Monday, 20 Jan, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਲਖਨਊ 'ਚ ਪੁਲਸ ਪ੍ਰੋਟੈੱਸਟਰ ਬੀਬੀਆਂ ਦੇ ਕੰਬਲ ਤੇ ਖਾਣਾ ਚੁੱਕ ਕੇ ਲੈ ਗਈ, ਧੂਣੀ 'ਤੇ ਪਾਣੀ ਪਾ ਦਿੱਤਾ

ਲਖਨਊ : ਕਿਸੇ ਵੀ ਕਿਸਮ ਦੀ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਪੁਲਸ ਨੇ ਗਣਤੰਤਰ ਦਿਵਸ ਤੇ ਡਿਫੈਂਸ ਐਕਸਪੋ ਦੇ ਨਾਂਅ 'ਤੇ ਸ਼ਨੀਵਾਰ ਰਾਜਧਾਨੀ ਵਿਚ ਦਫਾ 144 ਲਾਈ, ਪਰ ਵਰਤਿਆ ਇਸ ਨੂੰ ਸੀ ਏ ਏ ਦਾ ਵਿਰੋਧ ਕਰ ਰਹੀਆਂ ਬੀਬੀਆਂ ਦੇ ਖਿਲਾਫ। ਪੁਲਸ ਕਮਿਸ਼ਨਰ ਸੁਜੀਤ ਪਾਂਡੇ ਨੇ ਕਿਹਾ ਕਿ ਆਉਂਦੇ ਹਫਤਿਆਂ ਵਿਚ ਅਮਨ-ਕਾਨੂੰਨ ਬਹਾਲ ਰੱਖਣ ਲਈ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।
ਨਾਗਰਿਕਤਾ ਕਾਨੂੰਨ ਖਿਲਾਫ ਰੂਮੀ ਗੇਟ ਕੋਲ ਘੰਟਾਘਰ ਵਿਖੇ ਚੱਲ ਰਿਹਾ ਪ੍ਰੋਟੈੱਸਟ ਦਿੱਲੀ ਦੇ ਸ਼ਾਹੀਨ ਬਾਗ ਦੇ ਪ੍ਰੋਟੈੱਸਟ ਵਾਂਗ ਤਕੜਾ ਹੋ ਗਿਆ ਹੈ ਤੇ ਪੁਲਸ ਦੇ ਜਤਨਾਂ ਦੇ ਬਾਵਜੂਦ ਬੀਬੀਆਂ ਉਥੋਂ ਹਿੱਲਣ ਲਈ ਤਿਆਰ ਨਹੀਂ। ਬੀਬੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਉਮਰ ਦਰਾਜ ਹਨ, ਨੇ ਕਿਹਾ ਕਿ ਪੁਲਸ ਵਾਲੇ ਸ਼ਨੀਵਾਰ ਰਾਤ ਉਨ੍ਹਾਂ ਦੇ ਕੰਬਲ, ਰਜਾਈਆਂ ਤੇ ਖਾਜਾ ਲੈ ਗਏ ਅਤੇ ਧੂਣੀ 'ਤੇ ਪਾਣੀ ਪਾ ਦਿੱਤਾ। ਇਸ ਬਾਰੇ ਵਾਇਰਲ ਹੋਈਆਂ ਵੀਡੀਓ ਵਿਚ ਪੁਲਸ ਵਾਲੇ ਅਫਰਾ-ਤਫਰੀ ਦਰਮਿਆਨ ਕੰਬਲ ਤੇ ਕੁਝ ਹੋਰ ਚੀਜ਼ਾਂ ਗੱਡੀ ਵਿਚ ਸੁੱਟਦੇ ਨਜ਼ਰ ਆ ਰਹੇ ਹਨ। ਪੁਲਸ ਕਮਿਸ਼ਨਰ ਨੇ ਇਸ ਦਾ ਖੰਡਨ ਕੀਤਾ ਹੈ। ਵੀਡੀਓ ਵਿਚ ਹੈਲਮਟ ਪਾਈ ਕੁਝ ਪੁਲਸ ਵਾਲੇ ਫੋਮ ਦੇ ਗੱਦੇ ਚੁੱਕਦੇ ਵੀ ਨਜ਼ਰ ਆ ਰਹੇ ਹਨ। ਇਕ ਬੀਬੀ ਉਨ੍ਹਾਂ ਪਿੱਛੇ ਭੱਜਦੀ ਚਿੱਲਾ ਰਹੀ ਹੈ ਕਿ ਤੁਸੀਂ ਕੰਬਲ ਕਿਉਂ ਲਿਜਾ ਰਹੇ ਹੋ। ਬੀਬੀਆਂ ਤੇ ਬੱਚਿਆਂ ਲਈ ਖਾਣ ਵਾਲੀਆਂ ਚੀਜ਼ਾਂ ਲੈ ਕੇ ਪੁੱਜੇ ਇਕ ਸਿੱਖ ਨੇ ਕਿਹਾ ਕਿ ਕੁਝ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਹੋਰਨਾਂ ਨੇ ਜਾਣ ਦਿੱਤਾ। ਉਹ ਮਾਨਵਤਾ ਦੇ ਨਾਂਅ 'ਤੇ ਇਹ ਸੇਵਾ ਕਰਨ ਆਏ ਸਨ। ਸ਼ੁੱਕਰਵਾਰ ਕੋਈ 50 ਕੁ ਬੀਬੀਆਂ ਧਰਨੇ 'ਤੇ ਬੈਠੀਆਂ ਸਨ, ਪਰ ਸ਼ਨੀਵਾਰ ਧਰਨਾ ਭੀੜ ਦਾ ਰੂਪ ਲੈ ਗਿਆ। ਉਨ੍ਹਾਂ ਕਿਹਾ ਕਿ ਉਹ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ। ਕੰਬਲ ਲਪੇਟੀ ਬੈਠੀ 72 ਸਾਲ ਦੀ ਰੁਬੀਆ ਨੇ ਕਿਹਾ, ' ਅਸੀਂ ਗਣਤੰਤਰ ਦਿਵਸ ਜਾਂ ਡਿਫੈਂਸ ਵਿਚ ਵਿਘਨ ਨਹੀਂ ਪਾ ਰਹੇ। ਸੀ ਏ ਏ ਤੇ ਐੱਨ ਆਰ ਸੀ ਵਾਪਸ ਲੈਣ ਤੱਕ ਅਸੀਂ ਇਕ ਇੰਚ ਪਿੱਛੇ ਨਹੀਂ ਹਟਣਾ। ਮੇਰੇ ਮਾਂ-ਪਿਓ ਤੇ ਦਾਦਾ-ਦਾਦੀ ਭਾਰਤ ਵਿਚ ਪੈਦਾ ਹੋਏ, ਪਰ ਸਰਕਾਰ ਨੂੰ ਦਿਖਾਉਣ ਲਈ ਉਹ ਕੋਈ ਕਾਗਜ਼ ਛੱਡ ਕੇ ਨਹੀਂ ਗਏ। ਅਸੀਂ ਆਪਣੇ ਬੱਚਿਆਂ ਸਮੇਤ ਇਥੇ ਆਏ ਹਾਂ ਤੇ ਇਹ ਸਾਡੇ ਹੱਕਾਂ ਦੀ ਲੜਾਈ ਹੈ।' 75 ਸਾਲ ਦੀ ਇਸ਼ਤ ਜਹਾਂ ਨੇ ਕਿਹਾ ਕਿ ਉਹ ਆਪਣੇ ਭਤੀਜੇ ਤੇ ਹੋਰਨਾਂ ਦੀ ਹਮਾਇਤ ਵਿਚ ਪ੍ਰੋਟੈੱਸਟ 'ਤੇ ਆਈ ਹੈ, ਜਿਨ੍ਹਾਂ ਨੂੰ 19 ਦਸੰਬਰ ਨੂੰ ਸੀ ਏ ਏ ਖਿਲਾਫ ਪ੍ਰੋਟੈੱਸਟ ਹਿੰਸਕ ਹੋਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਸ਼ਹਾਬ, ਜਿਸ ਦੀ ਮਾਂ ਤੇ ਤਿੰਨ ਭੈਣਾਂ ਧਰਨੇ 'ਤੇ ਬੈਠੀਆਂ ਹਨ, ਨੇ ਕਿਹਾ ਕਿ ਪੁਲਸ ਵਾਲਿਆਂ ਨੇ ਉਨ੍ਹਾਂ ਦੇ ਵਹੀਕਲ ਪੈਂਚਰ ਕਰ ਦਿੱਤੇ, ਚਲਾਨ ਕੱਟ ਦਿੱਤੇ ਅਤੇ ਰੇਹੜੀਆਂ ਵਾਲਿਆਂ ਨੂੰ ਦੌੜਾ ਦਿੱਤਾ, ਪਰ ਉਹ ਹਰ ਕਿਸਮ ਦੇ ਅੱਤਿਆਚਾਰ ਦਾ ਟਾਕਰਾ ਕਰਨ ਲਈ ਤਿਆਰ ਹਨ। ਪ੍ਰੋਟੈੱਸਟ ਸ਼ੁਰੂ ਮੁਸਲਿਮ ਬੀਬੀਆਂ ਤੇ ਬੱਚਿਆਂ ਨੇ ਕੀਤਾ ਸੀ, ਪਰ ਹੁਣ ਇਸ ਵਿਚ ਕਾਫੀ ਹਿੰਦੂ ਤੇ ਸਿੱਖ ਬੀਬੀਆਂ ਵੀ ਕੁੱਦ ਪਈਆਂ ਹਨ। ਮਹਾਤਮਾ ਗਾਂਧੀ, ਡਾ. ਬੀ ਆਰ ਅੰਬੇਡਕਰ ਤੇ ਭਗਤ ਸਿੰਘ ਦੇ ਪੋਸਟਰ ਫੜੀ ਬੀਬੀਆਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੀਆਂ ਹਨ ਤੇ ਰਾਮ ਪ੍ਰਸਾਦ ਬਿਸਮਿਲ ਦਾ ਤਰਾਨਾ 'ਸਰਫਰੋਸ਼ੀ ਕੀ ਤਮੰਨਾ' ਗਾ ਰਹੀਆਂ ਹਨ। ਮੁੰਡਿਆਂ ਦੀ ਡਿਊਟੀ ਖਾਣਾ, ਚਾਹ, ਰਜਾਈਆਂ ਤੇ ਗਰਮ ਕੱਪੜੇ ਲਿਆਉਣ ਦੀ ਲੱਗੀ ਹੋਈ ਹੈ। ਜ਼ਹੀਰ ਖਾਨ, ਜਿਸ ਦੀ ਮਾਂ ਤੇ ਚਾਚੀ ਧਰਨੇ ਵਿਚ ਸ਼ਾਮਲ ਹਨ, ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਤੋੜਨ ਦਾ ਹਰ ਹਰਬਾ ਵਰਤਿਆ। ਉਨ੍ਹਾਂ ਬਿਜਲੀ ਕੱਟ ਦਿੱਤੀ ਤੇ ਪਬਲਿਕ ਟਾਇਲਟਾਂ ਨੂੰ ਜਿੰਦਰੇ ਲਾ ਦਿੱਤੇ। ਉਹ ਆਦਮੀਆਂ ਤੇ ਨੌਜਵਾਨਾਂ ਨੂੰ ਆਉਣ ਤੋਂ ਰੋਕ ਰਹੇ ਹਨ, ਪਰ ਉਨ੍ਹਾਂ ਦੀ ਗੱਲ ਬਣ ਨਹੀਂ ਰਹੀ।
ਉੱਘੇ ਸ਼ਾਇਰ ਮੁਨੱਵਰ ਰਾਣਾ ਦੀ ਧੀ ਫੌਜ਼ੀਆ ਨੇ ਕਿਹਾ, 'ਅਸੀਂ ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਪ੍ਰੋਟੈੱਸਟ ਸ਼ੁਰੂ ਕੀਤਾ ਤੇ ਇਹ ਬੇਮਿਆਦੀ ਹੈ। ਇਥੇ ਕੰਮਕਾਜੀ ਬੀਬੀਆਂ, ਘਰੇਲੂ ਬੀਬੀਆਂ ਤੇ ਵਿਦਿਆਰਥਣਾਂ ਬੈਠੀਆਂ ਹਨ।
ਸਾਨੂੰ ਬੀਬੀਆਂ ਨੂੰ ਇਸ ਕਰਕੇ ਬੈਠਣਾ ਪਿਆ, ਕਿਉਂਕਿ 19 ਦਸੰਬਰ ਦੇ ਪ੍ਰੋਟੈੱਸਟ ਦੌਰਾਨ ਪੁਲਸ ਨੇ ਮਰਦਾਂ 'ਤੇ ਬਹੁਤ ਤਸ਼ੱਦਦ ਕੀਤਾ ਸੀ। ਘੱਟੋ-ਘੱਟ ਪੁਲਸ ਬੀਬੀਆਂ 'ਤੇ ਹਮਲਾ ਕਰਨ ਤੋਂ ਪਹਿਲਾਂ ਸੋਚੇਗੀ।'
ਏ ਡੀ ਸੀ ਪੀ ਵਿਕਾਸ ਤ੍ਰਿਪਾਠੀ ਨੇ ਪਹਿਲਾਂ ਤਾਂ ਖੰਡਨ ਕੀਤਾ, ਪਰ ਨੁਕਤਾਚੀਨੀ ਵਧਣ 'ਤੇ ਮੰਨਿਆ ਕਿ ਕਾਨੂੰਨੀ ਢੰਗ ਨਾਲ ਕੰਬਲ ਚੁੱਕੇ ਗਏ ਹਨ, ਕਿਉਂਕਿ ਮਨਾਹੀ ਦੇ ਹੁਕਮਾਂ ਕਾਰਨ ਜ਼ਿਆਦਾ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਸਕਦਾ।
ਪੁਲਸ ਨੇ ਉਨ੍ਹਾਂ ਨੂੰ ਟੈਂਟ ਗੱਡਣ ਤੋਂ ਰੋਕਿਆ, ਕਿਉਂਕਿ ਇਹ ਥਾਂ ਧਰਨੇ ਦੇਣ ਲਈ ਨਿਸਚਿਤ ਨਹੀਂ ਹੈ। ਪੁਲਸ ਨੇ ਇਹ ਵੀ ਕਿਹਾ ਕਿ ਕੁਝ ਗਰੁੱਪ ਕੰਬਲ ਵੰਡਣ ਆਏ ਸਨ ਤੇ ਕਈ ਲੋਕ ਪ੍ਰੋਟੈੱਸਟ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਕੰਬਲ ਲੈਣ ਆ ਗਏ ਸਨ, ਜਿਨ੍ਹਾਂ ਨੂੰ ਭਜਾਇਆ ਗਿਆ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top