Dailyhunt Logo
  • Light mode
    Follow system
    Dark mode
    • Play Story
    • App Story
ਟਰੰਪ ਨੇ ਸੱਤਾ ਵਿੱਚ ਵਾਪਸ ਆਉਣ ਦੇ ਪਹਿਲੇ ਸਾਲ 'ਚ ਕਿਵੇਂ ਕ੍ਰਿਪਟੋ ਕਰੰਸੀ ਤੋਂ 1 ਅਰਬ ਡਾਲਰ ਤੋਂ ਵੱਧ ਦੀ ਕਮਾਈ ਕੀਤੀ

ਟਰੰਪ ਨੇ ਸੱਤਾ ਵਿੱਚ ਵਾਪਸ ਆਉਣ ਦੇ ਪਹਿਲੇ ਸਾਲ 'ਚ ਕਿਵੇਂ ਕ੍ਰਿਪਟੋ ਕਰੰਸੀ ਤੋਂ 1 ਅਰਬ ਡਾਲਰ ਤੋਂ ਵੱਧ ਦੀ ਕਮਾਈ ਕੀਤੀ

Getty Imagesਉਨ੍ਹਾਂ ਦੀ ਇਸ ਕਮਾਈ ਬਾਰੇ ਜਾਣਕਾਰੀ 2025 ਲਈ ਉਨ੍ਹਾਂ ਦੀ ਲਾਜ਼ਮੀ ਵਿੱਤੀ ਰਿਪੋਰਟ ਦੇ ਅਨੁਸਾਰ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਸਾਲ ਕ੍ਰਿਪਟੋ ਕਰੰਸੀ ਦੇ ਵਪਾਰਕ ਸੌਦਿਆਂ ਤੋਂ 1 ਅਰਬ ਡਾਲਰ (£750 ਮਿਲੀਅਨ) ਤੋਂ ਵੱਧ ਦੀ ਕਮਾਈ ਕੀਤੀ। ਇਹ ਜਾਣਕਾਰੀ ਉਨ੍ਹਾਂ ਦੀ 2025 ਲਈ ਲਾਜ਼ਮੀ ਵਿੱਤੀ ਰਿਪੋਰਟ ਦੇ ਅਨੁਸਾਰ ਹੈ।

ਇੱਕ 927 ਪੰਨਿਆਂ ਦੇ ਖੁਲਾਸੇ ਵਿੱਚ, ਉਨ੍ਹਾਂ ਨੇ ਸੈਲੀਬ੍ਰੇਸ਼ਨ ਕੋਇਨਜ਼ ਨਾਮਕ ਇੱਕ ਸੰਸਥਾ ਤੋਂ 635 ਮਿਲੀਅਨ ਡਾਲਰ ਦੀ ਰਾਇਲਟੀ ਦੀ ਕਮਾਈ ਦੱਸੀ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ $ਟਰੰਪ ਮੀਮ ਕੋਇਨ ਦੇ ਪਿੱਛੇ ਹੈ। ਇਸ ਦੀ ਕੀਮਤ ਵਿੱਚ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਕੁਝ ਦਿਨ ਪਹਿਲਾਂ ਲਾਂਚ ਕੀਤੇ ਜਾਣ ਤੋਂ ਬਾਅਦ ਗਿਰਾਵਟ ਆਈ ਹੈ।

ਉਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਆਪਣੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੇ ਬੱਚਿਆਂ ਦੁਆਰਾ ਸਥਾਪਿਤ ਕ੍ਰਿਪਟੋ ਕਰੰਸੀ ਫਰਮ ਵਰਲਡ ਲਿਬਰਟੀ ਫਾਈਨੈਂਸ਼ੀਅਲ ਤੋਂ 500 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨ ਦੀ ਜਾਣਕਾਰੀ ਵੀ ਦਿੱਤੀ।

ਉਨ੍ਹਾਂ ਨੇ ਰੀਅਲ ਅਸਟੇਟ ਅਤੇ ਟਰੰਪ ਨਾਲ ਜੁੜੀਆਂ ਵਸਤੂਆਂ ਤੋਂ ਵੀ ਲੱਖਾਂ ਡਾਲਰ ਦੀ ਹੋਰ ਕਮਾਈ ਕੀਤੀ। ਪਰ ਵ੍ਹਾਈਟ ਹਾਊਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਰਾਸ਼ਟਰਪਤੀ ਅਹੁਦੇ ਤੋਂ ਮੁਨਾਫਾ ਕਮਾ ਰਹੇ ਹਨ।

ਉਨ੍ਹਾਂ ਦੇ ਤਾਜ਼ਾ ਵਿੱਤੀ ਖੁਲਾਸੇ ਤੋਂ ਹੋਈ ਕਮਾਈ ਜੋ ਕਿ ਘੱਟੋ-ਘੱਟ 2.2 ਅਰਬ ਬਣਦੀ ਹੈ-2024 ਦੀ ਪਿਛਲੀ ਕਮਾਈ ਦੇ ਖੁਲਾਸਿਆਂ ਨਾਲੋਂ ਕਿਤੇ ਜ਼ਿਆਦਾ ਹੈ, ਜਦੋਂ ਟਰੰਪ ਨੇ 600 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨ ਦਾ ਖੁਲਾਸਾ ਕੀਤਾ ਸੀ।

ਪਰ ਵ੍ਹਾਈਟ ਹਾਊਸ, ਜਿਸ ਨੇ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਟਰੰਪ ਨੇ ਆਪਣੇ ਕਾਰੋਬਾਰਾਂ ਨੂੰ ਆਪਣੇ ਪੁੱਤਰਾਂ ਦੁਆਰਾ ਪ੍ਰਬੰਧਿਤ ਇੱਕ ਟਰੱਸਟ ਵਿੱਚ ਰੱਖਿਆ ਹੈ,ਉਨ੍ਹਾਂ ਨੇ ਇੱਕ ਵਾਰ ਫਿਰ ਹਿੱਤਾਂ ਦੇ ਟਕਰਾਅ ਤੋਂ ਇਨਕਾਰ ਕੀਤਾ ਹੈ।

ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਐਨਾ ਕੈਲੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਮਾਣ ਨਾਲ ਅਮਰੀਕਾ ਨੂੰ 'ਦੁਨੀਆ ਦੀ ਕ੍ਰਿਪਟੋ ਰਾਜਧਾਨੀ' ਬਣਾਇਆ ਹੈ।

ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, ''ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਉਨ੍ਹਾਂ ਦਾ ਪਰਿਵਾਰ ਕਦੇ ਹਿੱਤਾਂ ਦੇ ਟਕਰਾਅ ਵਿੱਚ ਸ਼ਾਮਲ ਰਿਹਾ ਹੈ ਅਤੇ ਨਾ ਹੀ ਕਦੇ ਸ਼ਾਮਲ ਹੋਵੇਗਾ।''

ਉਨ੍ਹਾਂ ਨੇ ਅੱਗੇ ਕਿਹਾ, ''ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੁਆਰਾ ਚੁੱਕੇ ਗਏ ਸਾਰੇ ਕਦਮ ਅਮਰੀਕੀ ਲੋਕਾਂ ਦੇ ਸਰਵੋਤਮ ਹਿੱਤ ਵਿੱਚ ਹਨ ਅਤੇ ਇਸ ਦੇ ਉਲਟ ਪ੍ਰਚਾਰ ਕਰਨ ਵਾਲੇ ਕਥਿਤ 'ਪੱਤਰਕਾਰ' ਉਸੇ ਘਸੇ-ਪਿਟੇ ਅਤੇ ਝੂਠੇ ਬਿਰਤਾਂਤ ਨੂੰ ਦੁਹਰਾ ਰਹੇ ਹਨ ਜਿਸ ਨੂੰ ਡੈਮੋਕ੍ਰੇਟਸ ਅਤੇ ਮੁੱਖ ਧਾਰਾ ਦਾ ਮੀਡੀਆ ਇੱਕ ਦਹਾਕੇ ਤੋਂ ਫੈਲਾ ਰਿਹਾ ਹੈ।''

ਰਾਸ਼ਟਰਪਤੀ ਨੇ ਖੁਦ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਹ ਸੰਘੀ ਹਿੱਤਾਂ ਦੇ ਟਕਰਾਅ ਸਬੰਧੀ ਕਾਨੂੰਨਾਂ ਦੇ ਦਾਇਰੇ ਵਿੱਚ ਨਹੀਂ ਆਉਂਦੇ।

 Getty Imagesਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਐਨਾ ਕੈਲੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਮਾਣ ਨਾਲ ਅਮਰੀਕਾ ਨੂੰ 'ਦੁਨੀਆ ਦੀ ਕ੍ਰਿਪਟੋ ਰਾਜਧਾਨੀ' ਬਣਾਇਆ ਹੈ।

ਟਰੰਪ ਨੇ ਇੱਕ ਵਾਰ ਕ੍ਰਿਪਟੋਕਰੰਸੀ ਦੀ ਆਲੋਚਨਾ ਕੀਤੀ ਸੀ ਅਤੇ 2021 ਵਿੱਚ ਬਿਟਕੋਇਨ ਨੂੰ 'ਘੁਟਾਲਾ' ਅਤੇ 'ਭਵਿੱਖ ਵਿੱਚ ਆਉਣ ਵਾਲੀ ਤਬਾਹੀ' ਕਹਿ ਕੇ ਇਸ ਦੀ ਬਹੁਤ ਆਲੋਚਨਾ ਕੀਤੀ ਸੀ।

ਪਰ, ਤਿੰਨ ਸਾਲਾਂ ਬਾਅਦ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ, ਟਰੰਪ ਨੇ ਕਿਹਾ ਕਿ ਉਹ ਅਮਰੀਕਾ ਨੂੰ 'ਧਰਤੀ ਦੀ ਕ੍ਰਿਪਟੋ ਰਾਜਧਾਨੀ' ਬਣਾਉਣਾ ਚਾਹੁੰਦੇ ਹਨ। ਪਿਛਲੇ ਸਾਲ ਵ੍ਹਾਈਟ ਹਾਊਸ ਵਿੱਚ ਪਰਤਣ ਤੋਂ ਬਾਅਦ ਉਨ੍ਹਾਂ ਦੇ ਪਹਿਲੇ ਕਾਰਜਾਂ ਵਿੱਚੋਂ ਇੱਕ ਕ੍ਰਿਪਟੋ ਉਦਯੋਗ ਦੇ 'ਜ਼ਿੰਮੇਵਾਰ ਵਿਕਾਸ ਦਾ ਸਮਰਥਨ' ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨਾ ਸੀ।

ਜਾਰਜ ਡਬਲਯੂ ਬੁਸ਼ ਦੇ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਸਾਬਕਾ ਮੁੱਖ ਨੈਤਿਕਤਾ ਵਕੀਲ ਰਿਚਰਡ ਪੇਂਟਰ ਨੇ ਬੀਬੀਸੀ ਨੂੰ ਦੱਸਿਆ ਕਿ ਟਰੰਪ ਦੁਆਰਾ ਕ੍ਰਿਪਟੋ ਕਰੰਸੀ ਤੋਂ 1 ਅਰਬ ਡਾਲਰ ਦੀ ਕਮਾਈ ਕਰਨਾ 'ਅਸਾਧਾਰਨ' ਹੈ।

ਉਨ੍ਹਾਂ ਨੇ ਕਿਹਾ, ''ਇਹ ਨਿਸ਼ਚਤ ਰੂਪ ਨਾਲ ਹਿੱਤਾਂ ਦਾ ਟਕਰਾਅ ਹੈ।''

ਰੇਮੰਡ ਜੇਮਸ ਵੈਲਥ ਮੈਨੇਜਮੈਂਟ ਵਿਖੇ ਪ੍ਰਾਈਵੇਟ ਕਲਾਇੰਟਸ ਦੇ ਡਾਇਰੈਕਟਰ, ਵਿਲ ਵਾਕਰ-ਆਰਨੌਟ ਨੇ ਕਿਹਾ: ''ਮੈਨੂੰ ਲੱਗਦਾ ਹੈ ਕਿ ਪੈਸਾ ਕਮਾਉਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਹੁੰਚ ਪਿਛਲੇ ਰਾਸ਼ਟਰਪਤੀਆਂ ਤੋਂ ਵੱਖਰੀ ਹੈ।''

''ਜਿਮੀ ਕਾਰਟਰ ਨੇ ਆਪਣੇ ਮੂੰਗਫਲੀ ਦੇ ਫਾਰਮ ਨੂੰ ਇੱਕ ਬਲਾਇੰਡ ਟਰੱਸਟ ਵਿੱਚ ਪਾ ਦਿੱਤਾ ਸੀ ਅਤੇ ਜਾਰਜ ਡਬਲਯੂ ਬੁਸ਼ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਟੈਕਸਾਸ ਰੇਂਜਰਸ ਵਿੱਚ ਆਪਣੀ ਹਿੱਸੇਦਾਰੀ ਵੇਚ ਦਿੱਤੀ ਸੀ, ਪਰ ਟਰੰਪ ਬਹੁਤ ਅਲੱਗ ਤਰੀਕੇ ਨਾਲ ਕੰਮ ਕਰਦੇ ਦਿਖਾਈ ਦੇ ਰਹੇ ਹਨ ਅਤੇ ਇਸ ਪਰਿਵਾਰਕ ਕ੍ਰਿਪਟੋ ਕੰਪਨੀ ਜ਼ਰੀਏ ਬਹੁਤ ਸਾਰਾ ਪੈਸਾ ਕਮਾ ਰਹੇ ਹਨ।''

 Getty Images

ਟਰੰਪ ਦੀ ਘੜੀਆਂ ਅਤੇ ਪਰਫਿਊਮ ਤੋਂ ਕਮਾਈ

ਮੰਗਲਵਾਰ ਨੂੰ ਹੋਏ ਖੁਲਾਸੇ ਤੋਂ ਪਤਾ ਲੱਗਦਾ ਹੈ ਕਿ ਕ੍ਰਿਪਟੋ ਤੋਂ ਹੋਣ ਵਾਲੀ ਉਨ੍ਹਾਂ ਦੀ ਕਮਾਈ ਉਨ੍ਹਾਂ ਦੇ ਰੀਅਲ ਅਸਟੇਟ ਦੇ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਤੋਂ ਬਹੁਤ ਜ਼ਿਆਦਾ ਹੈ, ਜਿਸ ਨੇ ਉਨ੍ਹਾਂ ਨੂੰ ਪਹਿਲੀ ਵਾਰ ਪ੍ਰਸਿੱਧੀ ਦਿਵਾਈ ਸੀ।

ਟਰੰਪ ਨੇ ਆਪਣੇ ਮਾਰ-ਏ-ਲਾਗੋ ਕਲੱਬ ਤੋਂ ਲਗਭਗ 77 ਮਿਲੀਅਨ ਡਾਲਰ ਅਤੇ ਫਲੋਰੀਡਾ ਦੇ ਡੋਰਾਲ ਵਿੱਚ ਸਥਿਤ ਆਪਣੇ ਗੋਲਫ ਕਲੱਬ ਤੋਂ 122 ਮਿਲੀਅਨ ਡਾਲਰ ਕਮਾਏ।

ਉਨ੍ਹਾਂ ਨੇ ਬੈਡਮਿੰਸਟਰ, ਨਿਊ ਜਰਸੀ; ਜੂਪੀਟਰ, ਫਲੋਰੀਡਾ ਅਤੇ ਟਰਨਬੇਰੀ, ਸਕਾਟਲੈਂਡ ਵਿੱਚ ਸਥਿਤ ਗੋਲਫ ਕਲੱਬਾਂ ਵਿੱਚੋਂ ਵੀ 30 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ।

ਵਿੱਤੀ ਖੁਲਾਸੇ ਦੇ ਅਨੁਸਾਰ, ਟਰੰਪ ਨੇ ਹੋਰ ਵਪਾਰਕ ਉੱਦਮਾਂ ਤੋਂ ਵੀ ਲੱਖਾਂ ਡਾਲਰ ਕਮਾਏ।

ਇਨ੍ਹਾਂ ਵਿੱਚ ਟਰੰਪ-ਬ੍ਰਾਂਡ ਦੀਆਂ ਘੜੀਆਂ ਤੋਂ ਮਿਲਣ ਵਾਲੀ 4.7 ਮਿਲੀਅਨ ਡਾਲਰ ਦੀ ਰਾਇਲਟੀ, ਨਾਲ ਹੀ ਟਰੰਪ-ਬ੍ਰਾਂਡ ਦੀ ਬਾਈਬਲ, ਸਨੀਕਰਸ (ਜੁੱਤੇ), ਪਰਫਿਊਮ ਅਤੇ ਗਿਟਾਰ ਵੀ ਸ਼ਾਮਲ ਹਨ।

ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਵੀ ਆਪਣੇ ਖੁਲਾਸੇ ਵਿੱਚ 2025 ਵਿੱਚ ਆਪਣੀ ਆਮਦਨ ਦਾ ਵੇਰਵਾ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਸਾਲ ਰਿਲੀਜ਼ ਹੋਈ ਆਪਣੀ ਦਸਤਾਵੇਜ਼ੀ ਫਿਲਮ ਨਾਲ ਸਬੰਧਿਤ 'ਲਾਇਸੈਂਸ ਸਮਝੌਤੇ' ਤੋਂ 10.7 ਮਿਲੀਅਨ ਡਾਲਰ ਕਮਾਏ।

ਆਨਲਾਈਨ ਵੇਚੀਆਂ ਜਾਣ ਵਾਲੀਆਂ ਡਿਜੀਟਲ ਐੱਨਐੱਫਟੀ ਦੀ ਵਿਕਰੀ ਤੋਂ 6 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਵੀ ਦਰਜ ਕੀਤੀ ਗਈ ਹੈ।

ਰਾਸ਼ਟਰਪਤੀ ਨੇ ਵੱਖ-ਵੱਖ ਕਾਨੂੰਨੀ ਕਾਰਵਾਈਆਂ ਨਾਲ ਹੋਏ ਸਮਝੌਤਿਆਂ ਜ਼ਰੀਏ ਪ੍ਰਾਪਤ ਲਗਭਗ 86.5 ਮਿਲੀਅਨ ਡਾਲਰ ਦੀ ਆਮਦਨ ਦਾ ਵਿਵਰਣ ਦਿੱਤਾ ਹੈ।

ਇਨ੍ਹਾਂ ਵਿੱਚ ਏਬੀਸੀ ਦੇ ਖਿਲਾਫ਼ ਮੁਕੱਦਮੇ ਤੋਂ ਮਿਲੇ 16 ਮਿਲੀਅਨ ਡਾਲਰ, ਸੀਬੀਐੱਸ ਬ੍ਰੌਡਕਾਸਟਿੰਗ ਅਤੇ ਸੀਬੀਐੱਸ ਇੰਟਰਐਕਟਿਵ ਤੋਂ 16 ਮਿਲੀਅਨ ਡਾਲਰ, ਮੈਟਾ ਤੋਂ ਮਿਲੇ 24.5 ਮਿਲੀਅਨ ਡਾਲਰ, ਯੂਟਿਊਬ ਤੋਂ ਮਿਲੇ 22 ਮਿਲੀਅਨ ਡਾਲਰ ਅਤੇ ਐਕਸ ਤੋਂ ਮਿਲੇ 8 ਮਿਲੀਅਨ ਡਾਲਰ ਸ਼ਾਮਲ ਸਨ।

ਪਰ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਪੈਸੇ ਦਾ ਜ਼ਿਆਦਾਤਰ ਹਿੱਸਾ ਟਰੰਪ ਦੀ ਭਵਿੱਖੀ ਰਾਸ਼ਟਰਪਤੀ ਲਾਇਬ੍ਰੇਰੀ ਜਾਂ ਵਾਸ਼ਿੰਗਟਨ ਡੀਸੀ ਖੇਤਰ ਵਿੱਚ ਪਾਰਕ ਵਾਲੀਆਂ ਥਾਵਾਂ ਦੀ ਦੇਖਭਾਲ ਲਈ ਸਮਰਪਿਤ ਇੱਕ ਗੈਰ-ਲਾਭਕਾਰੀ ਸੰਸਥਾ ਨੂੰ ਦਿੱਤਾ ਗਿਆ ਸੀ।

 Getty Imagesਬਲੂਮਬਰਗ ਦੇ ਅਰਬਪਤੀ ਸੂਚਕਾਂਕ ਅਨੁਸਾਰ ਰਾਸ਼ਟਰਪਤੀ ਦੀ ਕੁੱਲ ਸੰਪਤੀ 7.6 ਅਰਬ ਡਾਲਰ ਹੈ।

ਫੋਰਬਸ ਮੈਗਜ਼ੀਨ ਦੁਆਰਾ ਤਿਆਰ ਕੀਤੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਦੇ ਅਨੁਸਾਰ, ਟਰੰਪ ਦੀ ਅਨੁਮਾਨਿਤ ਸੰਪਤੀ 6 ਅਰਬ ਡਾਲਰ ਹੈ ਜੋ ਕਿ 2024 ਵਿੱਚ 2.3 ਅਰਬ ਡਾਲਰ ਸੀ। ਬਲੂਮਬਰਗ ਦੇ ਅਰਬਪਤੀ ਸੂਚਕਾਂਕ ਅਨੁਸਾਰ ਰਾਸ਼ਟਰਪਤੀ ਦੀ ਕੁੱਲ ਸੰਪਤੀ 7.6 ਅਰਬ ਡਾਲਰ ਹੈ।

ਵ੍ਹਾਈਟ ਹਾਊਸ ਵਿੱਚ ਪਰਤਣ ਤੋਂ ਬਾਅਦ, ਟਰੰਪ ਨੇ ਕ੍ਰਿਪਟੋ ਉਦਯੋਗ ਪ੍ਰਤੀ ਦੋਸਤਾਨਾ ਪਹੁੰਚ ਅਪਣਾਈ, ਜਦੋਂ ਕਿ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਕੰਪਨੀਆਂ ਨੇ ਡਿਜੀਟਲ ਟੋਕਨ ਜਾਰੀ ਕੀਤੇ।

ਵਿੱਤੀ ਰੈਗੂਲੇਟਰੀ ਸੰਸਥਾ, ਸਿਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਟਰੰਪ ਦੁਆਰਾ ਨਿਯੁਕਤ ਕੀਤੇ ਗਏ ਮੁਖੀ ਨੂੰ ਵੀ ਕ੍ਰਿਪਟੋ ਉਦਯੋਗ ਦਾ ਸਹਿਯੋਗੀ ਮੰਨਿਆ ਜਾਂਦਾ ਹੈ।

ਅਪ੍ਰੈਲ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ, ਪਾਲ ਐਟਕਿੰਸ ਨੇ ਇਸ ਸੰਸਥਾ (ਏਜੰਸੀ) ਨੂੰ ਆਪਣੇ ਸਾਬਕਾ ਅਧਿਕਾਰੀ ਦੇ ਸਖ਼ਤ, ਨਿਯਮ-ਦਰ-ਕਾਰਵਾਈ ਵਾਲੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ।

ਪਿਛਲੀ ਜੁਲਾਈ ਵਿੱਚ ਰਾਸ਼ਟਰਪਤੀ ਨੇ ਅਮਰੀਕਾ ਨੂੰ 'ਡਿਜੀਟਲ ਸੰਪਤੀਆਂ ਵਿੱਚ ਨਿਰਵਿਵਾਦ ਲੀਡਰ' ਬਣਾਉਣ ਲਈ ਜੀਨੀਅਸ ਐਕਟ 'ਤੇ ਦਸਤਖ਼ਤ ਕਰਕੇ ਇਸ ਨੂੰ ਕਾਨੂੰਨ ਬਣਾ ਦਿੱਤਾ।

900 ਤੋਂ ਵੱਧ ਪੰਨਿਆਂ ਵਾਲੀ ਟਰੰਪ ਦੀ ਸਾਲਾਨਾ ਰਿਪੋਰਟ ਉਨ੍ਹਾਂ ਦੇ ਸਾਬਕਾ ਰਾਸ਼ਟਰਪਤੀਆਂ ਦੇ ਮੁਕਾਬਲੇ ਬਹੁਤ ਵੱਡੀ ਹੈ। ਉਦਾਹਰਣ ਵਜੋਂ, ਜੋਅ ਬਾਇਡਨ ਦੀ ਆਪਣੇ ਕਾਰਜਕਾਲ ਦੇ ਆਖਰੀ ਪੂਰੇ ਸਾਲ ਦੀ ਵਿੱਤੀ ਰਿਪੋਰਟ ਸਿਰਫ਼ 11 ਪੰਨਿਆਂ ਦੀ ਸੀ।

ਉਨ੍ਹਾਂ ਦੀ ਇਸ ਕਮਾਈ ਬਾਰੇ ਜਾਣਕਾਰੀ 2025 ਲਈ ਉਨ੍ਹਾਂ ਦੀ ਲਾਜ਼ਮੀ ਵਿੱਤੀ ਰਿਪੋਰਟ ਦੇ ਅਨੁਸਾਰ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ Getty Images

source: bbc.com/punjabi

Dailyhunt
Disclaimer: This content has not been generated, created or edited by Dailyhunt. Publisher: BBC Punjabi