Saturday, 16 Nov, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਖਪਤਕਾਰਾਂ ਦੇ ਬੋਝੇ ਪਾਟੇ, ਪਿੰਡਾਂ 'ਚ ਲੂਣ-ਤੇਲ ਦਾ ਜੁਗਾੜ ਹੋਇਆ ਔਖਾ

ਨਵੀਂ ਦਿੱਲੀ : ਅਰਥ-ਵਿਵਸਥਾ ਵਿਚ ਸੁਸਤੀ ਗੰਭੀਰ ਹੁੰਦੀ ਜਾ ਰਹੀ ਹੈ। ਨੈਸ਼ਨਲ ਸਟੈਟਿਸਕਲ ਆਫਿਸ (ਐੱਨ ਅੱੈਸ ਓ) ਦੀ ਰਿਪੋਰਟ ਮੁਤਾਬਕ ਦੇਸ਼ ਦੇ ਖਪਤਕਾਰ ਦੀ ਖਰਚ ਸੀਮਾ ਘਟ ਗਈ ਹੈ। ਪਿਛਲੇ 45 ਸਾਲਾਂ ਵਿਚ ਅਜਿਹਾ ਹੋਇਆ ਹੈ। ਰਿਪੋਰਟ ਮੁਤਾਬਕ 2011-12 ਵਿਚ ਜਿਥੇ ਇਕ ਵਿਅਕਤੀ ਘਰੇਲੂ ਖਰਚ 'ਤੇ 1501 ਰੁਪਏ ਖਰਚਦਾ ਸੀ, ਉਹ 2017-18 ਵਿਚ 3.7 ਫੀਸਦੀ ਘਟ ਕੇ 1446 ਰੁਪਏ 'ਤੇ ਆ ਗਿਆ। ਮਾਹਰਾਂ ਮੁਤਾਬਕ ਖਪਤਕਾਰ ਖਰਚ ਵਿਚ ਇਹ ਗਿਰਾਵਟ ਗਰੀਬੀ ਦੇ ਵਿਆਪਕ ਹੋਣ ਤੇ ਮੰਗ ਵਿਚ ਕਮੀ ਵੱਲ ਇਸ਼ਾਰਾ ਕਰਦੀ ਹੈ।
ਰਿਪੋਰਟ ਮੁਤਾਬਕ ਪਿੰਡਾਂ ਵਿਚ ਸਥਿਤੀ ਜ਼ਿਆਦਾ ਖਰਾਬ ਹੈ, ਜਿਥੇ 2017-18 ਵਿਚ ਖਪਤਕਾਰ ਖਰਚ ਸੀਮਾ 8.8 ਫੀਸਦੀ ਤੱਕ ਡਿੱਗੀ ਹੈ। ਹਾਲਾਂਕਿ ਸ਼ਹਿਰੀ ਇਲਾਕਿਆਂ ਵਿਚ 2 ਫੀਸਦੀ ਦਾ ਮਾਮੂਲੀ ਜਿਹਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿੰਡਾਂ ਵਿਚ ਲੋਕਾਂ ਨੇ ਦੁੱਧ ਤੇ ਦੁੱਧ ਤੋਂ ਬਣਦੇ ਉਤਪਾਦਾਂ ਨੂੰ ਛੱਡ ਕੇ ਸਾਰੀਆਂ ਚੀਜ਼ਾਂ ਦੀ ਖਰੀਦ ਵਿਚ ਕਟੌਤੀ ਕੀਤੀ ਹੈ। ਤੇਲ, ਲੂਣ, ਖੰਡ ਤੇ ਮਸਾਲਿਆਂ ਦੀ ਖਰੀਦ ਵਿਚ ਕਾਫੀ ਕਮੀ ਕੀਤੀ ਹੈ। ਪਿੰਡਾਂ ਵਿਚ 2017-18 ਵਿਚ ਭੋਜਨ 'ਤੇ ਮਾਸਕ ਖਰਚ ਔਸਤਨ 580 ਰੁਪਏ ਹੋਇਆ, ਜਿਹੜਾ 2011-12 ਦੇ 643 ਰੁਪਏ ਦੇ ਮੁਕਾਬਲੇ 10 ਫੀਸਦੀ ਘੱਟ ਹੈ। ਸ਼ਹਿਰਾਂ ਵਿਚ ਇਹ ਔਸਤ 946 ਰੁਪਏ ਦੇ ਮੁਕਾਬਲੇ 949 ਰੁਪਏ ਰਹੀ, ਯਾਨੀਕਿ ਸਿਰਫ ਤਿੰਨ ਰੁਪਏ ਦਾ ਵਾਧਾ।
ਇਹ ਜਾਣਕਾਰੀ ਬਿਜ਼ਨੈੱਸ ਸਟੈਂਡਰਡ ਅਖਬਾਰ ਵਿਚ ਛਪੀ ਹੈ, ਜਿਸ ਨੇ ਅੱੈਨ ਐੱਸ ਓ ਦੀ ਤਾਜ਼ਾ ਰਿਪੋਰਟ ਦਾ ਅਧਿਅਨ ਕੀਤਾ ਹੈ। ਇਹ ਸਰਵੇ ਐਨ ਐਸ ਓ ਨੇ ਜੁਲਾਈ 2017 ਤੋਂ ਲੈ ਕੇ ਜੂਨ 2018 ਤੱਕ ਕੀਤਾ ਸੀ।
ਇਸ ਦੀ ਰਿਪੋਰਟ 19 ਜੂਨ 2019 ਨੂੰ ਜਾਰੀ ਕੀਤੀ ਜਾਣੀ ਸੀ, ਪਰ ਮਾੜੇ ਅੰਕੜਿਆਂ ਕਾਰਨ ਐੱਨ ਅੱੈਸ ਓ ਨੇ ਇਸ ਨੂੰ ਫਿਲਹਾਲ ਜਾਰੀ ਨਹੀਂ ਕੀਤਾ।
ਵਰਨਣਯੋਗ ਹੈ ਕਿ ਖਪਤਕਾਰ ਖਰਚ ਦੀ ਸੀਮਾ ਵਿਚ ਗਿਰਾਵਟ ਦੇ ਨਾਲ-ਨਾਲ ਸਨਅਤੀ ਉਤਪਾਦਨ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੰਕੜਾ ਮੰਤਰਾਲੇ ਵੱਲੋਂ ਹਾਲ ਹੀ ਵਿਚ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਵਿਚ ਸਨਅਤੀ ਉਤਪਾਦਨ ਵਿਚ ਪਿਛਲੇ 8 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top