Friday, 18 Oct, 10.25 am ਨਵਾਂ ਜ਼ਮਾਨਾ

ਰਾਸ਼ਟਰੀ
ਕੈਪਟਨ ਦੇ ਰੋਡ ਸ਼ੋਅ ਕਾਰਨ ਲੋਕ ਖੱਜਲ-ਖੁਆਰ

ਫਿਲੌਰ (ਨਿਰਮਲ)-ਫਗਵਾੜਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੱਢੇ ਜਾਣ ਵਾਲੇ ਰੋਡ ਸ਼ੋਅ 'ਚ ਸ਼ਾਮਲ ਹੋਣ ਨੂੰ ਲੈ ਕੇ ਸ਼ੁੱਕਰਵਾਰ ਫਗਵਾੜਾ ਤੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕੈਡਮੀ ਫਿਲੌਰ ਤੱਕ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲ-ਖੁਆਰ ਹੋਣਾ ਪਿਆ, ਕਿਉਂਕਿ ਰੋਡ ਸ਼ੋਅ ਤੋਂ ਬਾਅਦ ਕੈਪਟਨ ਨੇ ਫਗਵਾੜਾ ਤੋਂ ਪੀ ਪੀ ਏ ਫਿਲੌਰ ਆ ਕੇ ਹੈਲੀਕਾਪਟਰ ਰਾਹੀਂ ਵਾਪਸ ਜਾਣਾ ਸੀ, ਜਿਸ ਕਾਰਨ ਨੈਸ਼ਨਲ ਹਾਈ ਵੇਅ 'ਤੇ ਸਾਰਾ ਦਿਨ ਟ੍ਰੈਫਿਕ ਦਾ ਹਾਲ ਏਨਾ ਮਾੜਾ ਰਿਹਾ ਕਿ ਸੈਂਕੜੇ ਵਾਹਨ ਅਤੇ ਲੋਕ ਘੰਟਿਆਂਬੱਧੀ ਜਾਮ ਵਿਚ ਫਸੇ ਰਹੇ। ਤਿਉਹਾਰਾਂ ਦੇ ਦਿਨਾਂ ਕਾਰਨ ਸ਼ਹਿਰ ਫਿਲੌਰ ਦੀ ਕਿਲ੍ਹਾ ਰੋਡ 'ਤੇ ਖ਼ਰੀਦ-ਓ-ਫਰੋਖ਼ਤ ਕਰਨ ਆਏ ਆਲੇ-ਦੁਆਲੇ ਦੇ ਪਿੰਡਾਂ ਤੋਂ ਸੈਂਕੜੇ ਲੋਕ ਅਤੇ ਵਪਾਰੀਆਂ ਨੂੰ ਵੀ ਪੁਲਸ ਅਤੇ ਪੁਲਸ ਦੇ ਅਧਿਕਾਰੀਆਂ ਦੀ ਆਵਾਜਾਈ ਕਾਰਨ ਡਾਢੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਗਵਾੜਾ ਤੋਂ ਫਿਲੌਰ ਤੱਕ ਹਰੇਕ ਚੌਕ 'ਚ ਸਕੂਲੀ ਬੱਸਾਂ ਅਤੇ ਕਾਰਾਂ ਵਿਚ ਮੁਸਾਫਰਾਂ ਅਤੇ ਸਕੂਲੀ ਬੱਚਿਆਂ ਨੂੰ ਵੀ ਜਾਮ 'ਚ ਲੰਮਾ ਸਮਾਂ ਫਸੇ ਰਹਿਣਾ ਪਿਆ। ਇਥੇ ਹੀ ਬੱਸ ਨਹੀਂ, ਸੜਕਾਂ 'ਤੇ ਰੋਜ਼ੀ-ਰੋਟੀ ਕਮਾਉਣ ਵਾਲੇ ਫੜ੍ਹੀ-ਰੇਹੜੀ ਵਾਲਿਆਂ ਨੂੰ ਵੀ ਪੁਲਸ ਨੇ ਜ਼ਬਰਦਸਤੀ ਸੜਕ ਤੋਂ ਲਾਂਭੇ ਕਰਵਾ ਦਿੱਤਾ। ਸਥਾਨਕ ਬੱਸ ਸਟੈਂਡ ਤੋਂ ਲੈ ਕੇ ਸ਼ਹਿਰ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਇਸ ਕਾਰਨ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਜ਼ੁਰਗ ਕਾਮਰੇਡ ਦੇਵ ਅਤੇ ਸੀ ਪੀ ਆਈ ਦੇ ਸੂਬਾਈ ਆਗੂ ਸਵਰਨ ਅਕਲਪੁਰੀ ਨੇ ਕਿਹਾ ਕਿ ਇਹ 21ਵੀਂ ਸਦੀ ਦਾ ਦੌਰ ਹੈ, ਜਿੱਥੇ ਵਿਦੇਸ਼ਾਂ ਵਿਚ ਉਥੋਂ ਦੇ ਪ੍ਰਧਾਨ ਮੰਤਰੀ, ਮੰਤਰੀ ਅਤੇ ਰਾਸ਼ਟਰਪਤੀ ਬਿਨਾਂ ਕਿਸੇ ਸੁਰੱਖਿਆ ਅਤੇ ਕਾਨਵਾਈ ਦੇ ਆਮ ਜਨਤਾ ਵਿਚ ਤੁਰੇ ਫਿਰਦੇ ਅਤੇ ਵਿਚਰਦੇ ਹਨ, ਪਰ ਸਾਡੇ ਸਿਆਸੀ ਆਗੂ ਬੇਵਜ੍ਹਾ ਦਿਖਾਵੇ ਲਈ ਬੇਲੋੜੀ ਸੁਰੱਖਿਆ ਅਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਦੇ ਤੁਰੇ ਫਿਰਦੇ ਹਨ। ਲੋਕਾਂ ਦੇ ਖੂਨ-ਪਸੀਨੇ ਨਾਲ ਕਮਾਏ ਪੈਸੇ ਤੋਂ ਵਸੂਲਿਆ ਟੈਕਸ ਦਾ ਦੁਰਉਪਯੋਗ ਕਰਦੇ ਹਨ ਅਤੇ ਅਜਿਹਾ ਕਰਨ ਨਾਲ ਸਰਕਾਰ 'ਤੇ ਕਰੋੜਾਂ ਰੁਪਏ ਦਾ ਭਾਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਇਕ ਮੁੱਖ ਮੰਤਰੀ ਨੂੰ ਹੈਲੀਕਾਪਟਰ 'ਚ ਬਿਠਾਉਣ ਲਈ ਜਲੰਧਰ ਅਤੇ ਕਪੂਰਥਲਾ ਦੀ ਭਾਰੀ ਪੁਲਸ ਫੋਰਸ ਨੇ ਬੇਵਜ੍ਹਾ ਰਾਹਾਂ ਵਿਚ ਗੱਡੀਆਂ ਇੱਧਰ-ਉਧਰ ਭਜਾ-ਭਜਾ ਕੇ ਹਜ਼ਾਰਾਂ ਲੀਟਰ ਤੇਲ ਫੂਕ ਦਿੱਤਾ ਅਤੇ ਦੋ ਜ਼ਿਲ੍ਹਿਆਂ ਦੀ ਸਰਕਾਰੀ ਮਸ਼ੀਨਰੀ ਮੁੱਖ ਮੰਤਰੀ ਦੀ ਇਸੇ ਫੇਰੀ ਦੀ ਖੁਸ਼ਾਮਦ ਕਰਦੀ ਰਹੀ ਤੇ ਸਰਕਾਰੀ ਅਦਾਰਿਆਂ ਵਿਚ ਸਾਰੇ ਆਲ੍ਹਾ ਅਧਿਕਾਰੀ ਦਫ਼ਤਰਾਂ 'ਚੋਂ ਨਦਾਰਦ ਰਹੇ, ਲੋਕ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣ ਨੂੰ ਲੈ ਕੇ ਖੱਜਲ-ਖ਼ੁਆਰ ਹੁੰਦੇ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਆਮ ਲੋਕਾਂ ਨੂੰ ਤਾਂ ਪਹਿਲਾਂ ਹੀ ਅੱਤ ਦੀ ਮੰਦੀ ਤੇ ਮਹਿੰਗਾਈ ਨੇ ਨੱਕ ਵਿਚ ਦਮ ਕਰ ਰੱਖਿਆ ਹੈ, ਬੇਰੁਜ਼ਗਾਰੀ ਨੇ ਦੇਸ਼ ਦਾ ਨੌਜਵਾਨ ਰੋਲ ਕੇ ਰੱਖ ਦਿੱਤਾ ਹੈ ਅਤੇ ਕਿਸਾਨ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ। ਆਗੂਆਂ ਮੰਗ ਕੀਤੀ ਕਿ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨਾ, ਬੇਲੋੜਾ ਟ੍ਰੈਫਿਕ ਰੋਕਣਾ, ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨਾ ਅਤੇ ਚੋਣਾਂ 'ਚ ਧੱਕੇਸ਼ਾਹੀ ਨੂੰ ਬੜ੍ਹਾਵਾ ਦੇਣਾ ਬੰਦ ਕੀਤਾ ਜਾਵੇ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top