ਕੋਲਕਾਤਾ : ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਅਤੇ ਐੱਨ ਆਰ ਸੀ ਖਿਲਾਫ਼ ਦੇਸ਼ ਭਰ 'ਚ ਵਿਦਿਆਰਥੀ, ਨਾਗਰਿਕ, ਸਮਾਜ ਦੇ ਲੋਕ ਅਤੇ ਔਰਤਾਂ ਦਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੇ ਸ਼ਾਹੀਨ ਬਾਗ 'ਚ ਔਰਤਾਂ ਦੇ ਧਰਨੇ ਨੂੰ ਹਟਾਉਣ ਅਤੇ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਇਸ ਦੌਰਾਨ ਦੇਸ਼ ਦੇ ਕਈ ਇਲਾਕਿਆਂ 'ਚ ਸ਼ਾਹੀਨ ਬਾਗ ਵਰਗੇ ਮੋਰਚੇ ਖੁੱਲ੍ਹ ਗਏ ਹਨ। ਕੋਲਕਾਤਾ 'ਚ ਔਰਤਾਂ 7 ਜਨਵਰੀ ਤੋਂ ਪਾਰਕ ਸਰਕਾਰ ਮੈਦਾਨ 'ਚ ਧਰਨਾ ਦੇ ਰਹੀਆਂ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੇ ਹੱਕ 'ਚ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਉਹ ਇੱਥੋਂ ਨਹੀਂ ਉਠਣਗੀਆਂ। ਇਹ ਵਿਰੋਧ ਪ੍ਰਦਰਸ਼ਨ ਦਿੱਲੀ ਦੇ ਸ਼ਾਹੀਨ ਬਾਗ 'ਚ ਹੋ ਰਹੇ ਧਰਨਾ ਪ੍ਰਦਰਸ਼ਨ ਦੀ ਤਰ੍ਹਾਂ ਹੀ ਹੈ। ਇਸ ਪ੍ਰਦਰਸ਼ਨ 'ਚ ਕੰਮਕਾਜੀ ਔਰਤਾਂ ਤੋਂ ਲੈ ਕੇ ਆਮ ਘਰੇਲੂ ਔਰਤਾਂ ਵੀ ਹਿੱਸਾ ਲੈ ਰਹੀਆਂ ਹਨ।