Dailyhunt Logo
  • Light mode
    Follow system
    Dark mode
    • Play Story
    • App Story
ਟੈਸਟ ਕ੍ਰਿਕਟ 'ਚ ਵੱਡਾ ਬਦਲਾਅ: ਖਰਾਬ ਰੌਸ਼ਨੀ ਕਾਰਨ ਨਹੀਂ ਰੁਕਣਗੇ ਮੈਚ, ਆਈ.ਸੀ.ਸੀ ਨੇ ਗੁਲਾਬੀ ਗੇਂਦ ਦੇ ਟਰਾਇਲਾਂ ਨੂੰ ਦਿੱਤੀ ਮਨਜ਼ੂਰੀ

ਟੈਸਟ ਕ੍ਰਿਕਟ 'ਚ ਵੱਡਾ ਬਦਲਾਅ: ਖਰਾਬ ਰੌਸ਼ਨੀ ਕਾਰਨ ਨਹੀਂ ਰੁਕਣਗੇ ਮੈਚ, ਆਈ.ਸੀ.ਸੀ ਨੇ ਗੁਲਾਬੀ ਗੇਂਦ ਦੇ ਟਰਾਇਲਾਂ ਨੂੰ ਦਿੱਤੀ ਮਨਜ਼ੂਰੀ

Chardikala TV 1 week ago

ਹਿਮਦਾਬਾਦ: ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਮਹੱਤਵਪੂਰਨ ਬਦਲਾਅ ਦੇ ਤਹਿਤ ਟੈਸਟ ਮੈਚਾਂ ਦੌਰਾਨ ਖਰਾਬ ਰੌਸ਼ਨੀ ਕਾਰਨ ਖੇਡ ਰੁਕਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਗੁਲਾਬੀ ਗੇਂਦ ਦੇ ਟਰਾਇਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਅਹਿਮਦਾਬਾਦ ਵਿੱਚ ਹੋਈ ICC ਦੀ ਸਾਲਾਨਾ ਮੀਟਿੰਗ ਦੌਰਾਨ ਲਿਆ ਗਿਆ।

ਮੌਜੂਦਾ ਨਿਯਮਾਂ ਅਨੁਸਾਰ ਦਿਨ ਦੇ ਸਮੇਂ ਖੇਡੇ ਜਾਣ ਵਾਲੇ ਟੈਸਟ ਮੈਚਾਂ ਵਿੱਚ ਲਾਲ ਗੇਂਦ ਦੀ ਵਰਤੋਂ ਕੀਤੀ ਜਾਂਦੀ ਹੈ।

ਪਰ ਜਦੋਂ ਸ਼ਾਮ ਦੇ ਸਮੇਂ ਜਾਂ ਮੌਸਮ ਖਰਾਬ ਹੋਣ ਕਾਰਨ ਦਿੱਖ ਘੱਟ ਹੋ ਜਾਂਦੀ ਹੈ ਤਾਂ ਅੰਪਾਇਰ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਡ ਰੋਕ ਦਿੰਦੇ ਹਨ। ਹੁਣ ਨਵੇਂ ਟਰਾਇਲ ਤਹਿਤ ਜੇਕਰ ਦੋਵੇਂ ਟੀਮਾਂ ਦੇ ਕਪਤਾਨ ਸਹਿਮਤ ਹੋਣ ਤਾਂ ਖਰਾਬ ਰੌਸ਼ਨੀ ਦੀ ਸਥਿਤੀ ਵਿੱਚ ਲਾਲ ਗੇਂਦ ਦੀ ਥਾਂ ਗੁਲਾਬੀ ਗੇਂਦ ਨਾਲ ਖੇਡ ਜਾਰੀ ਰੱਖੀ ਜਾ ਸਕੇਗੀ।

ਗੁਲਾਬੀ ਗੇਂਦ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਫਲੱਡ ਲਾਈਟਾਂ ਹੇਠ ਅਤੇ ਘੱਟ ਰੌਸ਼ਨੀ ਵਿੱਚ ਵੀ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ। ਇਸ ਕਾਰਨ ਖਿਡਾਰੀਆਂ ਅਤੇ ਦਰਸ਼ਕਾਂ ਦੋਵਾਂ ਲਈ ਖੇਡ ਦਾ ਅਨੁਭਵ ਬਿਹਤਰ ਬਣਦਾ ਹੈ। ਯਾਦ ਰਹੇ ਕਿ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਗੁਲਾਬੀ ਗੇਂਦ ਦੀ ਵਰਤੋਂ 2015 ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਡੇ-ਨਾਈਟ ਟੈਸਟ ਮੈਚ ਵਿੱਚ ਕੀਤੀ ਗਈ ਸੀ।

ICC ਵੱਲੋਂ ਮਨਜ਼ੂਰ ਕੀਤੇ ਗਏ ਇਹ ਟਰਾਇਲ ਸ਼ੁਰੂਆਤੀ ਪੜਾਅ ਵਿੱਚ ਕੁਝ ਚੁਣੇ ਹੋਏ ਟੈਸਟ ਮੈਚਾਂ ਵਿੱਚ ਹੀ ਕੀਤੇ ਜਾਣਗੇ। ਜੇਕਰ ਨਤੀਜੇ ਸਫਲ ਰਹਿੰਦੇ ਹਨ ਅਤੇ ਖਿਡਾਰੀਆਂ ਤੇ ਅਧਿਕਾਰੀਆਂ ਵੱਲੋਂ ਸਕਾਰਾਤਮਕ ਪ੍ਰਤੀਕਿਰਿਆ ਮਿਲਦੀ ਹੈ ਤਾਂ ਇਸ ਨਿਯਮ ਨੂੰ ਭਵਿੱਖ ਵਿੱਚ ਸਾਰੇ ਟੈਸਟ ਮੈਚਾਂ ਲਈ ਲਾਗੂ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ICC ਨੇ ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਇੱਕ ਰੋਜ਼ਾ ਅੰਤਰਰਾਸ਼ਟਰੀ (ODI) ਮੈਚਾਂ ਦੌਰਾਨ ਮੁੱਖ ਕੋਚਾਂ ਨੂੰ ਮੈਦਾਨ 'ਤੇ ਆਉਣ ਦੀ ਇਜਾਜ਼ਤ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਨਾਲ ਕੋਚ ਖਿਡਾਰੀਆਂ ਨਾਲ ਬਿਹਤਰ ਤਰੀਕੇ ਨਾਲ ਸੰਚਾਰ ਕਰ ਸਕਣਗੇ ਅਤੇ ਖੇਡ ਦੌਰਾਨ ਰਣਨੀਤਕ ਸਲਾਹ ਦੇ ਸਕਣਗੇ।

ICC ਦੇ ਇਹ ਸਾਰੇ ਨਵੇਂ ਨਿਯਮ ਅਤੇ ਸੋਧਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ। ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਖੇਡ ਨੂੰ ਹੋਰ ਆਧੁਨਿਕ, ਰੋਮਾਂਚਕ ਅਤੇ ਦਰਸ਼ਕਾਂ ਲਈ ਦਿਲਚਸਪ ਬਣਾਉਣ ਵਿੱਚ ਮਦਦ ਕਰਨਗੇ।

Dailyhunt
Disclaimer: This content has not been generated, created or edited by Dailyhunt. Publisher: Chardikala TV