Dailyhunt

ਭਾਰਤ ਆ ਰਿਹਾ ਈਰਾਨੀ ਤੇਲ ਦਾ ਟੈਂਕਰ ਚਾਣਚੱਕ ਚੀਨ ਵੱਲ ਮੁੜਿਆ

ਵੀਂ ਦਿੱਲੀ : ਈਰਾਨੀ ਕੱਚੇ ਤੇਲ ਨਾਲ ਲੱਦਿਆ ਇੱਕ ਅਮਰੀਕੀ ਪਾਬੰਦੀਆਂ ਵਾਲਾ ਟੈਂਕਰ ਭਾਰਤ ਜਾਣ ਦੀ ਬਜਾਏ ਅੱਧ ਰਸਤਿਓਂ ਚੀਨ ਵੱਲ ਮੁੜ ਗਿਆ। ਜੇ ਇਹ ਜਹਾਜ਼ ਭਾਰਤ ਪਹੁੰਚਦਾ, ਤਾਂ ਇਹ ਪਿਛਲੇ ਲੱਗਭੱਗ ਸੱਤ ਸਾਲਾਂ ਵਿੱਚ ਈਰਾਨ ਤੋਂ ਤੇਲ ਦੀ ਪਹਿਲੀ ਖੇਪ ਹੁੰਦੀ। 2002 ਵਿੱਚ ਬਣੇ ਅਤੇ 2025 ਵਿੱਚ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਕੀਤੇ ਗਏ 'ਪਿੰਗ ਸ਼ੁਨ' ਨਾਮੀ ਇਸ ਐਫਰਾਮੈਕਸ ਟੈਂਕਰ ਨੇ ਹੁਣ ਗੁਜਰਾਤ ਦੇ ਵਾਡੀਨਾਰ ਦੀ ਬਜਾਏ ਚੀਨ ਦੇ ਡੋਂਗਯਿੰਗ ਨੂੰ ਆਪਣੀ ਮੰਜ਼ਲ ਵਜੋਂ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ।

ਸ਼ਿਪ-ਟਰੈਕਿੰਗ ਫਰਮ ਕੇਪਲਰ ਦੇ ਅਨੁਸਾਰ, ਇਹ ਤਬਦੀਲੀ ਭੁਗਤਾਨ ਨਾਲ ਸੰਬੰਧਤ ਮੁੱਦਿਆਂ ਕਾਰਨ ਜਾਪਦੀ ਹੈ, ਕਿਉਂਕਿ ਵਿਕਰੇਤਾ ਹੁਣ 30-60 ਦਿਨਾਂ ਦੀ ਕ੍ਰੈਡਿਟ ਵਿੰਡੋ ਦੀ ਬਜਾਏ ਤੁਰੰਤ ਜਾਂ ਨਜ਼ਦੀਕੀ ਮਿਆਦ ਦੇ ਨਿਪਟਾਰੇ ਦੀ ਮੰਗ ਕਰ ਰਹੇ ਹਨ।
ਭਾਰਤੀ ਰਿਫਾਇਨਰ ਅਮਰੀਕਾ ਵੱਲੋਂ ਹਾਲ ਹੀ ਵਿੱਚ ਦਿੱਤੀ ਗਈ ਪਾਬੰਦੀਆਂ ਦੀ ਛੋਟ ਤੋਂ ਬਾਅਦ ਈਰਾਨੀ ਤੇਲ ਖਰੀਦਣ ਦੇ ਮੌਕੇ ਤਲਾਸ਼ ਰਹੇ ਸਨ, ਪਰ ਭੁਗਤਾਨ ਦੀਆਂ ਸ਼ਰਤਾਂ ਅਤੇ ਈਰਾਨ ਦਾ ਸਵਿਫਟ ਸਿਸਟਮ ਤੋਂ ਬਾਹਰ ਹੋਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। 'ਪਿੰਗ ਸ਼ੁਨ' ਵਿੱਚ ਲੱਗਭੱਗ 6,00,000 ਬੈਰਲ ਤੇਲ ਹੈ ਜੋ ਖਾਰਗ ਟਾਪੂ ਤੋਂ ਲੱਦਿਆ ਗਿਆ ਸੀ। ਭਾਵੇਂ ਅਮਰੀਕੀ ਛੋਟ 19 ਅਪਰੈਲ ਤੱਕ ਵੈਧ ਹੈ, ਪਰ ਅੰਤਰਰਾਸ਼ਟਰੀ ਬੈਂਕਿੰਗ ਨੈੱਟਵਰਕ ਤੱਕ ਪਹੁੰਚ ਨਾ ਹੋਣ ਕਾਰਨ ਭੁਗਤਾਨ ਕਿਵੇਂ ਕੀਤਾ ਜਾਵੇਗਾ, ਇਹ ਅਜੇ ਵੀ ਅਸਪੱਸ਼ਟ ਹੈ। ਵਾਡੀਨਾਰ ਵਿੱਚ ਰੂਸ ਦੇ ਰੋਸਨੇਫਟ ਦੀ ਨਾਇਰਾ ਐਨਰਜੀ ਰਿਫਾਇਨਰੀ ਸਥਿਤ ਹੈ, ਜਿੱਥੇ ਇਹ ਤੇਲ ਉਤਰਨਾ ਸੀ। ਇਹ ਘਟਨਾ ਦਰਸਾਉਂਦੀ ਹੈ ਕਿ ਈਰਾਨੀ ਤੇਲ ਦੇ ਵਪਾਰ ਵਿੱਚ ਹੁਣ ਵਪਾਰਕ ਤੇ ਵਿੱਤੀ ਸ਼ਰਤਾਂ ਲੌਜਿਸਟਿਕਸ ਜਿੰਨੀਆਂ ਹੀ ਮਹੱਤਵਪੂਰਨ ਹੋ ਗਈਆਂ ਹਨ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana