ਕਲਿਤਾ ਮਾਝੀ ਬਣੇ ਸੰਘਰਸ਼ ਅਤੇ ਮਿਹਨਤ ਦੀ ਮਿਸਾਲ
ਪੱਛਮੀ ਬੰਗਾਲ ਦੀ ਸਿਆਸਤ 'ਚ ਰਚਿਆ ਗਿਆ ਨਵਾਂ ਇਤਿਹਾਸ
ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਸੋਮਵਾਰ ਦਾ ਦਿਨ ਇੱਕ ਇਤਿਹਾਸਕ ਅਤੇ ਪ੍ਰੇਰਣਾਦਾਇਕ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਔਸਗ੍ਰਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੀ ਕਲਿਤਾ ਮਾਝੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਲਗਨ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਕੋਈ ਵੀ ਵਿਅਕਤੀ ਉੱਚੇ ਅਹੁਦਿਆਂ ਤੱਕ ਪਹੁੰਚ ਸਕਦਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਜਦੋਂ ਕਲਿਤਾ ਮਾਝੀ ਨੇ ਪੱਛਮੀ ਬੰਗਾਲ ਦੀ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਲਈ ਜਾਣਾ ਸੀ, ਤਾਂ ਉਨ੍ਹਾਂ ਕੋਲ਼ ਕੋਈ ਵੀ ਵਧੀਆ ਤੇ ਢੰਗ ਦੀ ਸਾੜ੍ਹੀ ਵੀ ਨਹੀਂ ਸੀ। ਜਿਵੇਂ-ਕਿਵੇਂ ਇੰਤਜ਼ਾਮ ਕਰ ਕੇ ਉਹ ਹਲਫ਼ ਲੈਣ ਲਈ ਪੁੱਜੇ।
ਕਦੇ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਕੇ ਸਿਰਫ਼ 4 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲੀ ਕਲਿਤਾ ਅੱਜ ਰਾਜ ਸਰਕਾਰ ਵਿੱਚ ਮੰਤਰੀ ਬਣ ਗਏ ਹਨ। ਉਨ੍ਹਾਂ ਦੀ ਇਹ ਕਹਾਣੀ ਹਜ਼ਾਰਾਂ ਆਮ ਲੋਕਾਂ, ਖ਼ਾਸ ਕਰਕੇ ਗਰੀਬ ਪਰਿਵਾਰਾਂ ਦੀਆਂ ਧੀਆਂ ਅਤੇ ਮਹਿਲਾਵਾਂ ਲਈ ਪ੍ਰੇਰਣਾ ਬਣ ਗਈ ਹੈ।
ਕਲਿਤਾ ਮਾਝੀ ਦਾ ਜਨਮ ਇੱਕ ਬਹੁਤ ਹੀ ਸਧਾਰਨ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਨੇ ਤੰਗੀ ਅਤੇ ਸੰਘਰਸ਼ ਭਰੀ ਜ਼ਿੰਦਗੀ ਦੇਖੀ। ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਉਨ੍ਹਾਂ ਦੇ ਪਤੀ ਸੁਬਰਤ ਮਾਝੀ ਇੱਕ ਪਲੰਬਰ ਵਜੋਂ ਕੰਮ ਕਰਦੇ ਹਨ ਅਤੇ ਪਰਿਵਾਰ ਦੀ ਆਮਦਨ ਬਹੁਤ ਸੀਮਤ ਰਹੀ। ਉਨ੍ਹਾਂ ਦਾ ਇੱਕ ਪੁੱਤਰ ਹੈ, ਜਿਸ ਨੇ ਹਾਲ ਹੀ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ।
ਪਰਿਵਾਰ ਦੀ ਮਦਦ ਲਈ ਕਲਿਤਾ ਨੇ ਕਈ ਸਾਲ ਲੋਕਾਂ ਦੇ ਘਰਾਂ ਵਿੱਚ ਘਰੇਲੂ ਕੰਮ ਕੀਤਾ। ਉਹ ਸਵੇਰੇ-ਸਵੇਰੇ ਵੱਖ-ਵੱਖ ਘਰਾਂ ਵਿੱਚ ਕੰਮ ਕਰਨ ਜਾਂਦੇ ਸਨ ਅਤੇ ਇਸ ਦੇ ਬਦਲੇ ਕੁਝ ਹਜ਼ਾਰ ਰੁਪਏ ਕਮਾਉਂਦੀ ਸੀ। ਉਸ ਸਮੇਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਇਹੀ ਮਹਿਲਾ ਰਾਜ ਦੀ ਮੰਤਰੀ ਬਣੇਗੀ।
ਕਲਿਤਾ ਨੇ 2014 ਵਿੱਚ ਇੱਕ ਆਮ ਬੂਥ ਵਰਕਰ ਵਜੋਂ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ। ਸ਼ੁਰੂ ਵਿੱਚ ਉਹ ਰਾਜਨੀਤੀ ਵਿੱਚ ਆਉਣ ਤੋਂ ਝਿਜਕ ਰਹੀ ਸੀ, ਕਿਉਂਕਿ ਉਸ ਨੂੰ ਚਿੰਤਾ ਸੀ ਕਿ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਪਰ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਨੇ ਉਸ ਨੂੰ ਜਨਤਕ ਜੀਵਨ ਵੱਲ ਖਿੱਚ ਲਿਆ। ਪਰਿਵਾਰ, ਖ਼ਾਸ ਕਰਕੇ ਪਤੀ ਅਤੇ ਸੱਸ ਦੇ ਸਹਿਯੋਗ ਨਾਲ ਉਸ ਨੇ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ।
ਕਲਿਤਾ ਦੀ ਜ਼ਿੰਦਗੀ ਬਹੁਤ ਸਖ਼ਤ ਮਿਹਨਤ ਨਾਲ ਭਰੀ ਰਹੀ। ਉਹ ਸਵੇਰੇ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਸ਼ਾਮ ਨੂੰ ਪਾਰਟੀ ਲਈ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਦੀ ਸੀ। ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਦੀ, ਉਨ੍ਹਾਂ ਦੀ ਮਦਦ ਕਰਦੀ ਅਤੇ ਉਨ੍ਹਾਂ ਨਾਲ ਰਿਸ਼ਤਾ ਬਣਾਉਂਦੀ ਰਹੀ। ਇਹੀ ਕਾਰਨ ਸੀ ਕਿ ਉਹ ਹੌਲੀ-ਹੌਲੀ ਸਥਾਨਕ ਪੱਧਰ ਤੋਂ ਜ਼ਿਲ੍ਹਾ ਪੱਧਰ ਦੀ ਆਗੂ ਬਣ ਗਈ।
2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਕਲਿਤਾ ਨੂੰ ਔਸਗ੍ਰਾਮ ਹਲਕੇ ਤੋਂ ਉਮੀਦਵਾਰ ਬਣਾਇਆ। ਉਹ ਚੋਣ ਹਾਰ ਗਈ ਅਤੇ ਲਗਭਗ 12 ਹਜ਼ਾਰ ਵੋਟਾਂ ਦੇ ਫਰਕ ਨਾਲ ਪਿੱਛੇ ਰਹੀ। ਪਰ ਇਸ ਹਾਰ ਨੇ ਉਸ ਦਾ ਹੌਸਲਾ ਨਹੀਂ ਤੋੜਿਆ। ਉਹ ਲਗਾਤਾਰ ਲੋਕਾਂ ਵਿੱਚ ਰਹੀ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੀ ਰਹੀ ਅਤੇ ਆਪਣੇ ਖੇਤਰ ਵਿੱਚ ਸਰਗਰਮ ਰਹੀ।
2026 ਦੀਆਂ ਚੋਣਾਂ ਵਿੱਚ ਪਾਰਟੀ ਨੇ ਇੱਕ ਵਾਰ ਫਿਰ ਕਲਿਤਾ ਉੱਤੇ ਭਰੋਸਾ ਕੀਤਾ। ਇਸ ਵਾਰ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ 12,535 ਵੋਟਾਂ ਦੇ ਵੱਡੇ ਫਰਕ ਨਾਲ ਹਰਾਕੇ ਜਿੱਤ ਹਾਸਲ ਕੀਤੀ। ਚੋਣ ਪ੍ਰਚਾਰ ਲਈ ਉਨ੍ਹਾਂ ਨੇ ਆਪਣੇ ਕੰਮ ਤੋਂ ਇੱਕ ਮਹੀਨੇ ਦੀ ਛੁੱਟੀ ਵੀ ਲਈ। ਜਿਨ੍ਹਾਂ ਘਰਾਂ ਵਿੱਚ ਉਹ ਕੰਮ ਕਰਦੀ ਸੀ, ਉੱਥੋਂ ਦੇ ਲੋਕ ਵੀ ਉਨ੍ਹਾਂ ਦੀ ਜਿੱਤ 'ਤੇ ਬਹੁਤ ਖੁਸ਼ ਹੋਏ।
ਸਹੁੰ ਚੁੱਕਣ ਤੋਂ ਬਾਅਦ ਕਲਿਤਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਵਿਧਾਇਕ ਬਣ ਜਾਣਗੇ, ਮੰਤਰੀ ਬਣਨਾ ਤਾਂ ਬਹੁਤ ਦੂਰ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ।
ਕਲਿਤਾ ਮਾਝੀ ਨੇ ਮੰਤਰੀ ਬਣਨ ਤੋਂ ਬਾਅਦ ਆਪਣੇ ਮੁੱਖ ਟੀਚੇ ਵੀ ਸਪੱਸ਼ਟ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤਰ ਵਿੱਚ ਪੀਣ ਵਾਲੇ ਪਾਣੀ, ਸੜਕਾਂ, ਪੱਕੇ ਘਰਾਂ ਅਤੇ ਸਿਹਤ ਸਹੂਲਤਾਂ ਦੀ ਵੱਡੀ ਕਮੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਈ ਸਾਲਾਂ ਤੱਕ ਵਿਕਾਸ ਕੁਝ ਚੋਣਵੇਂ ਲੋਕਾਂ ਤੱਕ ਹੀ ਸੀਮਤ ਰਿਹਾ, ਜਦਕਿ ਆਮ ਲੋਕ ਪਿੱਛੇ ਰਹਿ ਗਏ।
ਕਲਿਤਾ ਦਾ ਕਹਿਣਾ ਹੈ ਕਿ ਔਸਗ੍ਰਾਮ ਖੇਤਰ ਵਿੱਚ ਇੱਕ ਵਧੀਆ ਹਸਪਤਾਲ ਦੀ ਬਹੁਤ ਜ਼ਰੂਰਤ ਹੈ। ਇਸ ਸਮੇਂ ਲੋਕਾਂ ਨੂੰ ਇਲਾਜ ਲਈ ਦੂਜੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਇਸ ਲਈ ਉਹ ਆਪਣੇ ਖੇਤਰ ਵਿੱਚ ਇੱਕ ਪੂਰੀ ਤਰ੍ਹਾਂ ਲੈਸ ਹਸਪਤਾਲ ਬਣਾਉਣ ਨੂੰ ਸਭ ਤੋਂ ਵੱਡੀ ਤਰਜੀਹ ਦੇ ਰਹੀ ਹੈ।
ਇਸ ਤੋਂ ਇਲਾਵਾ ਉਹ ਗਰੀਬ ਪਰਿਵਾਰਾਂ ਲਈ ਰਿਹਾਇਸ਼, ਨੌਜਵਾਨਾਂ ਲਈ ਰੁਜ਼ਗਾਰ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਵੀ ਆਪਣੀ ਯੋਜਨਾ ਦਾ ਹਿੱਸਾ ਬਣਾ ਰਹੀ ਹੈ। ਕਲਿਤਾ ਨੇ ਕਿਹਾ ਕਿ ਜਦੋਂ ਉਹ ਸਿਰਫ਼ ਵਿਧਾਇਕ ਸੀ ਤਾਂ ਉਸ ਦੀ ਸੋਚ ਆਪਣੇ ਹਲਕੇ ਤੱਕ ਸੀਮਤ ਸੀ।
ਪਰ ਹੁਣ ਮੰਤਰੀ ਬਣਨ ਤੋਂ ਬਾਅਦ ਉਸ ਨੂੰ ਪੂਰੇ ਪੱਛਮੀ ਬੰਗਾਲ ਦੇ ਲੋਕਾਂ ਦੇ ਹਿੱਤਾਂ ਬਾਰੇ ਸੋਚਣਾ ਹੋਵੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਹੋਵੇਗਾ। ਕਲਿਤਾ ਮਾਝੀ ਦੀ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਗਰੀਬੀ, ਮੁਸ਼ਕਲਾਂ ਅਤੇ ਸੀਮਤ ਸਾਧਨ ਕਿਸੇ ਵਿਅਕਤੀ ਦੇ ਸੁਪਨਿਆਂ ਨੂੰ ਨਹੀਂ ਰੋਕ ਸਕਦੇ।
ਘਰੇਲੂ ਸਹਾਇਕ ਵਜੋਂ ਕੰਮ ਕਰਨ ਤੋਂ ਲੈ ਕੇ ਰਾਜ ਮੰਤਰੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਇਸ ਗੱਲ ਦਾ ਸਬੂਤ ਹੈ ਕਿ ਇਮਾਨਦਾਰੀ, ਮਿਹਨਤ ਅਤੇ ਲੋਕਾਂ ਨਾਲ ਜੁੜਾਅ ਵਿਅਕਤੀ ਨੂੰ ਸਮਾਜ ਵਿੱਚ ਵੱਡੀ ਪਛਾਣ ਦਿਵਾ ਸਕਦਾ ਹੈ। ਅੱਜ ਕਲਿਤਾ ਮਾਝੀ ਸਿਰਫ਼ ਇੱਕ ਮੰਤਰੀ ਨਹੀਂ, ਸਗੋਂ ਸੰਘਰਸ਼ ਅਤੇ ਆਤਮ-ਵਿਸ਼ਵਾਸ ਦੀ ਜੀਵੰਤ ਮਿਸਾਲ ਬਣ ਚੁੱਕੀ ਹੈ।
ਕਲਿਤਾ ਮਾਝੀ ਬਣੇ ਸੰਘਰਸ਼ ਅਤੇ ਮਿਹਨਤ ਦੀ ਮਿਸਾਲ
ਪੱਛਮੀ ਬੰਗਾਲ ਦੀ ਸਿਆਸਤ 'ਚ ਰਚਿਆ ਗਿਆ ਨਵਾਂ ਇਤਿਹਾਸ
ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਸੋਮਵਾਰ ਦਾ ਦਿਨ ਇੱਕ ਇਤਿਹਾਸਕ ਅਤੇ ਪ੍ਰੇਰਣਾਦਾਇਕ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਔਸਗ੍ਰਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੀ ਕਲਿਤਾ ਮਾਝੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਲਗਨ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਕੋਈ ਵੀ ਵਿਅਕਤੀ ਉੱਚੇ ਅਹੁਦਿਆਂ ਤੱਕ ਪਹੁੰਚ ਸਕਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਜਦੋਂ ਕਲਿਤਾ ਮਾਝੀ ਨੇ ਪੱਛਮੀ ਬੰਗਾਲ ਦੀ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਲਈ ਜਾਣਾ ਸੀ, ਤਾਂ ਉਨ੍ਹਾਂ ਕੋਲ਼ ਕੋਈ ਵੀ ਵਧੀਆ ਤੇ ਢੰਗ ਦੀ ਸਾੜ੍ਹੀ ਵੀ ਨਹੀਂ ਸੀ। ਜਿਵੇਂ-ਕਿਵੇਂ ਇੰਤਜ਼ਾਮ ਕਰ ਕੇ ਉਹ ਹਲਫ਼ ਲੈਣ ਲਈ ਪੁੱਜੇ।

