ਚੰਡੀਗੜ੍ਹ : ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸਟੇਜ ਤੋਂ ਇੱਕ ਬੁਲਾਰੇ ਵੱਲੋਂ ਦਿੱਤੇ ਗਏ ਕਥਿਤ ਬਿਆਨ ਦੀ ਵਾਇਰਲ ਵੀਡੀਓ ਨੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ 'ਵਾਰਿਸ ਪੰਜਾਬ ਦੇ' ਆਹਮੋ-ਸਾਹਮਣੇ ਆ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਕੁਝ ਪੰਥਕ ਧਿਰਾਂ ਦਾ ਮੁੱਖ ਮਕਸਦ ਚੋਣਾਂ ਜਿੱਤਣਾ ਨਹੀਂ, ਸਗੋਂ ਸੋਸ਼ਲ ਇੰਜੀਨੀਅਰਿੰਗ ਰਾਹੀਂ ਅਕਾਲੀ ਦਲ ਦੇ ਪਰੰਪਰਾਗਤ ਪੰਥਕ ਵੋਟ ਬੈਂਕ ਨੂੰ ਨੁਕਸਾਨ ਪਹੁੰਚਾਉਣਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਕਲਿੱਪ ਵਿੱਚ ਇੱਕ ਵਿਅਕਤੀ 'ਵਾਰਿਸ ਪੰਜਾਬ ਦੇ' ਵੱਲੋਂ ਲਗਾਏ ਗਏ ਪੰਡਾਲ ਵਿੱਚ ਸੰਗਤ ਨੂੰ ਸੰਬੋਧਨ ਕਰਦਾ ਦਿਖਾਈ ਦੇ ਰਿਹਾ ਹੈ। ਇਸ ਮੌਕੇ ਸਟੇਜ 'ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਆਗੂ ਵੀ ਮੌਜੂਦ ਸਨ।
ਦੂਜੇ ਪਾਸੇ 'ਵਾਰਿਸ ਪੰਜਾਬ ਦੇ' ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਵੀਡੀਓ ਨੂੰ ਤੋੜ-ਮਰੋੜ ਕੇ ਅਤੇ ਗਲਤ ਸੰਦਰਭ ਵਿੱਚ ਪੇਸ਼ ਕੀਤਾ ਗਿਆ ਹੈ। ਧਿਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਕਲਿੱਪ ਪੰਥਕ ਵਿਦਵਾਨ ਬਲਜੀਤ ਸਿੰਘ ਖ਼ਾਲਸਾ ਦੇ ਜਨਤਕ ਸੰਬੋਧਨ ਦਾ ਹਿੱਸਾ ਸੀ। 'ਵਾਰਿਸ ਪੰਜਾਬ ਦੇ' ਅਨੁਸਾਰ ਬਲਜੀਤ ਸਿੰਘ ਖ਼ਾਲਸਾ ਆਪਣੀ ਕਿਤਾਬ 'ਦ ਸਟੋਰੀ ਆਫ਼ ਬਾਦਲ ਫੈਮਿਲੀਜ਼ ਬਿਟ੍ਰੇਅਲਜ਼' ਦੇ ਰਿਲੀਜ਼ ਸਮਾਗਮ ਦੌਰਾਨ 1997 ਦੀ ਸਰਕਾਰ ਦੇ ਸਮੇਂ ਦਾ ਇਤਿਹਾਸਕ ਹਵਾਲਾ ਦੇ ਰਹੇ ਸਨ।
ਉਨ੍ਹਾਂ ਨੇ ਉਸ ਸਮੇਂ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਪੰਥਕ ਵਿਦਵਾਨ ਗੁਰਬਚਨ ਸਿੰਘ ਪੰਜਾਬ ਵੱਲੋਂ ਦਿੱਤੇ ਗਏ ਇੱਕ ਬਿਆਨ ਦਾ ਹਵਾਲਾ ਦਿੱਤਾ ਸੀ। ਧਿਰ ਦਾ ਦੋਸ਼ ਹੈ ਕਿ ਪੂਰੇ ਸੰਬੋਧਨ ਨੂੰ ਦਿਖਾਉਣ ਦੀ ਬਜਾਏ ਸਿਰਫ਼ ਇੱਕ ਹਿੱਸਾ ਕੱਟ ਕੇ ਵਾਇਰਲ ਕੀਤਾ ਗਿਆ, ਜਿਸ ਕਾਰਨ ਬਿਆਨ ਦਾ ਅਰਥ ਬਦਲ ਗਿਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਮੂਹ 'ਤੇ ਹਮਲੇ ਕਰਦੇ ਰਹੇ ਹਨ ਅਤੇ ਇਸ ਨੂੰ 'ਵਾਇਰਸ ਪੰਜਾਬ ਦੇ' ਤੱਕ ਕਹਿ ਚੁੱਕੇ ਹਨ।
ਚੰਡੀਗੜ੍ਹ : ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸਟੇਜ ਤੋਂ ਇੱਕ ਬੁਲਾਰੇ ਵੱਲੋਂ ਦਿੱਤੇ ਗਏ ਕਥਿਤ ਬਿਆਨ ਦੀ ਵਾਇਰਲ ਵੀਡੀਓ ਨੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ 'ਵਾਰਿਸ ਪੰਜਾਬ ਦੇ' ਆਹਮੋ-ਸਾਹਮਣੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਕੁਝ ਪੰਥਕ ਧਿਰਾਂ ਦਾ ਮੁੱਖ ਮਕਸਦ ਚੋਣਾਂ ਜਿੱਤਣਾ ਨਹੀਂ, ਸਗੋਂ ਸੋਸ਼ਲ ਇੰਜੀਨੀਅਰਿੰਗ ਰਾਹੀਂ ਅਕਾਲੀ ਦਲ ਦੇ ਪਰੰਪਰਾਗਤ ਪੰਥਕ ਵੋਟ ਬੈਂਕ ਨੂੰ ਨੁਕਸਾਨ ਪਹੁੰਚਾਉਣਾ ਹੈ।

