Monday, 20 Jan, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਲੁਧਿਆਣਾ 'ਚ ਹਜ਼ਾਰਾਂ ਔਰਤਾਂ ਨੇ ਸੀ ਏ ਏ ਖਿਲਾਫ ਕੀਤਾ ਰੋਸ ਪ੍ਰਦਰਸ਼ਨ

to

ਲੁਧਿਆਣਾ (ਐੱਮ ਐੱਸ ਭਾਟੀਆ/
ਰੈਕਟਰ ਕਥੂਰੀਆ)
ਮਹਾਨਗਰ ਦੀਆਂ ਵਸਨੀਕ ਹਜ਼ਾਰਾਂ ਮਾਵਾਂ, ਭੈਣਾਂ, ਧੀਆਂ ਨੇ ਕੇਂਦਰ ਸਰਕਾਰ ਵੱਲੋਂ ਸੀ.ਏ.ਏ. ਦੇ ਨਾਂਅ 'ਤੇ ਬਣਾਏ ਗਏ ਕਾਲੇ ਕਾਨੂੰਨ ਖਿਲਾਫ ਜ਼ਬਰਦਸ਼ਤ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਬਰਾਉਣ ਰੋਡ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ ਤੋਂ ਹੁੰਦੇ ਹੋਏ ਇਤਿਹਾਸਕ ਜਾਮਾ ਮਸਜਿਦ ਤੱਕ ਪੈਦਲ ਰੋਸ ਮਾਰਚ ਕੱਢਿਆ। ਮੰਚ ਦਾ ਸੰਚਾਲਨ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕੀਤਾ। ਇਸ ਮੌਕੇ ਮੰਚ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਨੇਤਾ ਕਨੂੰ ਪ੍ਰਿਆ, ਫਤਹਿ ਚੈਨਲ ਦੀ ਸਰਦਾਰਨੀ ਨਵਦੀਪ ਕੌਰ ਸਮੇਤ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਦਲਿਤ ਸਮਾਜ ਦੀਆਂ ਭੈਣਾਂ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ। ਮੰਚ 'ਤੇ ਰਹਿਨੁਮਾ ਖਾਤੂਨ ਨੇ ਫੈਜ਼ ਅਹਿਮਦ ਫੈਜ਼ ਦੀ ਨਜ਼ਮ ਹਮ ਦੇਖੇਂਗੇ ਪੜ੍ਹੀ ਅਤੇ ਨਸਰੀਨ ਸੁਲਤਾਨ ਨੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ 'ਤੇ ਜੰਮ ਕੇ ਪ੍ਰਹਾਰ ਕੀਤਾ। ਹਲੀਮਾ ਅੰਸਾਰੀ ਅਤੇ ਗੁਲ ਅਫਸ਼ਾ ਨੇ ਕਵਿਤਾ ਇਹ ਦੇਸ਼ ਹਮਾਰਾ ਹੈ ਪੇਸ਼ ਕੀਤੀ।
ਹਜ਼ਾਰਾਂ ਔਰਤਾਂ ਨੇ ਹੱਥਾਂ ਵਿੱਚ ਸੀ.ਏ.ਏ. ਅਤੇ ਐੱਨ.ਆਰ.ਸੀ. ਖਿਲਾਫ ਪਲੇ ਬੋਰਡ ਚੁੱਕੇ ਹੋਏ ਸਨ, ਪਲੇ ਬੋਰਡਾਂ 'ਤੇ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਭਾਈ-ਭਾਈ ਅਤੇ ਇੱਕ ਭਾਰਤ ਅਤੁੱਟ ਭਾਰਤ, ਪਿਆਰਾ ਭਾਰਤ ਵਰਗੇ ਸਦਭਾਵਨਾ ਦੇ ਸੰਦੇਸ਼ ਵੀ ਲਿਖੇ ਨਜ਼ਰ ਆਏ। ਇਸ ਮੌਕੇ ਕਨੂੰ ਪ੍ਰਿਆ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਫਿਰਕਾਪ੍ਰਸਤ ਤਾਕਤਾਂ ਤੋੜਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਾਵਾਂ, ਭੈਣਾਂ, ਧੀਆਂ ਕੇਂਦਰ ਦੀ ਮੋਦੀ ਸਰਕਾਰ ਦੇ ਨਾਪਾਕ ਮਨਸੂਬੇ ਕਾਇਮ ਨਹੀਂ ਹੋਣ ਦੇਣਗੀਆਂ। ਉਨ੍ਹਾਂ ਕਿਹਾ ਕਿ ਰੋਟੀ, ਕੱਪੜਾ, ਮਕਾਨ ਦਾ ਵਾਅਦਾ ਕਰਨ ਵਾਲੇ ਅੱਜ ਦੇਸ਼ ਵਿੱਚ ਆਪਣੀ ਹੀ ਜਨਤਾ ਤੋਂ ਨਾਗਰਿਕਤਾ ਦਾ ਪ੍ਰਮਾਣ ਮੰਗ ਰਹੇ ਹਨ। ਲੁਧਿਆਣਾ ਵਿੱਚ ਅੱਜ ਪਹਿਲੀ ਵਾਰ ਔਰਤਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਮੋਦੀ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਕਰੀਬ ਤਿੰਨ ਘੰਟੇ ਤੱਕ ਵਿਰੋਧ ਰੈਲੀ ਕਰਨ ਤੋਂ ਬਾਅਦ ਬਰਾਉਣ ਰੋਡ, ਸੁਭਾਨੀ ਬਿਲਡਿੰਗ ਤੋਂ ਹੁੰਦੇ ਹੋਏ ਜਾਮਾ ਮਸਜਿਦ ਤੱਕ ਰੋਸ ਮਾਰਚ ਕੱਢਿਆ ਅਤੇ ਉੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਾਵੀ ਨੂੰ ਆਪਣੇ ਖੂਨ ਨਾਲ ਲਿਖਿਆ ਅਹਿਦਨਾਮਾ (ਮੰਗ ਪੱਤਰ) ਪੇਸ਼ ਕੀਤਾ। ਮੰਗ ਪੱਤਰ ਵਿੱਚ ਮਾਵਾਂ, ਭੈਣਾਂ, ਧੀਆਂ ਨੇ ਲਿਖਿਆ ਕਿ ਉਹ ਆਪਣੇ ਖੂਨ ਦੇ ਆਖਿਰੀ ਕਤਰੇ ਤੱਕ ਸੰਵਿਧਾਨ ਨੂੰ ਤੋੜਨ ਦੀ ਸਾਜ਼ਿਸ਼ ਤਹਿਤ ਬਣਾਏ ਗਏ ਕਾਲੇ ਕਾਨੂੰਨ ਖਿਲਾਫ ਵਿਰੋਧ ਕਰਦੀਆਂ ਰਹਿਣਗੀਆਂ। ਭਾਰਤ ਦੇਸ਼ ਦੀ ਜੰਗ-ਆਜ਼ਾਦੀ ਵਿੱਚ ਅਸੀਂ ਸਾਰੇ ਨਾਲ ਸੀ ਅਤੇ ਕੋਈ ਵੀ ਤਾਕਤ ਸਾਡਾ ਭਾਈਚਾਰਾ ਜੋ ਅਖੰਡਤਾ ਵਿੱਚ ਏਕਤਾ ਦਾ ਪ੍ਰਤੀਕ ਹੈ, ਨੂੰ ਤੋੜ ਨਹੀਂ ਸਕਦਾ। ਸ਼ਰਨਾਰਥੀ ਸਾਡੇ ਭੈਣ-ਭਰਾ ਹਨ, ਪਰ ਧਰਮ ਦੇ ਅਧਾਰ 'ਤੇ ਨਹੀਂ ਇਨਸਾਨੀਅਤ ਅਤੇ ਭਾਰਤੀ ਹੋਣ ਦੇ ਅਧਾਰ 'ਤੇ। ਸਰਕਾਰ ਸ਼ਰਨਾਰਥੀਆਂ ਦਾ ਸਹਾਰਾ ਲੈ ਕੇ ਦੇਸ਼ ਵਿੱਚ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ, ਇਸ ਨੂੰ ਕਦੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।
ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਧੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਸੱਤਾ ਵਿੱਚ ਹੁੰਦੇ ਹੋਏ ਵੀ ਉਨ੍ਹਾਂ ਨੂੰ ਆਪਣੇ ਬਣਾਏ ਕਾਲੇ ਕਾਨੂੰਨ ਦੇ ਹੱਕ ਵਿੱਚ ਰੈਲੀਆਂ ਕੱਢਣੀਆਂ ਪੈ ਰਹੀਆਂ ਹਨ ਅਤੇ ਉਹ ਸਿੱਧਾ ਜਨਤਾ ਨਾਲ ਗੱਲ ਕਰਨ ਤੋਂ ਡਰ ਰਹੇ ਹਨ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top