Dailyhunt Logo
  • Light mode
    Follow system
    Dark mode
    • Play Story
    • App Story
ਦਿੱਲੀ ਰੈਲੀ ਪ੍ਰਤੀ ਪੰਜਾਬ ਵਾਸੀਆਂ 'ਚ ਭਾਰੀ ਉਤਸ਼ਾਹ

ਦਿੱਲੀ ਰੈਲੀ ਪ੍ਰਤੀ ਪੰਜਾਬ ਵਾਸੀਆਂ 'ਚ ਭਾਰੀ ਉਤਸ਼ਾਹ

ਚੰਡੀਗੜ੍ਹ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 01 ਸਤੰਬਰ 2026 ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ ਦੇਸ਼ ਪੱਧਰ 'ਤੇ 'ਬਦਲਾਅ ਜ਼ਰੂਰੀ ਹੈ' ਦਾ ਨਾਅਰਾ ਲੈ ਕੇ ਕੀਤੀ ਜਾ ਰਹੀ ਰੈਲੀ ਵਿਚ ਪੰਜਾਬ ਤੋਂ 10,000 ਤੋਂ ਵੱਧ ਪਾਰਟੀ ਕਾਰਕੁੰਨਾਂ ਅਤੇ ਹਮਦਰਦਾਂ ਨੇ ਰੈਲੀ ਵਿਚ ਸ਼ਾਮਲ ਹੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਰੈਲੀ ਵਿਚ ਸ਼ਾਮਲ ਹੋਣ ਦੀ ਤਿਆਰੀ ਅਤੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ 'ਬਦਲਾਅ ਜ਼ਰੂਰੀ ਹੈ' ਰੈਲੀ ਕੀਤੀ ਜਾ ਰਹੀ ਹੈ, ਉਹਨਾਂ ਦੇ ਪ੍ਰਚਾਰ ਲਈ ਕਨਵੈਨਸ਼ਨਾਂ ਅਤੇ ਪਦ-ਯਾਤਰਾਵਾਂ ਕੀਤੀਆਂ ਜਾ ਚੁੱਕੀਆਂ ਹਨ।

ਕਨਵੈਨਸ਼ਨਾਂ ਅਤੇ ਪਦ-ਯਾਤਰਾਵਾਂ ਦੌਰਾਨ ਦੇਖਣ ਨੂੰ ਮਿਲਿਆ ਹੈ ਕਿ ਆਮ ਲੋਕਾਂ ਵਿਚ ਕੇਂਦਰ ਦੀ ਸਰਕਾਰ ਦੇ ਵਿਰੁੱਧ ਲੋਕ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਕਾਰਨ ਭਾਰੀ ਗੁੱਸਾ ਅਤੇ ਰੋਸ ਹੈ ਅਤੇ ਦਿੱਲੀ ਰੈਲੀ ਵਿਚ ਸ਼ਾਮਲ ਹੋਣ ਲਈ ਉਮੀਦ ਨਾਲੋਂ ਵੱਧ ਹੁੰਗਾਰਾ ਮਿਲਿਆ ਹੈ। ਸਭ ਜ਼ਿਲ੍ਹਿਆਂ ਦੇ ਸਕੱਤਰ ਤਿਆਰੀਆਂ ਵਿਚ ਜੁਟੇ ਹੋਏ ਹਨ। ਝੰਡੇ-ਮਾਟੋ, ਬੈਜ ਆਦਿ ਵੱਡੀ ਗਿਣਤੀ ਵਿਚ ਤਕਸੀਮ ਕੀਤੇ ਗਏ ਹਨ।
ਪੰਜਾਬ ਸੂਬਾ ਕੌਂਸਲ, ਸੀ ਪੀ ਆਈ ਦੇ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਰੈਲੀ ਦੇ ਸੰਬੰਧ ਵਿਚ ਵਿਸਥਾਰ ਵਿਚ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸੀਨੀਅਰ ਆਗੂਆਂ 'ਤੇ ਅਧਾਰਤ ਸਕੱਤਰੇਤ ਮੈਂਬਰਾਨ ਸਾਥੀ ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਅਮਰਜੀਤ ਸਿੰਘ ਆਸਲ, ਨਰਿੰਦਰ ਕੌਰ ਸੋਹਲ, ਬਲਦੇਵ ਸਿੰਘ ਨਿਹਾਲਗੜ੍ਹ, ਪ੍ਰਿਥੀਪਾਲ ਮਾੜੀਮੇਘਾ, ਦੇਵੀ ਕੁਮਾਰੀ ਅਤੇ ਕ੍ਰਿਸ਼ਨ ਚੌਹਾਨ ਨੇ ਸਕੱਤਰੇਤ ਦੀ ਮੀਟਿੰਗ ਵਿਚ ਰੈਲੀ ਦੀ ਕਾਮਯਾਬੀ ਲਈ ਯੋਜਨਾਬੰਦੀ ਕਰਨ ਉਪਰੰਤ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿਚ ਪੂਰੀ ਸ਼ਿੱਦਤ ਨਾਲ ਤਿਆਰੀਆਂ ਕਰਨ ਲਈ ਹਰ ਜ਼ਿਲ੍ਹੇ ਵਿਚ ਕਨਵੈਨਸ਼ਨਾਂ ਅਤੇ ਪਦ-ਯਾਤਰਾਵਾਂ ਦੇ ਪ੍ਰੋਗਰਾਮ ਨੂੰ ਬੜੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਅਤੇ ਪਾਰਟੀ ਦੀਆਂ ਸਾਰੀਆਂ ਬਰਾਂਚਾਂ ਤੱਕ ਪਹੁੰਚ ਕਰਕੇ ਰੈਲੀ ਲਈ ਉਤਸ਼ਾਹ ਪੈਦਾ ਕੀਤਾ, ਜਿਸ ਦਾ ਹੀ ਸਿੱਟਾ ਹੈ ਕਿ ਪੰਜਾਬ ਤੋਂ ਹਜ਼ਾਰਾਂ ਪਾਰਟੀ ਵਰਕਰ ਅਤੇ ਹਮਦਰਦ ਹੁੰਮ-ਹੁਮਾ ਕੇ ਦਿੱਲੀ ਰੈਲੀ ਵਿਚ ਸ਼ਾਮਲ ਹੋਣਗੇ। ਸੀਨੀਅਰ ਆਗੂ ਕਾਮਰੇਡ ਜਗਰੂਪ ਸਿੰਘ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਲਾਮਬੰਦ ਕਰਕੇ ਦਿੱਲੀ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਦੀ ਤਿਆਰੀ ਕਰਵਾਈ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਜਿਹਨਾਂ ਨਾਅਰਿਆਂ ਨੂੰ ਲੈ ਕੇ ਇਸ ਰੈਲੀ ਨੂੰ 'ਬਦਲਾਅ ਜ਼ਰੂਰੀ ਹੈ' ਦਾ ਨਾਂਅ ਦਿੱਤਾ ਹੈ, ਉਹ ਬਹੁਤ ਹੀ ਢੁਕਵਾਂ ਨਾਅਰਾ ਅਤੇ ਢੁਕਵਾਂ ਸਮਾਂ ਹੈ, ਜਦੋਂ ਬੀ ਜੇ ਪੀ ਦੀ ਮੋਦੀ ਸਰਕਾਰ ਦਾ ਤਾਨਾਸ਼ਾਹੀ, ਫਿਰਕਾਪ੍ਰਸਤ, ਸੰਵਿਧਾਨ-ਵਿਰੋਧੀ, ਨਫਰਤ, ਲੁੱਟ-ਖਸੁੱਟ ਅਤੇ ਲੋਕ-ਵਿਰੋਧੀ, ਕਾਰਪੋਰੇਟ-ਪੱਖੀ ਨੀਤੀਆਂ ਦਾ ਕਰੂਪ ਚਿਹਰਾ ਅਤੇ ਚਰਿੱਤਰ ਆਮ ਜਨਤਾ ਨੂੰ ਸਮਝ ਪੈ ਚੁੱਕਾ ਹੈ ਅਤੇ ਜਨਤਾ ਹੁਣ ਮੋਦੀ ਨੂੰ ਗੱਦੀ 'ਤੇ ਨਹੀਂ ਵੇਖਣਾ ਚਾਹੁੰਦੀ ਤੇ ਜਨਤਾ ਹੁਣ ਬਦਲਾਅ ਚਾਹੁੰਦੀ ਹੈ, ਕਿਉਂਕਿ ਲੋਕ ਵੇਖ ਰਹੇ ਹਨ ਕਿ ਬੀ ਜੇ ਪੀ ਸਰਕਾਰ ਦੇ ਭਾਰਤੀ ਸੰਵਿਧਾਨ ਸੰਘੋ ਨਹੀਂ ਉਤਰਦਾ, ਉਹ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ, ਉਹ ਸੰਵਿਧਾਨ ਨੂੰ ਬੜੀ ਚਤੁਰਾਈ ਨਾਲ ਖੋਰਾ ਲਾ ਰਹੀ ਹੈ, ਇਸ ਸਰਕਾਰ ਨੇ ਦੇਸ਼ ਦੀ ਧੰਨ-ਦੌਲਤ ਦੀ ਲੁੱਟ ਦੇ ਦਰਵਾਜ਼ੇ ਅਡਾਨੀਆਂ-ਅੰਬਾਨੀਆਂ ਵਰਗੇ ਕਾਰਪੋਰੇਟਾਂ ਲਈ ਬੜੀ ਨਿਰਲੱਜਤਾ ਨਾਲ ਖੋਲ੍ਹ ਦਿੱਤੇ ਹਨ। ਘੱਟ-ਗਿਣਤੀਆਂ 'ਤੇ ਹਰ ਦਿਨ ਹਮਲੇ ਕੀਤੇ ਜਾ ਰਹੇ ਹਨ ਅਤੇ ਹਮਲਾਵਰ ਟੋਲਿਆਂ ਨੂੰ ਸਰਕਾਰੀ ਸ਼ਹਿ ਅਤੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਮੁਸਲਿਮ ਘੱਟ-ਗਿਣਤੀ ਦਾ ਤਾਂ ਜੀਣਾ ਦੁੱਭਰ ਕੀਤਾ ਪਿਆ ਹੈ। ਫੈਡਰਲ ਢਾਂਚਾ ਬੇਹੱਦ ਕਮਜ਼ੋਰ ਕਰ ਦਿੱਤਾ ਗਿਆ ਹੈ। ਹਰ ਕਿਸਮ ਦੀਆਂ ਪਾਵਰਾਂ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਹੈ। 15 ਕਰੋੜ ਪਰਵਾਰਾਂ ਦੇ ਗੁਜ਼ਾਰੇ ਦਾ ਕੁਝ ਸਾਧਨ ਮਨਰੇਗਾ ਕਾਨੂੰਨ ਖਤਮ ਕਰ ਦਿੱਤਾ। ਐੱਸ ਆਈ ਆਰ ਰਾਹੀਂ ਕਰੋੜਾਂ ਵੋਟਾਂ ਕੱਟ ਦਿੱਤੀਆਂ ਗਈਆਂ, ਵਿੱਦਿਆ ਦੇ ਭਗਵੇਂਕਰਨ ਦੀ ਕਵਾਇਦ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਕਿਤਾਬਾਂ-ਸਿਲੇਬਸਾਂ ਵਿੱਚੋਂ ਸੰਵਿਧਾਨ ਦੀ ਪ੍ਰਸਤਾਵਨਾ, ਕਈ ਦੇਸ਼ਾਂ ਦੇ ਲੋਕ-ਪੱਖੀ ਇਨਕਲਾਬਾਂ ਦੀ ਜਾਣਕਾਰੀ ਹਟਾ ਦਿੱਤੀ ਗਈ ਹੈ। ਮਨੂੰ ਸਮਰਿਤੀ ਦੇ ਹਵਾਲੇ ਸਿਲੇਬਸਾਂ ਵਿਚ ਪਾ ਦਿੱਤੇ ਗਏ, ਇਤਿਹਾਸ ਦੇ ਸੱਚ ਨੂੰ ਹਟਾ ਕੇ ਝੂਠ ਪੜ੍ਹਾਇਆ ਜਾਣ ਲੱਗਾ ਹੈ, ਬੇਰੁਜ਼ਗਾਰ ਨੌਜੁਆਨਾਂ ਲਈ ਰੁਜ਼ਗਾਰ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ 29 ਲੇਬਰ ਕਾਨੂੰਨ ਤੋੜ ਕੇ ਮਾਲਕਾਂ ਦੇ ਪੱਖ ਦੇ ਚਾਰ ਲੇਬਰ ਕੋਡ ਬਣਾ ਦਿੱਤੇ ਗਏ ਹਨ, ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ, ਕਾਰਪੋਰੇਟਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ, ਤਾਜ਼ੀ ਮਿਸਾਲ ਸੁਭਾਸ਼ ਚੰਦਰਾ ਦੀ ਹੈ, ਜਿਸ ਦਾ 22000 ਕਰੋੜ ਰੁਪਏ ਦਾ ਕਰਜ਼ਾ ਸਿਰਫ 6.5 ਕਰੋੜ ਲੈ ਕੇ ਮੁਆਫ ਕਰ ਦਿੱਤਾ ਹੈ। ਦੂਜੇ ਪਾਸੇ ਦੇਸ਼ ਦੀ ਜਨਤਾ ਦੇ ਵੱਡੇ ਹਿੱਸੇ ਗਰੀਬੀ ਅਤੇ ਗੁਰਬਤ ਵਿਚ ਦਿਨ ਕਟੀ ਕਰ ਰਹੇ ਹਨ, ਮੁਕਤ ਵਪਾਰ ਸਮਝੌਤਾ ਨੇਪਰੇ ਚਾੜ੍ਹਨ ਦੀ ਤੇਜ਼ੀ ਨਾਲ ਕਾਹਲੀ ਕੀਤੀ ਜਾ ਰਹੀ ਹੈ। ਐੱਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਨਾ ਬਣਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਨਾ ਕਰਨਾ, ਬਿਜਲੀ ਬਿੱਲ, ਸੀਡ ਬਿੱਲ ਸਭ ਸਿੱਧੇ ਤੌਰ 'ਤੇ ਕਿਸਾਨੀ ਕਿੱਤੇ ਨੂੰ ਖਤਮ ਕਰਨ ਦੀਆਂ ਵਿਊਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ। ਮਹਿੰਗਾਈ ਨੇ ਗਰੀਬਾਂ ਦਾ ਕਚੂੰਮਰ ਕੱਢ ਰੱਖਿਆ ਹੈ, ਚੀਨੀ ਅਤੇ ਪਿਆਜ਼ 70 ਰੁਪਏ ਕਿਲੋ ਵਿਕ ਰਹੇ ਹਨ, ਪਬਲਿਕ ਸੈਕਟਰ ਦਾ ਤੇਜ਼ ਰਫਤਾਰੀ ਨਾਲ ਨਿੱਜੀਕਰਨ ਕਰਕੇ ਖਾਤਮੇ ਦੇ ਨੇੜੇ ਪਹੁੰਚਾ ਦਿੱਤਾ ਹੈ ਅਤੇ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੀ ਝੋਲੀ ਵਿੱਚ ਪਾ ਦਿੱਤਾ ਗਿਆ ਹੈ। ਸੰਵਿਧਾਨਕ ਸੰਸਥਾਵਾਂ ਨੂੰ ਬੇਹੱਦ ਕਮਜ਼ੋਰ ਕਰਕੇ ਰ ਸ ਸ, ਬੀ ਜੇ ਪੀ ਆਪਣੇ ਹਿੱਤਾਂ ਲਈ ਵਰਤ ਰਹੀ ਹੈ। ਸੀ ਬੀ ਆਈ, ਈ ਡੀ, ਯੂ ਏ ਪੀ ਏ, ਵਿਜੀਲੈਂਸ ਆਦਿ ਦੀ ਵਰਤੋਂ ਵਿਰੋਧੀਆਂ ਨੂੰ ਦਬਾਉਣ ਅਤੇ ਚੁੱਪ ਕਰਾਉਣ ਲਈ ਕੀਤੀ ਜਾ ਰਹੀ ਹੈ। ਪ੍ਰੈੱਸ ਦੀ ਆਜ਼ਾਦੀ ਲੱਗਭੱਗ ਸਮਾਪਤ ਕਰ ਦਿੱਤੀ ਗਈ ਹੈ। ਅੱਜ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਮਸਲਿਆਂ ਦੇ ਹੱਲ ਲਈ ਮੈਦਾਨ ਵਿਚ ਆਉਣਾ ਪਏਗਾ, ਅਜਿਹੀ ਹੀ ਸ਼ੁਰੂਆਤ ਦਾ ਮੁੱਢ ਬੰਨ੍ਹੇਗੀ ਸੀ ਪੀ ਆਈ ਵੱਲੋਂ ਦਿੱਲੀ ਰਾਮ ਲੀਲ੍ਹਾ ਮੈਦਾਨ ਵਿਖੇ ਕੀਤੀ ਜਾ ਰਹੀ ਇਹ ਰੈਲੀ। ਪੰਜਾਬ ਦੇ ਪਾਰਟੀ ਸਾਥੀਆਂ ਅਤੇ ਆਗੂਆਂ ਦਾ ਇਹ ਪਵਿੱਤਰ ਫਰਜ਼ ਬਣਦਾ ਹੈ ਕਿ ਦੇਸ਼ ਦੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀਤੀ ਜਾ ਰਹੀ ਇਸ ਮਹਾਂ-ਰੈਲੀ ਵਿਚ ਕਾਫਲੇ ਬੰਨ੍ਹ ਕੇ ਸ਼ਾਮਲ ਹੋਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana