿੱਸਾ ਹੋਣ ਦੇ ਬਾਵਜੂਦ, ਉਹ ਕਾਫ਼ੀ ਹੱਦ ਤੱਕ ਪਰਦੇ ਪਿੱਛੇ ਹੀ ਰਹੇ।

ਸਰਗਰਮ ਸਿਆਸੀ ਸੰਗਠਨਾਤਮਕ ਕੰਮ ਵਿੱਚ ਆਉਣ ਤੋਂ ਪਹਿਲਾਂ, ਰਥ ਨੇ ਰਾਮਕ੍ਰਿਸ਼ਣ ਮਿਸ਼ਨ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਗਭਗ ਦੋ ਦਹਾਕੇ ਭਾਰਤੀ ਹਵਾਈ ਫੌਜ ਵਿੱਚ ਬਿਤਾਏ ਸਨ।

ਪਰਿਵਾਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਆਪਣੇ ਵਿਦਿਆਰਥੀ ਜੀਵਨ ਦੌਰਾਨ ਉਹ ਰਾਮਕ੍ਰਿਸ਼ਣ ਮਿਸ਼ਨ ਦੀ ਵਿਚਾਰਧਾਰਾ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਸਨ।

ਹਵਾਈ ਫੌਜ ਤੋਂ ਸਵੈਛਿਕ ਸੇਵਾਮੁਕਤੀ ਲੈਣ ਤੋਂ ਬਾਅਦ, ਉਨ੍ਹਾਂ ਨੇ ਕੁਝ ਸਮਾਂ ਕਾਰਪੋਰੇਟ ਸੈਕਟਰ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਹੌਲੀ-ਹੌਲੀ ਰਾਜਨੀਤਿਕ ਤਾਲਮੇਲ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਾਲ ਜੁੜ ਗਏ।

ਸ਼ੁਭੇਂਦੁ ਅਧਿਕਾਰੀ ਦੇ ਪਰਿਵਾਰ ਵਾਂਗ, ਉਨ੍ਹਾਂ ਦਾ ਪਰਿਵਾਰ ਵੀ ਪਹਿਲਾਂ ਤ੍ਰਿਣਮੂਲ ਕਾਂਗਰਸ ਨਾਲ ਜੁੜਿਆ ਹੋਇਆ ਸੀ।

ਪਰਿਵਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਰਥ ਪਰਿਵਾਰ ਅਤੇ ਅਧਿਕਾਰੀ ਦੇ ਵਿਚਕਾਰ ਦੋ ਦਹਾਕਿਆਂ ਤੋਂ ਵੀ ਵੱਧ ਪੁਰਾਣੇ ਸੰਬੰਧ ਹਨ, ਜੋ ਪੂਰਬੀ ਮੇਦਿਨੀਪੁਰ ਵਿੱਚ ਟੀਐਮਸੀ ਦੇ ਵਿਸਥਾਰ ਦੇ ਸ਼ੁਰੂਆਤੀ ਸਾਲਾਂ ਤੱਕ ਜਾਂਦੇ ਹਨ।

ਉਹ ਕਈ ਹਾਈ-ਵੋਲਟੇਜ ਸਿਆਸੀ ਲੜਾਈਆਂ ਦੌਰਾਨ ਭਾਜਪਾ ਦੀ ਕੋਰ ਟੀਮ ਦਾ ਹਿੱਸਾ ਵੀ ਰਹੇ, ਜਿਨ੍ਹਾਂ ਵਿੱਚ ਭਾਜਪਾ ਦੀ ਭਵਾਨੀਪੁਰ ਮੁਹਿੰਮ ਵੀ ਸ਼ਾਮਲ ਸੀ।

ਭਾਜਪਾ ਸੰਗਠਨ ਦੇ ਕੁਝ ਖੇਮਿਆਂ ਅੰਦਰ ਇੱਥੋਂ ਤੱਕ ਅਟਕਲਾਂ ਵੀ ਸਨ ਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਧਿਕਾਰੀ ਸਰਕਾਰ ਵਿੱਚ ਵੱਡੀ ਭੂਮਿਕਾ ਸੰਭਾਲਦੇ ਹਨ, ਤਾਂ ਰਥ ਨੂੰ ਵੱਡੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

ਉਨ੍ਹਾਂ ਦੀ ਹੱਤਿਆ ਨਾਲ ਸੂਬੇ ਵਿੱਚ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਹੋ ਗਏ ਹਨ।

ਇਹ ਘਟਨਾ ਰਾਜਧਾਨੀ ਕੋਲਕਾਤਾ ਦੇ ਨੇੜੇ ਮੱਧਮਗ੍ਰਾਮ ਵਿੱਚ ਵਾਪਰੀ ਸ਼ੁਭੇਂਦੂ ਅਧਿਕਾਰੀ ਦੇ ਪੀਏ ਦਾ ਕਤਲ ANI

source: bbc.com/punjabi

Dailyhunt
Disclaimer: This content has not been generated, created or edited by Dailyhunt. Publisher: BBC Punjabi