ਨਵੀਂ ਦਿੱਲੀ, 2 ਜੂਨ: ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਮੌਸਮ ਵਿੱਚ ਇੱਕ ਵੱਡੀ ਤਬਦੀਲੀ ਦੀ ਭਵਿੱਖਬਾਣੀ ਕਰਦਿਆਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ 17 ਰਾਜਾਂ ਲਈ ਭਾਰੀ ਮੀਂਹ ਅਤੇ ਤੇਜ਼ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਇਸ ਹਫ਼ਤੇ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਰਾਜਾਂ ਵਿੱਚ ਮੌਸਮੀ ਗਤੀਵਿਧੀਆਂ ਵਧਣਗੀਆਂ, ਜਿਸ ਦੌਰਾਨ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇੱਕ ਪਾਸੇ ਜਿੱਥੇ ਕਈ ਰਾਜਾਂ ਨੂੰ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਦੂਜੇ ਪਾਸੇ ਬਿਹਾਰ ਅਤੇ ਰਾਜਸਥਾਨ ਵਰਗੇ ਸੂਬਿਆਂ ਨੂੰ ਇਸ ਹਫ਼ਤੇ ਭਿਆਨਕ ਗਰਮੀ ਅਤੇ ਲੂ ਦਾ ਸਾਹਮਣਾ ਕਰਨਾ ਪਵੇਗਾ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕੋ ਸਮੇਂ ਮੀਂਹ ਅਤੇ ਗਰਮੀ ਦੀ ਲਹਿਰ ਦਾ ਦੋਹਰਾ ਅਸਰ ਦੇਖਣ ਨੂੰ ਮਿਲੇਗਾ।
ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ ਕੁਝ ਦਿਨਾਂ ਵਿੱਚ ਧੂੜ ਭਰੀਆਂ ਹਨੇਰੀਆਂ ਅਤੇ ਗਰਜ-ਤੂਫ਼ਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਦੋਂ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ ਅਤੇ ਇਸ ਦੌਰਾਨ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਉਲਟ, ਬਿਹਾਰ ਵਿੱਚ ਮੌਸਮ ਦਾ ਬਿਲਕੁਲ ਵੱਖਰਾ ਰੂਪ ਦੇਖਣ ਨੂੰ ਮਿਲੇਗਾ, ਜਿੱਥੇ 3 ਜੂਨ ਤੋਂ 7 ਜੂਨ ਤੱਕ ਗੰਭੀਰ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਬਿਹਾਰ ਦੇ ਕੁਝ ਖੇਤਰਾਂ ਵਿੱਚ 5 ਅਤੇ 6 ਜੂਨ ਨੂੰ ਹਲਕੀ ਗਰਜ ਅਤੇ ਬੂੰਦਾ-ਬਾਂਦੀ ਹੋ ਸਕਦੀ ਹੈ, ਪਰ ਕੁੱਲ ਮਿਲਾ ਕੇ ਰਾਜ ਦੇ ਲੋਕਾਂ ਨੂੰ ਇਸ ਹਫ਼ਤੇ ਤੇਜ਼ ਗਰਮੀ ਦਾ ਪ੍ਰਕੋਪ ਝੱਲਣਾ ਪਵੇਗਾ।
ਉੱਤਰੀ ਭਾਰਤ ਅਤੇ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਤਰਾਖੰਡ ਵਿੱਚ 1 ਜੂਨ ਤੋਂ 6 ਜੂਨ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ-ਤੂਫਾਨ ਦਾ ਸਿਲਸਿਲਾ ਜਾਰੀ ਰਹੇਗਾ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਹਫ਼ਤੇ ਮੀਂਹ ਪੈਣ ਦੀ ਉਮੀਦ ਹੈ। ਮੈਦਾਨੀ ਇਲਾਕਿਆਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿੱਚ ਵੀ ਬਦਲਾਅ ਆਵੇਗਾ ਅਤੇ ਇੱਥੇ ਤੇਜ਼ ਗਰਜ-ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ਵਿੱਚ ਪੱਛਮੀ ਹਿੱਸਿਆਂ ਅੰਦਰ ਧੂੜ ਭਰੀ ਹਨੇਰੀ ਚੱਲਣ ਦੇ ਆਸਾਰ ਹਨ ਅਤੇ ਪੂਰੇ ਰਾਜ ਲਈ ਤੇਜ਼ ਗਰਜ ਦੀ ਚੇਤਾਵਨੀ ਦਿੱਤੀ ਗਈ ਹੈ, ਜਦਕਿ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਹਫ਼ਤੇ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਮੱਧ ਅਤੇ ਪੱਛਮੀ ਭਾਰਤ ਵਿੱਚ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਵੀ ਮੀਂਹ ਅਤੇ ਤੇਜ਼ ਗਰਜ-ਤੂਫ਼ਾਨ ਦੀ ਉਮੀਦ ਹੈ। ਦੂਜੇ ਪਾਸੇ, ਮਹਾਰਾਸ਼ਟਰ ਦੇ ਕੋਂਕਣ, ਗੋਆ ਅਤੇ ਮੱਧ ਮਹਾਰਾਸ਼ਟਰ ਵਿੱਚ ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਗੁਜਰਾਤ ਵਿੱਚ ਵੀ 3 ਜੂਨ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆਉਣ ਨਾਲ ਮੌਸਮ ਸੁਹਾਵਣਾ ਹੋਣ ਦੀ ਉਮੀਦ ਹੈ।
ਦੱਖਣੀ ਭਾਰਤ ਦੇ ਨੇੜੇ ਮਾਨਸੂਨ ਦੇ ਪਹੁੰਚਣ ਕਾਰਨ ਕੇਰਲ, ਤਾਮਿਲਨਾਡੂ, ਲਕਸ਼ਦੀਪ, ਅਤੇ ਅੰਡੇਮਾਨ-ਨਿਕੋਬਾਰ ਟਾਪੂਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ, ਜਦਕਿ ਕੇਰਲ ਅਤੇ ਮਾਹੇ ਲਈ ਰਿਕਾਰਡ ਤੋੜ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ ਅਤੇ ਕਰਨਾਟਕ ਵਿੱਚ ਵੀ ਹਫ਼ਤੇ ਦੀ ਸ਼ੁਰੂਆਤ ਤੇਜ਼ ਗਰਜ ਅਤੇ ਬਿਜਲੀ ਨਾਲ ਹੋਵੇਗੀ। ਉੱਤਰ-ਪੂਰਬੀ ਰਾਜਾਂ ਜਿਵੇਂ ਕਿ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿੱਚ ਵੀ ਭਾਰੀ ਮੀਂਹ ਦਾ ਦੌਰ ਜਾਰੀ ਰਹੇਗਾ, ਜੋ ਕਿ ਅਰੁਣਾਚਲ ਪ੍ਰਦੇਸ਼ ਵਿੱਚ 7 ਜੂਨ ਤੱਕ ਅਤੇ ਅਸਾਮ ਤੇ ਮੇਘਾਲਿਆ ਵਿੱਚ 4 ਤੋਂ 7 ਜੂਨ ਤੱਕ ਚੱਲੇਗਾ। ਹਾਲਾਂਕਿ, ਇਸ ਮੀਂਹ ਦੇ ਬਾਵਜੂਦ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ ਦੇ ਲੋਕਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਭਾਰੀ ਨਮੀ ਵਾਲੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਨਵੀਂ ਦਿੱਲੀ, 2 ਜੂਨ: ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਮੌਸਮ ਵਿੱਚ ਇੱਕ ਵੱਡੀ ਤਬਦੀਲੀ ਦੀ ਭਵਿੱਖਬਾਣੀ ਕਰਦਿਆਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ 17 ਰਾਜਾਂ ਲਈ ਭਾਰੀ ਮੀਂਹ ਅਤੇ ਤੇਜ਼ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਇਸ ਹਫ਼ਤੇ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਰਾਜਾਂ ਵਿੱਚ ਮੌਸਮੀ ਗਤੀਵਿਧੀਆਂ ਵਧਣਗੀਆਂ, ਜਿਸ ਦੌਰਾਨ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇੱਕ ਪਾਸੇ ਜਿੱਥੇ ਕਈ ਰਾਜਾਂ ਨੂੰ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਦੂਜੇ ਪਾਸੇ ਬਿਹਾਰ ਅਤੇ ਰਾਜਸਥਾਨ ਵਰਗੇ ਸੂਬਿਆਂ ਨੂੰ ਇਸ ਹਫ਼ਤੇ ਭਿਆਨਕ ਗਰਮੀ ਅਤੇ ਲੂ ਦਾ ਸਾਹਮਣਾ ਕਰਨਾ ਪਵੇਗਾ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕੋ ਸਮੇਂ ਮੀਂਹ ਅਤੇ ਗਰਮੀ ਦੀ ਲਹਿਰ ਦਾ ਦੋਹਰਾ ਅਸਰ ਦੇਖਣ ਨੂੰ ਮਿਲੇਗਾ।

