ਚੰਡੀਗੜ੍ਹ : ਕਰਫਿਊ ਦੌਰਾਨ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਲੋਕਾਂ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ 30 ਅਤੇ 31 ਮਾਰਚ, 2020 ਨੂੰ ਸੂਬਾ ਭਰ ਵਿੱਚ ਬੈਂਕਾਂ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ 3 ਅਪ੍ਰੈਲ ਤੋਂ ਵਾਰੋ-ਵਾਰੀ (ਰੋਟੇਸ਼ਨ) ਦੇ ਆਧਾਰ 'ਤੇ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾ ਹਫ਼ਤੇ ਵਿੱਚ ਦੋ ਦਿਨ ਲਈ ਖੁੱਲ੍ਹਿਆ ਕਰਨਗੀਆਂ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਕੋਵਿਡ-19 ਤਹਿਤ ਲੱਗੇ ਕਰਫਿਊ ਦੌਰਾਨ 30 ਅਤੇ 31 ਮਾਰਚ, 2020 ਅਤੇ ਉਸ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਖੋਲ੍ਹਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਅਤੇ ਯੂ.ਟੀ. ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰਾਂ ਨੂੰ ਬੈਂਕਾਂ ਦੇ ਸਟਾਫ ਵਿੱਚ ਢਿੱਲ ਦੇਣ ਲਈ ਲੋੜੀਂਦੀ ਸਹਾਇਤਾ ਦੇਣ ਅਤੇ ਹੋਰ ਸਬੰਧਤ ਵਸਤਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ।