ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੁਲਸ ਨੇ ਸੈਕਟਰ 9 ਦੀ ਮਾਰਕੀਟ ਵਿੱਚ ਸ਼ਰੇਆਮ ਬਰਫ ਦੇ ਗੋਲਿਆਂ 'ਤੇ ਸ਼ਰਾਬ ਪਾ ਕੇ ਲੰਗਰ ਲਾਉਣ ਵਾਲੇ ਇੱਕ ਸ਼ਰਾਬ ਵਿਕਰੇਤਾ ਨੂੰ ਗ੍ਰਿਫਤਾਰ ਕੀਤਾ ਹੈ। ਸੋਸ਼ਲ ਮੀਡੀਆ 'ਤੇ 'ਸ਼ਰਾਬ ਦੇ ਲੰਗਰ' ਦੀ ਵੀਡੀਓ ਵਾਇਰਲ ਹੋ ਗਈ ਸੀ। ਵੀਡੀਓ ਵਿੱਚ ਠੇਕੇ ਦੇ ਨੁਮਾਇੰਦੇ ਲੋਕਾਂ ਨੂੰ ਬਰਫ ਦੇ ਗੋਲਿਆਂ ਉੱਪਰ ਇੱਕ ਖਾਸ ਬ੍ਰਾਂਡ ਦੀ ਸ਼ਰਾਬ ਪਾ ਕੇ ਵਰਤਾਉਂਦੇ ਹੋਏ ਦਿਖਾਈ ਦਿੱਤੇ।
ਇਹ 'ਸ਼ਰਾਬ ਦਾ ਲੰਗਰ' 'ਲਿਕਰ ਵਰਲਡ' ਨਾਂਅ ਦੇ ਠੇਕੇ ਦੇ ਬਿਲਕੁਲ ਬਾਹਰ ਲਗਾਇਆ ਗਿਆ ਸੀ। ਇਹ ਇਲਾਕਾ ਸ਼ਹਿਰ ਦੇ ਪੌਸ਼ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੇ ਹਰ ਸਮੇਂ ਸ਼ਹਿਰ ਦੇ ਉੱਚ ਵਰਗ ਦੇ ਲੋਕਾਂ ਦੀ ਮੌਜੂਦਗੀ ਰਹਿੰਦੀ ਹੈ। ਪੁਲਸ ਨੇ ਠੇਕੇ ਦੇ ਮਾਲਕਾਂ ਖਿਲਾਫ ਪੰਜਾਬ ਐਕਸਾਈਜ਼ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ ਹੈ। ਰਿਕਾਰਡ ਮੁਤਾਬਕ ਇਹ ਠੇਕਾ ਸਕੇਤੜੀ ਪਿੰਡ ਦੇ ਰਾਜੇਸ਼ ਸਚਦੇਵਾ ਦਾ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੌਕੇ 'ਤੇ ਕੀਤੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਬਰਫ ਦੇ ਗੋਲਿਆਂ 'ਤੇ ਸਮਿਰਨੌਫ ਫਲੇਵਰਡ ਵੋਡਕਾ ਛਿੜਕੀ ਗਈ ਸੀ। ਪੁਲਸ ਰਿਕਾਰਡ ਇਹ ਵੀ ਦਰਸਾਉਂਦਾ ਹੈ ਕਿ ਵਿਕਰੇਤਾ ਇਸ ਕਥਿਤ ਪ੍ਰਮੋਸ਼ਨਲ ਗਤੀਵਿਧੀ ਵਿੱਚ ਇੱਕ ਨਿੱਜੀ ਕੰਪਨੀ ਨਾਲ ਸ਼ਾਮਲ ਸੀ।

