Dailyhunt Logo
  • Light mode
    Follow system
    Dark mode
    • Play Story
    • App Story
ਖਿਡਾਰੀਆਂ ਦੀ ਮਿਹਨਤ ਦਾ ਮੁੱਲ ਪਾਇਆ

ਖਿਡਾਰੀਆਂ ਦੀ ਮਿਹਨਤ ਦਾ ਮੁੱਲ ਪਾਇਆ

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ, ਕ੍ਰਿਸ਼ਨ ਗਰਗ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਪੰਜਾਬ ਦੇ ਇਤਿਹਾਸ ਵਿੱਚ ਵੱਡੇ ਖੇਡ ਸਮਾਗਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ 87 ਖਿਡਾਰੀਆਂ ਅਤੇ 1,070 ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡਾਂ ਤੋਂ ਲੈ ਕੇ ਅੰਤਰਰਾਸ਼ਟਰੀ ਖੇਡ ਮੈਦਾਨਾਂ ਤੱਕ ਸੂਬੇ ਵਿੱਚ ਖੇਡਾਂ ਲਈ ਵਿਆਪਕ ਐਲਾਨ ਕੀਤਾ।

ਪੰਜਾਬ ਨੂੰ ਉੱਭਰਦੀ ਖੇਡ ਸ਼ਕਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ਼ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਮੈਡਲ ਜੇਤੂਆਂ ਨੂੰ 1-1 ਕਰੋੜ ਰੁਪਏ ਨਾਲ ਸਨਮਾਨਤ ਕੀਤਾ, ਸਗੋਂ 9 ਖਿਡਾਰੀਆਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਪਹਿਲੀ ਵਾਰ ਟੂਰਨਾਮੈਂਟ ਦੀ ਤਿਆਰੀ ਲਈ 220 ਖਿਡਾਰੀਆਂ ਨੂੰ 8.61 ਕਰੋੜ ਰੁਪਏ ਦੀ ਸਿੱਧੇ ਬੈਂਕ ਖਾਤਿਆਂ ਰਾਹੀਂ ਵਿੱਤੀ ਸਹਾਇਤਾ ਦਿੱਤੀ ਗਈ। ਸੈਕਟਰ-35 ਵਿੱਚ ਮਿਊਂਸਪਲ ਭਵਨ ਵਿਖੇ ਸਮਾਗਮ ਦੌਰਾਨ ਖੇਡਾਂ ਦੇ ਖੇਤਰ ਵਿੱਚ ਨਿਰਣਾਇਕ ਬਦਲਾਅ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸਾਲ 2026-27 ਲਈ 1,763 ਕਰੋੜ ਰੁਪਏ ਦੇ ਇਤਿਹਾਸਕ ਖੇਡ ਬਜਟ ਅਤੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਤ ਕਰਨ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ ਅਤੇ ਇਕ ਨਵੰਬਰ ਨੂੰ ਪੰਜਾਬ ਦਿਵਸ 'ਤੇ ਭਾਰਤ-ਪਾਕਿਸਤਾਨ ਦਰਮਿਆਨ ਗਹਿਗੱਚ ਮੁਕਾਬਲਾ ਹੋਵੇਗਾ। ਪਿਛਲੀਆਂ ਸਰਕਾਰਾਂ 'ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਲਈ ਅਣਗਿਣਤ ਚੈਂਪੀਅਨ ਪੈਦਾ ਕਰਨ ਦੇ ਬਾਵਜੂਦ ਪਹਿਲਾਂ ਕਦੇ ਵੀ ਕਿਸੇ ਵੱਡੇ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਸੀ।
ਸ਼ਾਨਦਾਰ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਪੰਜਾਬ ਲਈ ਇਤਿਹਾਸਕ ਪਲ ਹੈ ਕਿਉਂਕਿ 87 ਖਿਡਾਰੀਆਂ ਨੂੰ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜਦੋਂ ਕਿ ਵੱਖ-ਵੱਖ ਖੇਡਾਂ ਦੇ 1,070 ਮੈਡਲ ਜੇਤੂ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਉਨ੍ਹਾ ਕਿਹਾ—ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰ ਨੇ ਖਿਡਾਰੀਆਂ ਵਿੱਚ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਹੈ। ਮੁੱਖ ਮੰਤਰੀ ਨੇ ਕਿਹਾ ਪੰਜਾਬ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀਆਂ ਪ੍ਰਾਪਤੀਆਂ ਰਾਹੀਂ ਦੇਸ਼ ਅਤੇ ਸੂਬੇ ਦਾ ਬਹੁਤ ਮਾਣ ਵਧਾਇਆ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਈਏ ਅਤੇ ਇਹ ਯਕੀਨੀ ਬਣਾਈਏ ਕਿ ਉਨ੍ਹਾਂ ਨੂੰ ਉਹ ਸਤਿਕਾਰ, ਮਾਨਤਾ ਅਤੇ ਸਹਿਯੋਗ ਮਿਲੇ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਅਥਲੀਟਾਂ ਦੇ ਵਿਕਾਸ ਲਈ ਵਿੱਤੀ ਸਾਲ 2026-27 ਲਈ 1,763 ਕਰੋੜ ਰੁਪਏ ਦਾ ਰਿਕਾਰਡ ਖੇਡ ਬਜਟ ਅਲਾਟ ਕੀਤਾ ਹੈ। ਪਿੰਡਾਂ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਇਹ ਮੈਦਾਨ ਪਿੰਡਾਂ ਦੇ ਉੱਭਰਦੇ ਖਿਡਾਰੀਆਂ ਲਈ ਚਾਨਣਮੁਨਾਰਾ ਬਣਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਐਸੋਸੀਏਸ਼ਨਾਂ 'ਤੇ ਪਹਿਲਾਂ ਸਿਆਸੀ ਤੌਰ 'ਤੇ ਜੁੜੇ ਵਿਅਕਤੀਆਂ ਦਾ ਦਬਦਬਾ ਸੀ, ਪਰ ਪੰਜਾਬ ਸਰਕਾਰ ਨੇ ਉਸ ਰੁਝਾਨ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਮੈਰਿਟ ਦੇ ਅਧਾਰ 'ਤੇ ਆਮ ਖਿਡਾਰੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।ਚੋਟੀ ਦੇ ਸਨਮਾਨਤ ਖਿਡਾਰੀਆਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਵਿਸ਼ਵ ਕੱਪ ਜਿੱਤ ਲਈ ਡੇਢ-ਡੇਢ ਕਰੋੜ ਰੁਪਏ ਨਾਲ ਸਨਮਾਨਤ ਕੀਤਾ। ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਜੇਤੂ ਅਮਨਪ੍ਰੀਤ ਸਿੰਘ ਨੂੰ 1.54 ਕਰੋੜ ਰੁਪਏ ਅਤੇ ਨੀਰਜ ਕੁਮਾਰ ਨੂੰ 1.52 ਕਰੋੜ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ, ਜਦੋਂ ਕਿ ਕਿਰਨਦੀਪ ਕੌਰ ਅਤੇ ਕ੍ਰਿਤਿਕਾ ਸ਼ਰਮਾ ਨੇ 50-50 ਲੱਖ ਰੁਪਏ ਪ੍ਰਾਪਤ ਕੀਤੇ।ਉੱਭਰਦੇ ਨਿਸ਼ਾਨੇਬਾਜ਼ ਵਿਜੇਵੀਰ ਸਿੱਧੂ ਨੂੰ 28.50 ਲੱਖ ਰੁਪਏ ਨਾਲ ਸਨਮਾਨਤ ਕੀਤਾ ਗਿਆ, ਵੁਸ਼ੂ ਖਿਡਾਰੀ ਕੁਸ਼ਲ ਕੁਮਾਰ ਨੇ 25 ਲੱਖ ਰੁਪਏ ਪ੍ਰਾਪਤ ਕੀਤੇ, ਜਦੋਂ ਕਿ ਪੈਰਾ-ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨ ਪਰਮਜੀਤ ਕੁਮਾਰ ਨੂੰ ਉਸ ਦੀਆਂ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਾਪਤੀਆਂ ਲਈ 55 ਲੱਖ ਰੁਪਏ ਦਿੱਤੇ ਗਏ।
ਉਨ੍ਹਾ ਕਿਹਾ ਕਿ ਸਾਲ 2018-19 ਦੇ ਐਵਾਰਡ ਜੇਤੂਆਂ ਵਿੱਚ ਹਾਕੀ ਖਿਡਾਰੀ ਰਮਨਦੀਪ ਸਿੰਘ, ਜੂਡੋ ਖਿਡਾਰੀ ਕਿਰਨਜੀਤ ਸਿੰਘ, ਕਬੱਡੀ ਖਿਡਾਰੀ ਹਰਵਿੰਦਰ ਕੌਰ, ਰੋਇੰਗ ਖਿਡਾਰੀ ਜਸਪ੍ਰੀਤ ਸਿੰਘ, ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ, ਵੇਟ ਲਿਫਟਰ ਪ੍ਰਦੀਪ ਸਿੰਘ, ਪਹਿਲਵਾਨ ਹਰਪ੍ਰੀਤ ਸਿੰਘ ਅਤੇ ਤੈਰਾਕ ਚਾਹਤ ਅਰੋੜਾ ਸ਼ਾਮਲ ਸਨ।ਉਨ੍ਹਾ ਕਿਹਾ ਕਿ ਸਾਲ 2020 ਵਿੱਚ ਤੀਰਅੰਦਾਜ਼ੀ ਵਿੱਚ ਸੰਗਮਪ੍ਰੀਤ ਸਿੰਘ ਬਿਸਲਾ, ਅਥਲੈਟਿਕਸ ਵਿੱਚ ਟਵਿੰਕਲ ਚੌਧਰੀ, ਬੇਸਬਾਲ ਵਿੱਚ ਵੀਰਪਾਲ, ਬਾਸਕਟਬਾਲ ਵਿੱਚ ਅੰਮ੍ਰਿਤਪਾਲ ਸਿੰਘ, ਕਾਏਕਿੰਗ ਤੇ ਕੈਨੋਇੰਗ ਵਿੱਚ ਅਵਤਾਰ ਸਿੰਘ, ਸਾਈਕਲਿੰਗ ਵਿੱਚ ਅਮਰਜੀਤ ਸਿੰਘ, ਫੈਂਸਿੰਗ ਵਿੱਚ ਇਨਾ ਅਰੋੜਾ ਅਤੇ ਹੈਂਡਬਾਲ ਵਿੱਚ ਹਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਉਹਨਾ ਕਿਹਾ ਕਿ 2021 ਦੇ ਤੀਰਅੰਦਾਜ਼ੀ ਚੈਂਪੀਅਨ ਸੁਖਬੀਰ ਸਿੰਘ, ਐਥਲੀਟ ਕਿਰਪਾਲ ਸਿੰਘ, ਬੇਸਬਾਲ ਖਿਡਾਰੀ ਅਮਨਜੀਤ ਕੌਰ ਬੈਂਸ, ਕਾਏਕਿੰਗ ਖਿਡਾਰੀ ਪ੍ਰਿਅੰਕਾ ਦੇਵੀ, ਸਾਈਕਲ ਸਵਾਰ ਨਮਨ ਕਪਿਲ, ਫੈਂਸਰ ਉਦੈਵੀਰ ਸਿੰਘ ਅਤੇ ਹੈਂਡਬਾਲ ਖਿਡਾਰੀ ਮਨਦੀਪ ਕੌਰ ਨੂੰ ਸਨਮਾਨਤ ਕੀਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਅਰਜੁਨ ਐਵਾਰਡੀਆਂ ਅਤੇ ਓਲੰਪਿਕ ਹਾਕੀ ਸਿਤਾਰਿਆਂ ਨੂੰ ਵਿਸ਼ੇਸ਼ ਸ਼੍ਰੇਣੀ ਸਮਰਪਤ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬ ਵਿੱਚ ਉੱਚ ਸਰਕਾਰੀ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਹਨ। ਇਸ ਸਨਮਾਨਤ ਗਰੁੱਪ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਓਲੰਪਿਕ ਤਗਮਾ ਜੇਤੂ ਗੁਰਜੰਟ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਸ਼ਾਮਲ ਹਨ, ਜੋ ਦੋਵੇਂ ਪੀ.ਸੀ.ਐਸ. ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ। ਓਲੰਪਿਕ ਹਾਕੀ ਸਿਤਾਰਿਆਂ ਮਨਦੀਪ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਅਤੇ ਦਿਲਪ੍ਰੀਤ ਸਿੰਘ, ਨੂੰ ਵੀ ਸਨਮਾਨਤ ਕੀਤਾ, ਜੋ ਪੰਜਾਬ ਪੁਲਸ ਵਿੱਚ ਡੀ ਐੱਸ ਪੀ ਵਜੋਂ ਸੇਵਾ ਨਿਭਾ ਰਹੇ ਹਨ। ਪੰਜਾਬ ਦੀ ਪਹਿਲੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਨੂੰ ਵੀ ਵਿਸ਼ੇਸ਼ ਸਨਮਾਨਤ ਕੀਤਾ ਗਿਆ। ਸਨਮਾਨਤ ਕੀਤੇ ਗਏ ਪ੍ਰਮੁੱਖ ਪੈਰਾ-ਐਥਲੀਟਾਂ ਵਿੱਚ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਮੁਹੰਮਦ ਯਾਸਰ, ਤੈਰਾਕ ਵੈਭਵ ਰਾਜੋਰੀਆ, ਪਹਿਲਵਾਨ ਸੁਰੇਂਦਰ ਕੰਬੋਜ, ਪੈਰਾ-ਬੈਡਮਿੰਟਨ ਖਿਡਾਰੀ ਪਲਕ ਕੋਹਲੀ ਅਤੇ ਪੈਰਾ-ਪਾਵਰ ਲਿਫਟਰ ਪਰਮਜੀਤ ਕੁਮਾਰ ਸ਼ਾਮਲ ਹਨ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana